1ਫਿਰ ਯੇਹੋਸ਼ੁਆ ਨੇ ਇਸਰਾਏਲ ਦੇ ਸਾਰੇ ਗੋਤਾਂ ਨੂੰ ਸ਼ੇਕੇਮ ਵਿੱਚ ਇਕੱਠਾ ਕੀਤਾ ਅਤੇ ਉਸਨੇ ਇਸਰਾਏਲ ਦੇ ਬਜ਼ੁਰਗਾਂ, ਆਗੂਆਂ, ਨਿਆਂਕਾਰਾਂ ਅਤੇ ਅਧਿਕਾਰੀਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਸਾਹਮਣੇ ਪੇਸ਼ ਕੀਤਾ।
2ਯੇਹੋਸ਼ੁਆ ਨੇ ਸਾਰੇ ਲੋਕਾਂ ਨੂੰ ਆਖਿਆ, “ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ, ‘ਅਬਰਾਹਾਮ ਅਤੇ ਨਾਹੋਰ ਦਾ ਪਿਤਾ ਤਾਰਹ ਸਮੇਤ ਤੁਹਾਡੇ ਪੁਰਖੇ ਬਹੁਤ ਸਮਾਂ ਪਹਿਲਾਂ ਫ਼ਰਾਤ ਨਦੀ ਦੇ ਪਾਰ ਰਹਿੰਦੇ ਸਨ ਅਤੇ ਹੋਰ ਦੇਵਤਿਆਂ ਦੀ ਪੂਜਾ ਕਰਦੇ ਸਨ।
3ਪਰ ਮੈਂ ਤੁਹਾਡੇ ਪਿਤਾ ਅਬਰਾਹਾਮ ਨੂੰ ਫ਼ਰਾਤ ਦੇ ਪਾਰ ਦੇ ਦੇਸ਼ ਤੋਂ ਲੈ ਗਿਆ ਅਤੇ ਕਨਾਨ ਵਿੱਚ ਉਸਦੀ ਅਗਵਾਈ ਕੀਤੀ ਅਤੇ ਉਸਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿੱਤੇ। ਮੈਂ ਉਸਨੂੰ ਇਸਹਾਕ ਦਿੱਤਾ,
4ਫਿਰ ਇਸਹਾਕ ਨੂੰ ਮੈਂ ਯਾਕੋਬ ਅਤੇ ਏਸਾਓ ਦਿੱਤੇ ਅਤੇ ਮੈਂ ਏਸਾਓ ਨੂੰ ਸੇਈਰ ਦਾ ਪਹਾੜੀ ਦੇਸ਼ ਸੌਂਪਿਆ, ਪਰ ਯਾਕੂਬ ਅਤੇ ਉਸਦਾ ਪਰਿਵਾਰ ਮਿਸਰ ਨੂੰ ਚਲਾ ਗਿਆ।
5“ ‘ਫਿਰ ਮੈਂ ਮੋਸ਼ੇਹ ਅਤੇ ਹਾਰੋਨ ਨੂੰ ਭੇਜਿਆ ਅਤੇ ਮੈਂ ਮਿਸਰੀਆਂ ਨੂੰ ਬਵਾ ਨਾਲ ਮਾਰਿਆਂ, ਇਹ ਕਰਨ ਤੋਂ ਬਾਅਦ ਮੈਂ ਤੁਹਾਨੂੰ ਬਾਹਰ ਕੱਢ ਲਿਆਇਆ।