4ਪਰ ਮੈਂ ਆਖਿਆ, ਮੈਂ ਵਿਅਰਥ ਮਿਹਨਤ ਕੀਤੀ ਹੈ। ਮੈਂ ਆਪਣੀ ਤਾਕਤ ਬੇਕਾਰ ਖਰਚ ਕੀਤੀ ਹੈ। ਫਿਰ ਵੀ ਜੋ ਮੇਰਾ ਹੱਕ ਹੈ, ਉਹ ਯਾਹਵੇਹ ਦੇ ਹੱਥ ਵਿੱਚ ਹੈ, ਅਤੇ ਮੇਰਾ ਇਨਾਮ ਮੇਰੇ ਪਰਮੇਸ਼ਵਰ ਦੇ ਕੋਲ ਹੈ।
5ਅਤੇ ਹੁਣ ਯਾਹਵੇਹ ਆਖਦਾ ਹੈ, ਜਿਸ ਨੇ ਮੈਨੂੰ ਗਰਭ ਵਿੱਚੋਂ ਹੀ ਆਪਣਾ ਸੇਵਕ ਹੋਣ ਲਈ ਬਣਾਇਆ, ਤਾਂ ਜੋ ਯਾਕੋਬ ਨੂੰ ਆਪਣੇ ਕੋਲ ਵਾਪਸ ਲਿਆਵੇ ਅਤੇ ਇਸਰਾਏਲ ਨੂੰ ਆਪਣੇ ਕੋਲ ਇਕੱਠਾ ਕੀਤਾ ਜਾਵੇ, ਕਿਉਂਕਿ ਮੈਂ ਯਾਹਵੇਹ ਦੀ ਨਿਗਾਹ ਵਿੱਚ ਆਦਰਯੋਗ ਹਾਂ ਅਤੇ ਮੇਰਾ ਪਰਮੇਸ਼ਵਰ ਮੇਰੀ ਤਾਕਤ ਹੈ,
6ਹਾਂ, ਉਹ ਆਖਦਾ ਹੈ, “ਤੇਰੇ ਲਈ ਮੇਰਾ ਦਾਸ ਹੋਣ ਲਈ ਇਹ ਛੋਟੀ ਜਿਹੀ ਗੱਲ ਹੈ, ਕਿ ਤੂੰ ਯਾਕੋਬ ਦੀਆਂ ਗੋਤਾਂ ਨੂੰ ਉਠਾਉਂਣ ਲਈ ਅਤੇ ਇਸਰਾਏਲ ਦੇ ਬਚਿਆਂ ਹੋਇਆਂ ਨੂੰ ਮੋੜਨ ਲਈ, ਸਗੋਂ ਮੈਂ ਤੈਨੂੰ ਗ਼ੈਰ-ਯਹੂਦੀਆਂ ਲਈ ਇੱਕ ਚਾਨਣ ਬਣਾਵਾਂਗਾ, ਤਾਂ ਜੋ ਮੇਰੀ ਮੁਕਤੀ ਧਰਤੀ ਦੀਆਂ ਹੱਦਾਂ ਤੱਕ ਪਹੁੰਚੇ।”
7ਇਹ ਹੈ ਜੋ ਯਾਹਵੇਹ ਆਖਦਾ ਹੈ, ਇਸਰਾਏਲ ਦਾ ਮੁਕਤੀਦਾਤਾ ਅਤੇ ਪਵਿੱਤਰ ਪੁਰਖ, ਉਸ ਨੂੰ ਜੋ ਕੌਮ ਦੁਆਰਾ ਤੁੱਛ ਜਾਣਿਆ ਜਾਂਦਾ ਅਤੇ ਨਫ਼ਰਤ ਕੀਤੀ ਗਈ ਸੀ, ਹਾਕਮਾਂ ਦੇ ਸੇਵਕ ਨੂੰ: “ਰਾਜੇ ਤੈਨੂੰ ਵੇਖਣਗੇ ਅਤੇ ਖੜੇ ਹੋਣਗੇ, ਸਰਦਾਰ ਵੇਖਣਗੇ ਅਤੇ ਮੱਥਾ ਟੇਕਣਗੇ, ਯਾਹਵੇਹ ਦੇ ਕਾਰਨ, ਜੋ ਵਫ਼ਾਦਾਰ ਹੈ, ਇਸਰਾਏਲ ਦੇ ਪਵਿੱਤਰ ਪੁਰਖ, ਜਿਸ ਨੇ ਤੈਨੂੰ ਚੁਣਿਆ ਹੈ।”
8ਇਹੀ ਹੈ ਜੋ ਯਾਹਵੇਹ ਆਖਦਾ ਹੈ: “ਮਨਭਾਉਂਦੇ ਸਮੇਂ ਵਿੱਚ ਮੈਂ ਤੈਨੂੰ ਉੱਤਰ ਦਿਆਂਗਾ, ਅਤੇ ਮੁਕਤੀ ਦੇ ਦਿਨ ਵਿੱਚ ਮੈਂ ਤੇਰੀ ਸਹਾਇਤਾ ਕਰਾਂਗਾ; ਮੈਂ ਤੇਰੀ ਰੱਖਿਆ ਕਰਾਂਗਾ ਅਤੇ ਤੈਨੂੰ ਲੋਕਾਂ ਲਈ ਇੱਕ ਨੇਮ ਬਣਾਵਾਂਗਾ, ਦੇਸ ਨੂੰ ਮੁੜ ਬਹਾਲ ਕਰਾਂਗਾ ਅਤੇ ਉਸ ਦੀ ਵਿਰਾਨ ਵਿਰਾਸਤ ਨੂੰ ਦੁਬਾਰਾ ਸੌਪਾਂਗਾ,