6“ ‘ਫਿਰ ਮੈਂ ਤੇਰੇ ਕੋਲੋਂ ਲੰਘਿਆ ਅਤੇ ਤੈਨੂੰ ਤੇਰੇ ਲਹੂ ਵਿੱਚ ਲਿੱਬੜਿਆ ਹੋਇਆ ਵੇਖਿਆ ਅਤੇ ਮੈਂ ਤੈਨੂੰ ਆਖਿਆ ਕਿ ਤੂੰ ਜੋ ਲਹੂ ਵਿੱਚ ਲਿੱਬੜੀ ਹੋਈ ਹੈ, ਜੀਉਂਦੀ ਰਹਿ! ਹਾਂ ਮੈਂ ਤੈਨੂੰ ਹੀ ਕਿਹਾ ਕਿ ਤੂੰ ਜੋ ਲਹੂ ਵਿੱਚ ਲਿੱਬੜੀ ਹੋਈ ਹੈ, “ਜੀਉਂਦੀ ਰਹਿ!”
7ਮੈਂ ਤੈਨੂੰ ਖੇਤ ਦੇ ਪੌਦੇ ਵਾਂਗ ਉਗਾਇਆ। ਇਸ ਲਈ ਤੂੰ ਵਧੀ ਅਤੇ ਮੁਟਿਆਰ ਹੋਈ ਅਤੇ ਸੁੰਦਰ ਜਵਾਨੀ ਵਾਲੀ ਬਣੀ, ਤੇਰੀਆਂ ਛਾਤੀਆਂ ਸੁਡੌਲ ਹੋ ਗਈਆਂ ਅਤੇ ਤੇਰੇ ਵਾਲ ਵਧੇ, ਪਰ ਤੂੰ ਨੰਗੀ ਧੜੰਗੀ ਸੀ।
8“ ‘ਬਾਅਦ ਵਿੱਚ ਮੈਂ ਲੰਘਿਆ, ਅਤੇ ਜਦੋਂ ਮੈਂ ਤੇਰੇ ਵੱਲ ਵੇਖਿਆ ਤਾਂ ਵੇਖੋ ਤੇਰੇ ਲਈ ਪਿਆਰ ਦਾ ਸਮਾਂ ਆ ਗਿਆ ਸੀ, ਇਸ ਲਈ ਮੈਂ ਆਪਣਾ ਕੱਪੜਾ ਤੇਰੇ ਉੱਤੇ ਪਾਇਆ ਅਤੇ ਤੇਰੇ ਨੰਗੇਜ਼ ਨੂੰ ਢੱਕਿਆ, ਹਾਂ, ਸਹੁੰ ਖਾ ਕੇ ਤੇਰੇ ਨਾਲ ਨੇਮ ਬੰਨ੍ਹਿਆ ਅਤੇ ਤੂੰ ਮੇਰੀ ਹੋ ਗਈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
9“ ‘ਮੈਂ ਤੈਨੂੰ ਪਾਣੀ ਨਾਲ ਨਹਿਲਾ ਕੇ ਤੇਰੇ ਉੱਤੋਂ ਲਹੂ ਨੂੰ ਪੂਰੀ ਤਰ੍ਹਾਂ ਦੇ ਨਾਲ ਧੋ ਸੁੱਟਿਆ ਅਤੇ ਤੇਰੇ ਉੱਤੇ ਸੁਗੰਧ ਵਾਲਾ ਤੇਲ ਮਲਿਆ।
10ਮੈਂ ਤੈਨੂੰ ਕਢਾਈ ਵਾਲਾ ਪਹਿਰਾਵਾ ਪਹਿਨਾਇਆ ਅਤੇ ਚਮੜੇ ਦੀ ਜੁੱਤੀ ਪਵਾਈ, ਵਧੀਆ ਕਤਾਨ ਦੀ ਤੇਰੀ ਪੇਟੀ ਬਣਵਾਈ ਅਤੇ ਤੈਨੂੰ ਮਹਿੰਗੇ ਰੇਸ਼ਮ ਨਾਲ ਢੱਕਿਆ।