17ਇਹ ਯਾਹਵੇਹ ਸਾਡਾ ਪਰਮੇਸ਼ਵਰ ਹੀ ਸੀ ਜਿਸ ਨੇ ਸਾਨੂੰ ਅਤੇ ਸਾਡੇ ਮਾਤਾ-ਪਿਤਾ ਨੂੰ ਮਿਸਰ ਤੋਂ, ਉਸ ਗੁਲਾਮੀ ਦੇ ਦੇਸ਼ ਵਿੱਚੋਂ ਬਾਹਰ ਲਿਆਂਦਾ ਅਤੇ ਸਾਡੀਆਂ ਅੱਖਾਂ ਦੇ ਸਾਹਮਣੇ ਉਹ ਮਹਾਨ ਨਿਸ਼ਾਨ ਅਤੇ ਚਿੰਨ੍ਹ ਵਿਖਾਏ। ਉਸ ਨੇ ਸਾਡੀ ਸਾਰੀ ਯਾਤਰਾ ਦੌਰਾਨ ਅਤੇ ਉਨ੍ਹਾਂ ਸਾਰੀਆਂ ਕੌਮਾਂ ਵਿੱਚ ਸਾਡੀ ਰੱਖਿਆ ਕੀਤੀ ਜਿਨ੍ਹਾਂ ਵਿੱਚੋਂ ਅਸੀਂ ਯਾਤਰਾ ਕੀਤੀ ਸੀ।
18ਅਤੇ ਯਾਹਵੇਹ ਨੇ ਸਾਡੇ ਅੱਗੋਂ ਸਾਰੀਆਂ ਕੌਮਾਂ ਨੂੰ ਬਾਹਰ ਕੱਢ ਦਿੱਤਾ, ਜਿਨ੍ਹਾਂ ਵਿੱਚ ਅਮੋਰੀਆਂ ਵੀ ਸ਼ਾਮਲ ਸਨ, ਜਿਹੜੇ ਦੇਸ਼ ਵਿੱਚ ਰਹਿੰਦੇ ਸਨ। ਅਸੀਂ ਤਾਂ ਯਾਹਵੇਹ ਦੀ ਸੇਵਾ ਕਰਾਂਗੇ, ਕਿਉਂਕਿ ਉਹ ਸਾਡਾ ਪਰਮੇਸ਼ਵਰ ਹੈ।”
19ਯੇਹੋਸ਼ੁਆ ਨੇ ਲੋਕਾਂ ਨੂੰ ਆਖਿਆ, “ਤੁਸੀਂ ਯਾਹਵੇਹ ਦੀ ਸੇਵਾ ਕਰਨ ਦੇ ਯੋਗ ਨਹੀਂ ਹੋ ਕਿਉਂ ਜੋ ਉਹ ਇੱਕ ਪਵਿੱਤਰ ਪਰਮੇਸ਼ਵਰ ਹੈ; ਉਹ ਈਰਖਾਲੂ ਪਰਮੇਸ਼ਵਰ ਹੈ। ਉਹ ਤੁਹਾਡੀ ਬਗਾਵਤ ਅਤੇ ਤੁਹਾਡੇ ਪਾਪ ਮਾਫ਼ ਨਹੀਂ ਕਰੇਗਾ।
20ਜੇਕਰ ਤੁਸੀਂ ਯਾਹਵੇਹ ਨੂੰ ਤਿਆਗ ਕੇ ਦੂਜੇ ਦੇਵਤਿਆਂ ਦੀ ਉਪਾਸਨਾ ਕਰੋਗੇ, ਤਾਂ ਉਹ ਤੁਹਾਡੇ ਵਿਰੁੱਧ ਹੋ ਜਾਵੇਗਾ ਅਤੇ ਤੁਹਾਡੇ ਉੱਤੇ ਤਬਾਹੀ ਲਿਆਵੇਗਾ ਅਤੇ ਤੁਹਾਡਾ ਅੰਤ ਕਰ ਦੇਵੇਗਾ, ਭਾਵੇਂ ਉਸ ਨੇ ਹੁਣ ਤੱਕ ਤੁਹਾਡਾ ਭਲਾ ਹੀ ਕੀਤਾ ਹੈ।”
21ਪਰ ਲੋਕਾਂ ਨੇ ਯੇਹੋਸ਼ੁਆ ਨੂੰ ਆਖਿਆ, “ਨਹੀਂ! ਅਸੀਂ ਯਾਹਵੇਹ ਦੀ ਸੇਵਾ ਕਰਾਂਗੇ।”