15ਉਹਨਾਂ ਦਿਨਾਂ ਵਿੱਚ ਮੈਂ ਯਹੂਦਾਹ ਵਿੱਚ ਕਈ ਮਨੁੱਖਾਂ ਨੂੰ ਵੇਖਿਆ ਜਿਹੜੇ ਸਬਤ ਦੇ ਦਿਨ ਅੰਗੂਰਾਂ ਨੂੰ ਚੁਬੱਚੇ ਵਿੱਚ ਪੀੜਦੇ ਸਨ ਅਤੇ ਪੂਲਿਆਂ ਨੂੰ ਗਧਿਆਂ ਉੱਤੇ ਲੱਦ ਕੇ ਅੰਦਰ ਲਿਆਉਂਦੇ ਸਨ, ਇਸੇ ਤਰ੍ਹਾਂ ਦਾਖ਼ਰਸ, ਅੰਗੂਰ, ਹੰਜੀਰ ਅਤੇ ਨਾਨਾ ਪ੍ਰਕਾਰ ਦੇ ਭਾਰ ਸਬਤ ਦੇ ਦਿਨ ਯੇਰੂਸ਼ਲੇਮ ਦੇ ਅੰਦਰ ਲਿਆਉਂਦੇ ਸਨ। ਇਸ ਲਈ ਮੈਂ ਉਹਨਾਂ ਨੂੰ ਸਬਤ ਦੇ ਦਿਨ ਕੋਈ ਵੀ ਭੋਜਨ ਵਸਤੂ ਨਾ ਵੇਚਣ ਦੀ ਚਿਤਾਉਣੀ ਦਿੱਤੀ।
16ਸੂਰ ਦੇ ਲੋਕ ਜੋ ਯੇਰੂਸ਼ਲੇਮ ਵਿੱਚ ਰਹਿੰਦੇ ਸਨ, ਸਬਤ ਦੇ ਦਿਨ ਯੇਰੂਸ਼ਲੇਮ ਵਿੱਚ ਮੱਛੀਆਂ ਅਤੇ ਹਰ ਕਿਸਮ ਦਾ ਵਪਾਰ ਲਿਆਉਂਦੇ ਸਨ ਅਤੇ ਯਹੂਦਾਹ ਦੇ ਲੋਕਾਂ ਨੂੰ ਵੇਚਦੇ ਸਨ।
17ਮੈਂ ਯਹੂਦਾਹ ਦੇ ਸਰਦਾਰਾਂ ਨੂੰ ਝਿੜਕਿਆ ਅਤੇ ਉਹਨਾਂ ਨੂੰ ਕਿਹਾ, “ਇਹ ਕੀ ਬੁਰਿਆਈ ਹੈ ਜੋ ਤੁਸੀਂ ਕਰਦੇ ਹੋ ਕਿ ਤੁਸੀਂ ਸਬਤ ਦੇ ਦਿਨ ਨੂੰ ਅਪਵਿੱਤਰ ਕਰਦੇ ਹੋ?
18ਕੀ ਤੁਹਾਡੇ ਪੁਰਖਿਆਂ ਨੇ ਵੀ ਇਹੋ ਕੁਝ ਨਹੀਂ ਕੀਤਾ ਸੀ, ਕਿ ਸਾਡੇ ਪਰਮੇਸ਼ਵਰ ਨੇ ਸਾਡੇ ਉੱਤੇ ਅਤੇ ਇਸ ਸ਼ਹਿਰ ਉੱਤੇ ਇਹ ਸਾਰੀ ਬਿਪਤਾ ਲਿਆਂਦੀ? ਹੁਣ ਤੁਸੀਂ ਸਬਤ ਦੇ ਦਿਨ ਦੀ ਬੇਅਦਬੀ ਕਰਕੇ ਇਸਰਾਏਲ ਦੇ ਵਿਰੁੱਧ ਹੋਰ ਕ੍ਰੋਧ ਭੜਕਾਉਂਦੇ ਹੋ।”
19ਜਦੋਂ ਸਬਤ ਦੇ ਦਿਨ ਤੋਂ ਪਹਿਲਾਂ ਸ਼ਾਮ ਦੇ ਪਰਛਾਵੇਂ ਯੇਰੂਸ਼ਲੇਮ ਦੇ ਦਰਵਾਜ਼ਿਆਂ ਉੱਤੇ ਪੈ ਗਏ, ਤਾਂ ਮੈਂ ਦਰਵਾਜ਼ੇ ਬੰਦ ਕਰਨ ਦਾ ਹੁਕਮ ਦਿੱਤਾ ਅਤੇ ਸਬਤ ਦਾ ਦਿਨ ਪੂਰਾ ਹੋਣ ਤੱਕ ਨਾ ਖੋਲ੍ਹਿਆ ਜਾਵੇ। ਮੈਂ ਆਪਣੇ ਕੁਝ ਬੰਦਿਆਂ ਨੂੰ ਦਰਵਾਜ਼ਿਆਂ ਉੱਤੇ ਠਹਿਰਾਇਆ ਤਾਂ ਜੋ ਸਬਤ ਦੇ ਦਿਨ ਕੋਈ ਬੋਝ ਅੰਦਰ ਨਾ ਲਿਆਂਦਾ ਜਾਵੇਂ।