1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
2“ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ, ਇਸਰਾਏਲੀ ਆਜੜੀਆਂ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਤੂੰ ਉਹਨਾਂ ਨੂੰ ਆਖ, ਸਰਬਸ਼ਕਤੀਮਾਨ ਯਾਹਵੇਹ ਆਜੜੀਆਂ ਨੂੰ ਇਹ ਆਖਦਾ ਹੈ, ਇਸਰਾਏਲੀ ਆਜੜੀਆਂ ਤੇ ਹਾਏ! ਜਿਹੜੇ ਆਪਣੇ ਆਪ ਨੂੰ ਪਾਲਦੇ ਹਨ, ਕੀ ਆਜੜੀਆਂ ਨੂੰ ਨਹੀਂ ਚਾਹੀਦਾ ਕਿ ਭੇਡਾਂ ਚਾਰਨ?
3ਤੁਸੀਂ ਦਹੀਂ ਖਾਂਦੇ ਹੋ, ਉੱਨ ਨਾਲ ਕੱਪੜੇ ਪਾਉਂਦੇ ਹੋ ਅਤੇ ਮਨ ਪਸੰਦ ਦੇ ਜਾਨਵਰਾਂ ਨੂੰ ਕੱਟਦੇ ਹੋ, ਪਰ ਇੱਜੜ ਦੀ ਦੇਖਭਾਲ ਨਹੀਂ ਕਰਦੇ।
4ਤੁਸੀਂ ਕਮਜ਼ੋਰਾਂ ਨੂੰ ਤਕੜਾ ਨਹੀਂ ਕੀਤਾ, ਨਾ ਬਿਮਾਰਾਂ ਨੂੰ ਚੰਗਾ ਕੀਤਾ ਅਤੇ ਨਾ ਹੀ ਜ਼ਖਮੀਆਂ ਨੂੰ ਬੰਨ੍ਹਿਆ। ਨਾ ਤੁਸੀਂ ਭਟਕਿਆਂ ਨੂੰ ਵਾਪਸ ਲਿਆਏ ਅਤੇ ਨਾ ਹੀ ਗੁਆਚੀਆਂ ਨੂੰ ਲੱਭਿਆ ਹੈ। ਤੁਸੀਂ ਉਹਨਾਂ ਉੱਤੇ ਕਠੋਰਤਾ ਅਤੇ ਬੇਰਹਿਮੀ ਨਾਲ ਰਾਜ ਕੀਤਾ ਹੈ।
5ਇਸ ਲਈ ਉਹ ਖਿੱਲਰ ਗਏ ਕਿਉਂਕਿ ਉੱਥੇ ਕੋਈ ਆਜੜੀ ਨਹੀਂ ਸੀ, ਅਤੇ ਜਦੋਂ ਉਹ ਖਿੰਡੇ ਗਏ ਤਾਂ ਉਹ ਸਾਰੇ ਜੰਗਲੀ ਜਾਨਵਰਾਂ ਲਈ ਭੋਜਨ ਬਣ ਗਏ।