1ਛੇਵੇਂ ਸਾਲ ਦੇ ਛੇਵੇਂ ਮਹੀਨੇ ਦੇ ਪੰਜਵੇਂ ਦਿਨ, ਜਦੋਂ ਮੈਂ ਆਪਣੇ ਘਰ ਵਿੱਚ ਬੈਠਾ ਸੀ ਅਤੇ ਯਹੂਦਾਹ ਦੇ ਬਜ਼ੁਰਗ ਮੇਰੇ ਅੱਗੇ ਬੈਠੇ ਹੋਏ ਸਨ, ਸਰਬਸ਼ਕਤੀਮਾਨ ਯਾਹਵੇਹ ਦਾ ਹੱਥ ਉੱਥੇ ਮੇਰੇ ਉੱਤੇ ਆਇਆ।
2ਮੈਂ ਵੇਖਿਆ ਤਾਂ ਵੇਖੋ, ਇੱਕ ਰੂਪ ਅੱਗ ਵਰਗਾ ਦਿਸਦਾ ਹੈ, ਉਸ ਦੇ ਲੱਕ ਤੋਂ ਹੇਠਾਂ ਤੱਕ ਅੱਗ ਅਤੇ ਉਸ ਦੇ ਲੱਕ ਤੋਂ ਉੱਪਰ ਤੱਕ ਚਾਨਣ ਦੀ ਚਮਕ ਦਿਖਾਈ ਦਿੱਤੀ, ਜਿਸ ਦਾ ਰੰਗ ਚਮਕਦੇ ਹੋਏ ਪਿੱਤਲ ਵਰਗਾ ਸੀ।
3ਉਸ ਨੇ ਇੱਕ ਹੱਥ ਵਧਾ ਕੇ ਮੇਰੇ ਸਿਰ ਦੇ ਵਾਲਾਂ ਤੋਂ ਮੈਨੂੰ ਫੜਿਆ, ਪਰਮੇਸ਼ਵਰ ਆਤਮਾ ਨੇ ਮੈਨੂੰ ਅਕਾਸ਼ ਅਤੇ ਧਰਤੀ ਦੇ ਵਿਚਾਲੇ ਉੱਚਾ ਕੀਤਾ। ਆਤਮਾ ਨੇ ਮੈਨੂੰ ਧਰਤੀ ਅਤੇ ਸਵਰਗ ਦੇ ਵਿਚਕਾਰ ਉੱਚਾ ਕੀਤਾ ਅਤੇ ਪਰਮੇਸ਼ਵਰ ਦੇ ਦਰਸ਼ਨਾਂ ਵਿੱਚ ਉਹ ਮੈਨੂੰ ਯੇਰੂਸ਼ਲੇਮ ਵਿੱਚ ਲੈ ਗਿਆ, ਅੰਦਰਲੇ ਵੇਹੜੇ ਦੇ ਉੱਤਰੀ ਦਰਵਾਜ਼ੇ ਦੇ ਪ੍ਰਵੇਸ਼ ਦੁਆਰ ਤੱਕ, ਜਿੱਥੇ ਈਰਖਾ ਨੂੰ ਭੜਕਾਉਣ ਵਾਲੀ ਮੂਰਤੀ ਖੜੀ ਸੀ।