26“ਇਸੇ ਕਰਕੇ ਅਸੀਂ ਕਿਹਾ, ‘ਆਓ ਅਸੀਂ ਤਿਆਰ ਹੋਈਏ ਅਤੇ ਇੱਕ ਜਗਵੇਦੀ ਬਣਾਈਏ, ਪਰ ਹੋਮ ਦੀਆਂ ਭੇਟਾਂ ਜਾਂ ਬਲੀਆਂ ਲਈ ਨਹੀਂ।’
27ਇਸ ਦੇ ਉਲਟ, ਇਹ ਸਾਡੇ ਅਤੇ ਤੁਹਾਡੇ ਵਿਚਕਾਰ ਅਤੇ ਉਸ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਵਿਚਕਾਰ ਗਵਾਹ ਹੋਣ ਲਈ, ਕਿ ਅਸੀਂ ਉਸ ਦੇ ਪਵਿੱਤਰ ਅਸਥਾਨ ਵਿੱਚ ਆਪਣੀਆਂ ਹੋਮ ਦੀਆਂ ਭੇਟਾਂ, ਬਲੀਆਂ ਅਤੇ ਸੰਗਤੀ ਭੇਟਾਂ ਨਾਲ ਯਾਹਵੇਹ ਦੀ ਪੂਜਾ ਕਰਾਂਗੇ। ਫਿਰ ਭਵਿੱਖ ਵਿੱਚ ਤੁਹਾਡੀ ਸੰਤਾਨ ਸਾਡੇ ਲੋਕਾਂ ਨੂੰ ਇਹ ਨਹੀਂ ਕਹਿ ਸਕੇਗੀ, ‘ਯਾਹਵੇਹ ਵਿੱਚ ਤੁਹਾਡਾ ਕੋਈ ਹਿੱਸਾ ਨਹੀਂ ਹੈ।’
28“ਅਤੇ ਅਸੀਂ ਕਿਹਾ, ‘ਜੇਕਰ ਉਹ ਕਦੇ ਸਾਨੂੰ ਜਾਂ ਸਾਡੇ ਉੱਤਰਾਧਿਕਾਰੀਆਂ ਨੂੰ ਇਹ ਕਹਿੰਦੇ ਹਨ, ਤਾਂ ਅਸੀਂ ਜਵਾਬ ਦੇਵਾਂਗੇ, ਯਾਹਵੇਹ ਦੀ ਜਗਵੇਦੀ ਦੀ ਨਮੂਨਾ ਵੇਖੋ, ਜੋ ਸਾਡੇ ਪੁਰਖਿਆਂ ਨੇ ਹੋਮ ਦੀਆਂ ਭੇਟਾਂ ਅਤੇ ਬਲੀਆਂ ਲਈ ਨਹੀਂ, ਸਗੋਂ ਸਾਡੇ ਵਿਚਕਾਰ ਇੱਕ ਗਵਾਹ ਵਜੋਂ ਬਣਾਈ ਸੀ।’
29“ਅਜਿਹਾ ਨਾ ਹੋਵੇ ਕਿ ਅਸੀਂ ਯਾਹਵੇਹ ਦੇ ਵਿਰੁੱਧ ਬਗਾਵਤ ਕਰੀਏ ਅਤੇ ਯਾਹਵੇਹ ਸਾਡੇ ਪਰਮੇਸ਼ਵਰ ਦੀ ਜਗਵੇਦੀ ਤੋਂ ਇਲਾਵਾ ਜੋ ਉਸ ਦੇ ਡੇਰੇ ਦੇ ਅੱਗੇ ਖੜ੍ਹੀ ਹੈ, ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਬਲੀਆਂ ਲਈ ਇੱਕ ਜਗਵੇਦੀ ਬਣਾ ਕੇ ਅੱਜ ਉਸ ਤੋਂ ਦੂਰ ਰਹੀਏ।”
30ਜਦੋਂ ਫੀਨਹਾਸ ਜਾਜਕ ਅਤੇ ਕੌਮ ਦੇ ਆਗੂਆਂ ਅਤੇ ਇਸਰਾਏਲੀਆਂ ਦੇ ਪਰਿਵਾਰਾਂ ਦੇ ਸਮੂਹਾਂ ਦੇ ਮੁਖੀਆਂ ਨੇ ਸੁਣਿਆ ਕਿ ਰਊਬੇਨ, ਗਾਦ ਅਤੇ ਮਨੱਸ਼ੇਹ ਨੇ ਕੀ ਕਹਿਣਾ ਹੈ, ਉਹ ਖੁਸ਼ ਹੋਏ।