3ਹੁਣ ਅਸੀਂ ਆਪਣੇ ਪਰਮੇਸ਼ਵਰ ਦੇ ਅੱਗੇ ਇੱਕ ਨੇਮ ਬੰਨ੍ਹੀਏ ਜੋ ਇਨ੍ਹਾਂ ਸਾਰੀਆਂ ਔਰਤਾਂ ਅਤੇ ਉਹਨਾਂ ਦੇ ਬਾਲਕਾਂ ਨੂੰ ਮੇਰੇ ਸੁਆਮੀ ਦੀ ਅਤੇ ਸਾਡੇ ਪਰਮੇਸ਼ਵਰ ਦੇ ਹੁਕਮਾਂ ਤੋਂ ਡਰਨ ਵਾਲਿਆਂ ਦੀ ਸਲਾਹ ਦੇ ਅਨੁਸਾਰ ਵਿਦਾ ਕਰੀਏ। ਇਹ ਕੰਮ ਬਿਵਸਥਾ ਅਨੁਸਾਰ ਕੀਤਾ ਜਾਵੇ।
4ਉੱਠ, ਇਹ ਮਾਮਲਾ ਤੁਹਾਡੇ ਹੱਥ ਵਿੱਚ ਹੈ। ਅਸੀਂ ਤੁਹਾਡਾ ਸਮਰਥਨ ਕਰਾਂਗੇ, ਇਸ ਲਈ ਹੌਂਸਲਾ ਰੱਖੋ ਅਤੇ ਅਜਿਹਾ ਕਰੋ।”
5ਤਾਂ ਅਜ਼ਰਾ ਨੇ ਉੱਠ ਕੇ ਪ੍ਰਧਾਨ ਜਾਜਕਾਂ, ਲੇਵੀਆਂ ਅਤੇ ਸਾਰੇ ਇਸਰਾਏਲ ਨੂੰ ਉਹੀ ਕਰਨ ਦੀ ਸਹੁੰ ਚੁਕਾਈ ਜੋ ਉਸ ਨੇ ਕਿਹਾ ਸੀ ਅਤੇ ਉਹਨਾਂ ਨੇ ਸਹੁੰ ਚੁੱਕੀ।
6ਤਦ ਅਜ਼ਰਾ ਪਰਮੇਸ਼ਵਰ ਦੇ ਭਵਨ ਦੇ ਅੱਗੇ ਤੋਂ ਹਟ ਗਿਆ ਅਤੇ ਅਲਯਾਸ਼ੀਬ ਦੇ ਪੁੱਤਰ ਯਹੋਹਾਨਾਨ ਦੇ ਕਮਰੇ ਵਿੱਚ ਗਿਆ। ਜਦੋਂ ਉਹ ਉੱਥੇ ਸੀ, ਉਸਨੇ ਨਾ ਖਾਣਾ ਖਾਧਾ ਅਤੇ ਨਾ ਪਾਣੀ ਪੀਤਾ, ਕਿਉਂਕਿ ਉਹ ਗ਼ੁਲਾਮਾਂ ਦੀ ਬੇਵਫ਼ਾਈ ਉੱਤੇ ਸੋਗ ਕਰਦਾ ਰਿਹਾ।
7ਤਦ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਗ਼ੁਲਾਮੀ ਤੋਂ ਮੁੜ ਕੇ ਆਏ ਹੋਏ ਸਾਰੇ ਲੋਕਾਂ ਲਈ ਮੁਨਾਦੀ ਕਰਵਾਈ ਕਿ ਉਹ ਯੇਰੂਸ਼ਲੇਮ ਵਿੱਚ ਇਕੱਠੇ ਹੋ ਜਾਣ।