6ਤਦ ਅਜ਼ਰਾ ਪਰਮੇਸ਼ਵਰ ਦੇ ਭਵਨ ਦੇ ਅੱਗੇ ਤੋਂ ਹਟ ਗਿਆ ਅਤੇ ਅਲਯਾਸ਼ੀਬ ਦੇ ਪੁੱਤਰ ਯਹੋਹਾਨਾਨ ਦੇ ਕਮਰੇ ਵਿੱਚ ਗਿਆ। ਜਦੋਂ ਉਹ ਉੱਥੇ ਸੀ, ਉਸਨੇ ਨਾ ਖਾਣਾ ਖਾਧਾ ਅਤੇ ਨਾ ਪਾਣੀ ਪੀਤਾ, ਕਿਉਂਕਿ ਉਹ ਗ਼ੁਲਾਮਾਂ ਦੀ ਬੇਵਫ਼ਾਈ ਉੱਤੇ ਸੋਗ ਕਰਦਾ ਰਿਹਾ।
7ਤਦ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਗ਼ੁਲਾਮੀ ਤੋਂ ਮੁੜ ਕੇ ਆਏ ਹੋਏ ਸਾਰੇ ਲੋਕਾਂ ਲਈ ਮੁਨਾਦੀ ਕਰਵਾਈ ਕਿ ਉਹ ਯੇਰੂਸ਼ਲੇਮ ਵਿੱਚ ਇਕੱਠੇ ਹੋ ਜਾਣ।
8ਅਤੇ ਜੋ ਕੋਈ ਹਾਕਮਾਂ ਅਤੇ ਬਜ਼ੁਰਗਾਂ ਦੀ ਸਲਾਹ ਅਨੁਸਾਰ ਤਿੰਨ ਦਿਨਾਂ ਵਿੱਚ ਨਾ ਆਵੇ, ਉਸ ਦਾ ਸਾਰਾ ਮਾਲ-ਧਨ ਨਾਸ ਕੀਤਾ ਜਾਵੇਗਾ ਅਤੇ ਉਸ ਨੂੰ ਗ਼ੁਲਾਮੀ ਤੋਂ ਮੁੜੇ ਹੋਇਆਂ ਦੀ ਸਭਾ ਵਿੱਚੋਂ ਛੇਕਿਆ ਜਾਵੇਗਾ।
9ਤਿੰਨਾਂ ਦਿਨਾਂ ਵਿੱਚ, ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਲੋਕ ਯੇਰੂਸ਼ਲੇਮ ਵਿੱਚ ਇਕੱਠੇ ਹੋ ਗਏ ਅਤੇ ਨੌਵੇਂ ਮਹੀਨੇ ਦੀ ਵੀਹਵੀਂ ਤਾਰੀਖ਼ ਨੂੰ ਸਾਰੇ ਲੋਕ ਪਰਮੇਸ਼ਵਰ ਦੇ ਭਵਨ ਦੇ ਅੱਗੇ ਚੌਂਕ ਵਿੱਚ ਬੈਠੇ ਹੋਏ ਸਨ, ਇਸ ਮੌਕੇ ਅਤੇ ਮੀਂਹ ਦੇ ਕਾਰਨ ਬਹੁਤ ਦੁੱਖੀ ਸਨ।
10ਤਦ ਅਜ਼ਰਾ ਜਾਜਕ ਖੜ੍ਹਾ ਹੋਇਆ ਅਤੇ ਉਹਨਾਂ ਨੂੰ ਆਖਿਆ, “ਤੁਸੀਂ ਬੇਵਫ਼ਾ ਹੋ ਗਏ ਹੋ। ਤੁਸੀਂ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾ ਲਿਆ ਹੈ, ਇਸ ਨਾਲ ਇਸਰਾਏਲ ਦੇ ਦੋਸ਼ ਵਿੱਚ ਵਾਧਾ ਹੋਇਆ ਹੈ।