1ਦੰਮਿਸ਼ਕ ਦੇ ਵਿਰੁੱਧ ਇੱਕ ਭਵਿੱਖਬਾਣੀ: ਦੇਖੋ, ਦੰਮਿਸ਼ਕ ਹੁਣ ਇੱਕ ਸ਼ਹਿਰ ਨਹੀਂ ਰਹੇਗਾ ਪਰ ਖੰਡਰ ਦਾ ਢੇਰ ਬਣ ਜਾਵੇਗਾ।
2ਅਰੋਏਰ ਦੇ ਸ਼ਹਿਰ ਉਜਾੜ ਹੋ ਜਾਣਗੇ ਅਤੇ ਇੱਜੜਾਂ ਦੇ ਲਈ ਛੱਡ ਦਿੱਤੇ ਜਾਣਗੇ, ਜੋ ਉਨ੍ਹਾਂ ਨੂੰ ਡਰਾਉਣ ਵਾਲਾ ਕੋਈ ਨਹੀਂ ਹੋਵੇਗਾ।
3ਇਫ਼ਰਾਈਮ ਵਿੱਚੋਂ ਗੜ੍ਹ ਵਾਲੇ ਨਗਰ, ਦੰਮਿਸ਼ਕ ਵਿੱਚੋਂ ਰਾਜ, ਅਤੇ ਅਰਾਮ ਦੇ ਬਚੇ ਹੋਏ ਮੁੱਕ ਜਾਣਗੇ, ਅਤੇ ਜੋ ਹਾਲ ਇਸਰਾਏਲੀਆਂ ਦੇ ਪਰਤਾਪ ਦਾ ਹੋਇਆ, ਉਹੋ ਉਨ੍ਹਾਂ ਦਾ ਹਾਲ ਹੋਵੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
4“ਉਸ ਦਿਨ ਯਾਕੋਬ ਦੀ ਮਹਿਮਾ ਘੱਟ ਜਾਵੇਗੀ; ਉਸ ਦੇ ਸਰੀਰ ਦੀ ਚਰਬੀ ਨਸ਼ਟ ਹੋ ਜਾਵੇਗੀ।
5ਇਹ ਇਸ ਤਰ੍ਹਾਂ ਹੋਵੇਗਾ ਜਦੋਂ ਵੱਢਣ ਵਾਲੇ ਖੜ੍ਹੇ ਅਨਾਜ ਦੀ ਵਾਢੀ ਕਰਦੇ ਹਨ, ਆਪਣੀਆਂ ਬਾਹਾਂ ਵਿੱਚ ਅਨਾਜ ਇਕੱਠਾ ਕਰਦੇ ਹਨ, ਜਿਵੇਂ ਕੋਈ ਰਫ਼ਾਈਮ ਦੀ ਵਾਦੀ ਵਿੱਚ ਅਨਾਜ ਦੇ ਸਿੱਟੇ ਚੁਗਦਾ ਹੈ।