5ਅਤੇ ਲੇਵੀਆਂ—ਯੇਸ਼ੂਆ, ਕਦਮੀਏਲ, ਬਾਨੀ, ਹਸ਼ਬਨਯਾਹ, ਸ਼ੇਰੇਬਯਾਹ, ਹੋਦੀਯਾਹ, ਸ਼ਬਨਯਾਹ ਅਤੇ ਪਥਹਯਾਹ ਨੇ ਕਿਹਾ, “ਖੜ੍ਹੋ ਅਤੇ ਆਪਣੇ ਪਰਮੇਸ਼ਵਰ ਯਾਹਵੇਹ ਦੀ ਉਸਤਤ ਕਰੋ, ਜੋ ਅਨਾਦਿ ਤੋਂ ਸਦੀਪਕ ਹੈ।” “ਤੁਹਾਡਾ ਸ਼ਾਨਦਾਰ ਨਾਮ ਹੋਵੇ ਅਤੇ ਇਹ ਸਾਰੀਆਂ ਬਰਕਤਾਂ ਅਤੇ ਉਸਤਤ ਤੋਂ ਉੱਚਾ ਹੋਵੇ।
6ਤੂੰ, ਹਾਂ ਤੂੰ ਹੀ ਕੇਵਲ ਇੱਕ ਯਾਹਵੇਹ ਹੈ, ਤੂੰ ਅਕਾਸ਼ ਸਗੋਂ ਸਭ ਤੋਂ ਉੱਚੇ ਅਕਾਸ਼ ਅਤੇ ਉਹਨਾਂ ਦੀ ਸਾਰੀ ਸੈਨਾਂ, ਧਰਤੀ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ, ਸਮੁੰਦਰ ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ, ਸਭ ਕੁਝ ਤੂੰ ਹੀ ਬਣਾਇਆ ਹੈ, ਤੂੰ ਹੀ ਸਾਰਿਆਂ ਦਾ ਜੀਵਨ ਦਾਤਾਂ ਹੈ ਅਤੇ ਸਵਰਗ ਦੀ ਸਾਰੀ ਸੈਨਾਂ ਤੈਨੂੰ ਹੀ ਮੱਥਾ ਟੇਕਦੀ ਹੈ।
7“ਤੁਸੀਂ ਯਾਹਵੇਹ ਪਰਮੇਸ਼ਵਰ ਹੋ, ਜਿਸ ਨੇ ਅਬਰਾਮ ਨੂੰ ਚੁਣਿਆ ਅਤੇ ਉਸ ਨੂੰ ਕਸਦੀਆਂ ਦੇ ਊਰ ਤੋਂ ਬਾਹਰ ਲਿਆਂਦਾ ਅਤੇ ਉਸ ਦਾ ਨਾਮ ਅਬਰਾਹਾਮ ਰੱਖਿਆ।
8ਤੂੰ ਉਸ ਦੇ ਦਿਲ ਨੂੰ ਆਪਣੇ ਪ੍ਰਤੀ ਵਫ਼ਾਦਾਰ ਪਾਇਆ ਅਤੇ ਤੂੰ ਉਸ ਨਾਲ ਇਕਰਾਰਨਾਮਾ ਕੀਤਾ ਕਿ ਉਹ ਉਸ ਦੇ ਉੱਤਰਾਧਿਕਾਰੀਆਂ ਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਪਰਿੱਜ਼ੀਆਂ, ਯਬੂਸੀਆਂ ਅਤੇ ਗਿਰਗਾਸ਼ੀਆਂ ਦੀ ਧਰਤੀ ਦੇਵੇਗਾ। ਤੂੰ ਆਪਣਾ ਵਾਅਦਾ ਨਿਭਾਇਆ ਹੈ ਕਿਉਂਕਿ ਤੂੰ ਧਰਮੀ ਹੈ।
9“ਤੂੰ ਮਿਸਰ ਵਿੱਚ ਸਾਡੇ ਪੁਰਖਿਆਂ ਦੇ ਦੁੱਖ ਵੇਖੇ ਅਤੇ ਤੂੰ ਲਾਲ ਸਮੁੰਦਰ ਵਿੱਚ ਉਹਨਾਂ ਦੀ ਪੁਕਾਰ ਸੁਣੀ ਸੀ।