6ਤਦ ਯੇਹੋਸ਼ੁਆ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਨ੍ਹਾਂ ਨੂੰ ਵਿਦਾ ਕੀਤਾ ਅਤੇ ਉਹ ਆਪਣੇ ਘਰਾਂ ਨੂੰ ਚਲੇ ਗਏ।
7(ਮਨੱਸ਼ੇਹ ਦੇ ਅੱਧੇ ਗੋਤ ਨੂੰ ਮੋਸ਼ੇਹ ਨੇ ਬਾਸ਼ਾਨ ਵਿੱਚ ਜ਼ਮੀਨ ਦਿੱਤੀ ਸੀ ਅਤੇ ਬਾਕੀ ਦੇ ਅੱਧੇ ਗੋਤ ਨੂੰ ਯੇਹੋਸ਼ੁਆ ਨੇ ਯਰਦਨ ਦੇ ਪੱਛਮ ਵਾਲੇ ਪਾਸੇ ਆਪਣੇ ਸਾਥੀ ਇਸਰਾਏਲੀਆਂ ਸਮੇਤ ਜ਼ਮੀਨ ਦਿੱਤੀ ਸੀ।) ਜਦੋਂ ਯੇਹੋਸ਼ੁਆ ਨੇ ਉਨ੍ਹਾਂ ਨੂੰ ਘਰ ਭੇਜਿਆ, ਉਸਨੇ ਉਨ੍ਹਾਂ ਨੂੰ ਅਸੀਸ ਦਿੱਤੀ।
8ਅਤੇ ਯੇਹੋਸ਼ੁਆ ਨੇ ਉਹਨਾਂ ਨੂੰ ਆਖਿਆ, “ਆਪਣੀ ਵੱਡੀ ਦੌਲਤ ਨਾਲ, ਪਸ਼ੂਆਂ ਦੇ ਵੱਡੇ ਇੱਜੜ, ਚਾਂਦੀ, ਸੋਨਾ, ਪਿੱਤਲ, ਲੋਹਾ ਅਤੇ ਬਹੁਤ ਸਾਰੇ ਕੱਪੜੇ ਲੈ ਕੇ ਆਪਣੇ ਘਰਾਂ ਨੂੰ ਮੁੜੋ ਅਤੇ ਆਪਣੇ ਦੁਸ਼ਮਣਾਂ ਤੋਂ ਲੁੱਟ ਨੂੰ ਆਪਣੇ ਸਾਥੀ ਇਸਰਾਏਲੀਆਂ ਨਾਲ ਵੰਡੋ।”
9ਇਸ ਲਈ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੇ ਇਸਰਾਏਲੀਆਂ ਨੂੰ ਕਨਾਨ ਦੇ ਸ਼ੀਲੋਹ ਵਿੱਚ ਛੱਡ ਦਿੱਤਾ ਤਾਂ ਜੋ ਉਨ੍ਹਾਂ ਦੀ ਆਪਣੀ ਧਰਤੀ ਗਿਲਆਦ ਵਿੱਚ ਵਾਪਸ ਆ ਜਾਣ ਜੋ ਉਨ੍ਹਾਂ ਨੇ ਮੋਸ਼ੇਹ ਦੇ ਰਾਹੀਂ ਯਾਹਵੇਹ ਦੇ ਹੁਕਮ ਦੇ ਅਨੁਸਾਰ ਹਾਸਲ ਕੀਤੀ ਸੀ।
10ਜਦੋਂ ਉਹ ਕਨਾਨ ਦੇਸ਼ ਵਿੱਚ ਯਰਦਨ ਦੇ ਨੇੜੇ ਗਲੀਲੋਥ ਵਿੱਚ ਆਏ, ਤਾਂ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੇ ਯਰਦਨ ਦੇ ਕੋਲ ਇੱਕ ਸ਼ਾਨਦਾਰ ਜਗਵੇਦੀ ਬਣਾਈ।