18ਮੈਂ ਬੰਜਰ ਉਚਾਈਆਂ ਉੱਤੇ ਨਦੀਆਂ, ਅਤੇ ਘਾਟੀਆਂ ਦੇ ਵਿਚਲੇ ਸੋਤੇ ਖੋਲ੍ਹਾਂਗਾ। ਮੈਂ ਉਜਾੜ ਨੂੰ ਪਾਣੀ ਦੇ ਕੁੰਡ, ਅਤੇ ਸੁੱਕੀ ਜ਼ਮੀਨ ਨੂੰ ਚਸ਼ਮੇ ਬਣਾ ਦਿਆਂਗਾ।
19ਮੈਂ ਉਜਾੜ ਵਿੱਚ ਦਿਆਰ ਅਤੇ ਬਬੂਲ, ਮਹਿੰਦੀ ਅਤੇ ਜ਼ੈਤੂਨ ਦੇ ਰੁੱਖ ਲਵਾਂਗਾ। ਮੈਂ ਮੈਦਾਨ ਵਿੱਚ ਸਰੂ ਦੇ ਰੁੱਖ, ਚੀਲ ਅਤੇ ਚਨਾਰ ਦੇ ਰੁੱਖ ਇਕੱਠੇ ਰੱਖਾਂਗਾ,
20ਤਾਂ ਜੋ ਲੋਕ ਵੇਖਣ ਅਤੇ ਜਾਣ ਸਕਣ, ਵਿਚਾਰ ਕਰਨ ਅਤੇ ਸਮਝ ਸਕਣ, ਕਿ ਯਾਹਵੇਹ ਦੇ ਹੱਥ ਨੇ ਇਹ ਕੀਤਾ ਹੈ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੇ ਇਸ ਨੂੰ ਬਣਾਇਆ ਹੈ।
21“ਆਪਣਾ ਦਾਵਾ ਪੇਸ਼ ਕਰੋ,” ਯਾਹਵੇਹ ਆਖਦਾ ਹੈ। “ਆਪਣੀਆਂ ਦਲੀਲਾਂ ਪੇਸ਼ ਕਰੋ,” ਯਾਕੋਬ ਦਾ ਰਾਜਾ ਕਹਿੰਦਾ ਹੈ।
22“ਉਹ ਮੂਰਤੀਆਂ, ਸਾਨੂੰ ਦੱਸਣ ਕੀ ਹੋਣ ਵਾਲਾ ਹੈ, ਸਾਨੂੰ ਦੱਸੋ ਕਿ ਪਹਿਲੀਆਂ ਚੀਜ਼ਾਂ ਕੀ ਸਨ, ਤਾਂ ਜੋ ਅਸੀਂ ਉਨ੍ਹਾਂ ਤੇ ਵਿਚਾਰ ਕਰ ਸਕੀਏ ਅਤੇ ਉਨ੍ਹਾਂ ਦਾ ਅੰਤਿਮ ਨਤੀਜਾ ਜਾਣ ਸਕੀਏ, ਜਾਂ ਸਾਨੂੰ ਆਉਣ ਵਾਲੀਆਂ ਗੱਲਾਂ ਦਾ ਵਰਣਨ ਕਰੋ।