3ਰਾਜਾ ਕੋਰਸ਼ ਦੇ ਪਹਿਲੇ ਸਾਲ ਵਿੱਚ ਉਸੇ ਕੋਰਸ਼ ਰਾਜਾ ਨੇ ਪਰਮੇਸ਼ਵਰ ਦੇ ਭਵਨ ਦੇ ਵਿਖੇ ਜੋ ਯੇਰੂਸ਼ਲੇਮ ਵਿੱਚ ਹੈ ਇਹ ਆਗਿਆ ਦਿੱਤੀ। ਹੈਕਲ ਵਿੱਚ ਬਲੀਆਂ ਚੜ੍ਹਾਉਣ ਲਈ ਇੱਕ ਜਗ੍ਹਾ ਦੁਬਾਰਾ ਬਣਾਈ ਜਾਵੇ, ਅਤੇ ਇਸ ਦੀ ਨੀਂਹ ਰੱਖੀ ਜਾਵੇ। ਇਹ ਸੱਠ ਹੱਥ ਉੱਚਾ ਅਤੇ ਸੱਠ ਹੱਥ ਚੌੜਾ ਹੋਣਾ ਚਾਹੀਦਾ ਹੈ,
4ਉਸ ਵਿੱਚ ਤਿੰਨ ਰੱਦੇ ਭਾਰੇ ਪੱਥਰਾਂ ਦੇ ਅਤੇ ਇੱਕ ਰੱਦਾ ਨਵੀਂ ਲੱਕੜ ਦਾ ਹੋਵੇ ਅਤੇ ਇਸ ਦਾ ਖ਼ਰਚ ਸ਼ਾਹੀ ਮਹਿਲ ਵਿੱਚੋਂ ਦਿੱਤਾ ਜਾਵੇ।
5ਇਸ ਤੋਂ ਇਲਾਵਾ ਪਰਮੇਸ਼ਵਰ ਦੇ ਭਵਨ ਦੇ ਸੋਨੇ ਅਤੇ ਚਾਂਦੀ ਦੀਆਂ ਵਸਤੂਆਂ, ਜਿਨ੍ਹਾਂ ਨੂੰ ਨਬੂਕਦਨੱਸਰ ਯੇਰੂਸ਼ਲੇਮ ਦੀ ਹੈਕਲ ਵਿੱਚੋਂ ਲੈ ਕੇ ਬਾਬੇਲ ਵਿੱਚ ਲਿਆਇਆ ਸੀ, ਯੇਰੂਸ਼ਲੇਮ ਦੀ ਹੈਕਲ ਵਿੱਚ ਆਪਣੇ ਸਥਾਨ ਤੇ ਪਹੁੰਚਾਏ ਜਾਣ ਅਤੇ ਉਹ ਪਰਮੇਸ਼ਵਰ ਦੇ ਘਰ ਵਿੱਚ ਜਮ੍ਹਾਂ ਕੀਤੇ ਜਾਣ।
6ਇਸ ਲਈ ਹੇ ਦਰਿਆ ਪਾਰ ਦੇ ਹਾਕਮ ਤਤਨਈ! ਹੇ ਸਥਰ-ਬੋਜ਼ਨਈ! ਤੁਸੀਂ ਆਪਣੇ ਅਫਰਸਕਾਈ ਸਾਥੀਆਂ ਨਾਲ ਜੋ ਦਰਿਆ ਦੇ ਪਾਰ ਹਨ, ਉੱਥੋਂ ਦੂਰ ਰਹੋ।
7ਪਰਮੇਸ਼ਵਰ ਦੇ ਇਸ ਭਵਨ ਦੇ ਕੰਮ ਵਿੱਚ ਰੁਕਾਵਟ ਨਾ ਪਾਓ। ਯਹੂਦੀਆਂ ਦੇ ਰਾਜਪਾਲ ਅਤੇ ਯਹੂਦੀ ਬਜ਼ੁਰਗਾਂ ਨੂੰ ਇਸ ਦੀ ਜਗ੍ਹਾ ਉੱਤੇ ਪਰਮੇਸ਼ਵਰ ਦੇ ਇਸ ਘਰ ਨੂੰ ਦੁਬਾਰਾ ਬਣਾਉਣ ਦਿਓ।