11ਮੈਂ ਕਿਹਾ, “ਮੈਂ ਦੁਬਾਰਾ ਜੀਉਂਦਿਆਂ ਦੀ ਧਰਤੀ ਵਿੱਚ ਯਾਹਵੇਹ ਨੂੰ ਨਹੀਂ ਵੇਖਾਂਗਾ; ਮੈਂ ਆਪਣੇ ਨਾਲ ਦਿਆਂ ਮਨੁੱਖਾਂ ਨੂੰ ਫੇਰ ਨਹੀਂ ਤੱਕਾਂਗਾ, ਨਾ ਉਨ੍ਹਾਂ ਨਾਲ ਵੱਸਾਂਗਾ ਜੋ ਇਸ ਸੰਸਾਰ ਵਿੱਚ ਵੱਸਦੇ ਹਨ।
12ਚਰਵਾਹੇ ਦੇ ਤੰਬੂ ਵਾਂਗ ਮੇਰਾ ਘਰ ਢਾਹ ਕੇ ਮੇਰੇ ਕੋਲੋਂ ਖੋਹ ਲਿਆ ਗਿਆ ਹੈ, ਜੁਲਾਹੇ ਵਾਂਗੂੰ ਮੈਂ ਆਪਣਾ ਜੀਵਨ ਲਪੇਟ ਲਿਆ ਹੈ, ਅਤੇ ਉਸ ਨੇ ਮੈਨੂੰ ਕਰੜੀ ਤੋਂ ਵੱਢ ਦਿੱਤਾ ਹੈ, ਇੱਕ ਹੀ ਦਿਨ ਅਤੇ ਰਾਤ ਵਿੱਚ ਤੂੰ ਮੇਰਾ ਅੰਤ ਕਰ ਦੇਵੇਂਗਾ।
13ਮੈਂ ਸਵੇਰ ਤੱਕ ਧੀਰਜ ਨਾਲ ਉਡੀਕ ਕੀਤੀ, ਪਰ ਸ਼ੇਰ ਵਾਂਗੂੰ ਮੇਰੀਆਂ ਸਾਰੀਆਂ ਹੱਡੀਆਂ ਤੋੜ ਦਿੱਤੀਆਂ, ਇੱਕ ਹੀ ਦਿਨ ਅਤੇ ਰਾਤ ਵਿੱਚ ਤੂੰ ਮੇਰਾ ਅੰਤ ਕਰ ਦੇਵੇਂਗਾ।
14ਮੈਂ ਅਬਾਬੀਲ ਜਾਂ ਸਾਰਸ ਵਾਂਗੂੰ ਚੀਂ-ਚੀਂ ਕਰਦਾ ਰਿਹਾ, ਮੈਂ ਘੁੱਗੀ ਵਾਂਗੂੰ ਹੂੰਗਦਾ ਰਿਹਾ, ਮੇਰੀਆਂ ਅੱਖਾਂ ਉਤਾਹਾਂ ਵੇਖਦੇ-ਵੇਖਦੇ ਰਹਿ ਗਈਆਂ, ਹੇ ਪਰਮੇਸ਼ਵਰ, ਮੇਰੇ ਉੱਤੇ ਜ਼ੁਲਮ ਹੋਇਆ ਹੈ, ਤੂੰ ਮੇਰੀ ਜ਼ਮਾਨਤ ਦੇ।”
15ਪਰ ਮੈਂ ਕੀ ਕਹਿ ਸਕਦਾ ਹਾਂ? ਉਸ ਨੇ ਮੇਰੇ ਨਾਲ ਗੱਲ ਕੀਤੀ ਹੈ, ਅਤੇ ਇਹ ਉਸ ਨੇ ਆਪ ਹੀ ਕੀਤਾ ਹੈ। ਮੈਂ ਆਪਣੇ ਸਾਰੇ ਸਾਲ ਨਿਮਰਤਾ ਨਾਲ ਚੱਲਾਂਗਾ ਆਪਣੀ ਆਤਮਾ ਦੇ ਇਸ ਦੁੱਖ ਦੇ ਕਾਰਨ।