7ਪਰ ਉਨ੍ਹਾਂ ਨੇ ਮਦਦ ਲਈ ਯਾਹਵੇਹ ਨੂੰ ਪੁਕਾਰਿਆ ਅਤੇ ਉਸਨੇ ਤੁਹਾਡੇ ਅਤੇ ਮਿਸਰੀਆਂ ਵਿਚਕਾਰ ਘੁੱਪ ਹਨੇਰਾ ਕਰ ਦਿੱਤਾ। ਉਸਨੇ ਸਮੁੰਦਰ ਨੂੰ ਉਨ੍ਹਾਂ ਦੇ ਉੱਪਰ ਲਿਆਂਦਾ ਅਤੇ ਜਿਸ ਨੇ ਉਨ੍ਹਾਂ ਨੂੰ ਢੱਕ ਲਿਆ। ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਮੈਂ ਮਿਸਰੀਆਂ ਨਾਲ ਕੀ ਕੀਤਾ ਸੀ। ਫ਼ੇਰ ਤੁਸੀਂ ਲੰਮਾ ਸਮਾਂ ਉਜਾੜ ਵਿੱਚ ਰਹੇ।
8“ ‘ਮੈਂ ਤੁਹਾਨੂੰ ਅਮੋਰੀਆਂ ਦੇ ਦੇਸ਼ ਵਿੱਚ ਲਿਆਇਆ ਜੋ ਯਰਦਨ ਦੇ ਪੂਰਬ ਵੱਲ ਰਹਿੰਦੇ ਸਨ। ਉਹ ਤੁਹਾਡੇ ਵਿਰੁੱਧ ਲੜੇ, ਪਰ ਮੈਂ ਉਨ੍ਹਾਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿੱਤਾ। ਮੈਂ ਉਨ੍ਹਾਂ ਨੂੰ ਤੁਹਾਡੇ ਸਾਹਮਣੇ ਤਬਾਹ ਕਰ ਦਿੱਤਾ ਅਤੇ ਤੁਸੀਂ ਉਨ੍ਹਾਂ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ।
9ਜਦੋਂ ਮੋਆਬ ਦੇ ਰਾਜੇ ਸਿੱਪੋਰ ਦੇ ਪੁੱਤਰ ਬਾਲਾਕ ਨੇ ਇਸਰਾਏਲ ਨਾਲ ਲੜਨ ਲਈ ਤਿਆਰ ਕੀਤਾ, ਤਾਂ ਉਸਨੇ ਬਓਰ ਦੇ ਪੁੱਤਰ ਬਿਲਆਮ ਨੂੰ ਤੁਹਾਡੇ ਉੱਤੇ ਸਰਾਪ ਦੇਣ ਲਈ ਭੇਜਿਆ।
10ਪਰ ਮੈਂ ਬਿਲਆਮ ਦੀ ਗੱਲ ਨਾ ਸੁਣੀ, ਇਸ ਲਈ ਉਸ ਨੇ ਤੁਹਾਨੂੰ ਬਾਰ-ਬਾਰ ਅਸੀਸ ਦਿੱਤੀ ਅਤੇ ਮੈਂ ਤੁਹਾਨੂੰ ਉਸ ਦੇ ਹੱਥੋਂ ਛੁਡਾ ਲਿਆ।
11“ ‘ਤੁਸੀਂ ਯਰਦਨ ਨਦੀ ਪਾਰ ਕਰਕੇ ਯਰੀਹੋ ਪਹੁੰਚੇ ਅਤੇ ਯਰੀਹੋ ਦੇ ਸਰਦਾਰ ਤੁਹਾਡੇ ਨਾਲ ਲੜੇ। ਇਨ੍ਹਾਂ ਤੋਂ ਇਲਾਵਾ ਅਮੋਰੀ, ਪਰਿੱਜ਼ੀ, ਕਨਾਨੀ, ਹਿੱਤੀ, ਗਿਰਗਾਸ਼ੀ, ਹਿੱਵੀਆਂ ਅਤੇ ਯਬੂਸੀ ਵੀ ਤੇਰੇ ਨਾਲ ਲੜੇ ਅਤੇ ਮੈਂ ਉਨ੍ਹਾਂ ਸਾਰਿਆਂ ਨੂੰ ਆਪਣੇ ਅਧੀਨ ਕਰ ਲਿਆ।