1ਤਦ ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ, “ਡਰੋ ਨਾ ਅਤੇ ਨਿਰਾਸ਼ ਨਾ ਹੋਵੋ। ਸਾਰੀ ਸੈਨਾਂ ਨੂੰ ਆਪਣੇ ਨਾਲ ਲੈ ਜਾਓ ਅਤੇ ਉੱਪਰ ਜਾ ਕੇ ਅਈ ਉੱਤੇ ਹਮਲਾ ਕਰੋ ਕਿਉਂ ਜੋ ਮੈਂ ਅਈ ਦੇ ਰਾਜੇ ਨੂੰ, ਉਸਦੇ ਲੋਕਾਂ ਨੂੰ, ਉਸਦੇ ਸ਼ਹਿਰ ਅਤੇ ਉਸਦੀ ਧਰਤੀ ਨੂੰ ਤੁਹਾਡੇ ਹੱਥ ਵਿੱਚ ਸੌਂਪ ਦਿੱਤਾ ਹੈ।
2ਤੁਸੀਂ ਅਈ ਅਤੇ ਉਸ ਦੇ ਰਾਜੇ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ ਯਰੀਹੋ ਅਤੇ ਉਸ ਦੇ ਰਾਜੇ ਨਾਲ ਕੀਤਾ ਸੀ, ਸਿਵਾਏ ਤੁਸੀਂ ਉਨ੍ਹਾਂ ਦੀ ਲੁੱਟ ਅਤੇ ਪਸ਼ੂ ਆਪਣੇ ਲਈ ਲੈ ਜਾਓ। ਸ਼ਹਿਰ ਦੇ ਪਿੱਛੇ ਇੱਕ ਘਾਤ ਲਗਾਓ।”
3ਇਸ ਲਈ ਯੇਹੋਸ਼ੁਆ ਅਤੇ ਸਾਰੀ ਸੈਨਾਂ ਅਈ ਉੱਤੇ ਹਮਲਾ ਕਰਨ ਲਈ ਨਿਕਲ ਗਈ। ਉਸਨੇ ਆਪਣੇ ਸਭ ਤੋਂ ਵਧੀਆ ਲੜਾਕੂਆਂ ਵਿੱਚੋਂ ਤੀਹ ਹਜ਼ਾਰ ਚੁਣੇ ਅਤੇ ਉਨ੍ਹਾਂ ਨੂੰ ਰਾਤ ਨੂੰ ਬਾਹਰ ਭੇਜ ਦਿੱਤਾ
4ਯੇਹੋਸ਼ੁਆ ਨੇ ਉਹਨਾਂ ਨੂੰ ਇਨ੍ਹਾਂ ਹੁਕਮਾਂ ਨਾਲ ਕਿਹਾ, “ਧਿਆਨ ਨਾਲ ਸੁਣੋ, ਤੁਹਾਨੂੰ ਸ਼ਹਿਰ ਦੇ ਪਿੱਛੇ ਇੱਕ ਘਾਤ ਲਾਉਣਾ ਹੈ। ਇਸ ਤੋਂ ਬਹੁਤ ਦੂਰ ਨਾ ਜਾਓ। ਤੁਸੀਂ ਸਾਰੇ ਸੁਚੇਤ ਰਹੋ।
5ਮੈਂ ਅਤੇ ਮੇਰੇ ਨਾਲ ਦੇ ਸਾਰੇ ਸ਼ਹਿਰ ਉੱਤੇ ਅੱਗੇ ਵਧਾਂਗੇ, ਅਤੇ ਜਦੋਂ ਉਹ ਆਦਮੀ ਸਾਡੇ ਵਿਰੁੱਧ ਆਉਣਗੇ, ਜਿਵੇਂ ਉਹ ਪਹਿਲਾਂ ਕਰਦੇ ਸਨ, ਅਸੀਂ ਉਨ੍ਹਾਂ ਤੋਂ ਭੱਜ ਜਾਵਾਂਗੇ।