7ਇਸ ਲਈ ਮੋਆਬ, ਮੋਆਬ ਲਈ ਧਾਹਾਂ ਮਾਰੇਗਾ ਅਤੇ ਇਕੱਠੇ ਹੋ ਕੇ ਰੋਣਗੇ। ਕੀਰ ਹੇਰਾਸੇਥ ਦੇ ਸੌਗੀ ਦੀਆਂ ਪਿੰਨੀਆਂ ਲਈ ਵਿਰਲਾਪ ਅਤੇ ਸੋਗ ਕਰੇਗਾ।
8ਹੇਸ਼ਬੋਨ ਦੇ ਖੇਤ, ਸਿਬਮਾਹ ਪਿੰਡ ਦੇ ਅੰਗੂਰਾਂ ਦੀਆਂ ਵੇਲਾਂ ਸੁੱਕ ਗਈਆਂ, ਕੌਮਾਂ ਦੇ ਹਾਕਮਾਂ ਨੇ ਸਭ ਤੋਂ ਵਧੀਆ ਵੇਲਾਂ ਨੂੰ ਮਿੱਧਿਆ ਹੈ, ਜੋ ਇੱਕ ਵਾਰ ਯਾਜ਼ਰ ਵਿੱਚ ਪਹੁੰਚੀਆਂ, ਅਤੇ ਮਾਰੂਥਲ ਵੱਲ ਫੈਲ ਗਈਆਂ। ਉਨ੍ਹਾਂ ਦੀਆਂ ਟਹਿਣੀਆਂ ਫੈਲ ਗਈਆਂ ਅਤੇ ਸਮੁੰਦਰ ਤੱਕ ਚੱਲੀਆਂ ਗਈਆਂ।
9ਇਸ ਲਈ ਮੈਂ ਸਿਬਮਾਹ ਦੀਆਂ ਵੇਲਾਂ ਲਈ ਰੋਂਦਾ ਹਾਂ, ਜਿਵੇਂ ਯਾਜ਼ਰ ਰੋਂਦਾ ਹੈ। ਹੇਸ਼ਬੋਨ ਅਤੇ ਅਲਾਲੇਹ, ਮੈਂ ਤੁਹਾਨੂੰ ਹੰਝੂਆਂ ਨਾਲ ਭਿਉਂ ਦਿਆਂਗਾ! ਤੁਹਾਡੇ ਪੱਕੇ ਹੋਏ ਫਲ ਅਤੇ ਤੁਹਾਡੀਆਂ ਫ਼ਸਲਾਂ ਉੱਤੇ ਖੁਸ਼ੀ ਦੇ ਜੈਕਾਰੇ ਸ਼ਾਂਤ ਹੋ ਗਏ ਹਨ।
10ਬਾਗਾਂ ਵਿੱਚੋਂ ਅਨੰਦ ਅਤੇ ਪ੍ਰਸੰਨਤਾ ਦੂਰ ਕੀਤੀ ਗਈ ਹੈ, ਅੰਗੂਰਾਂ ਦੇ ਬਾਗ਼ਾਂ ਵਿੱਚ ਕੋਈ ਗਾਉਂਦਾ ਜਾਂ ਰੌਲਾ ਨਹੀਂ ਪਾਉਂਦਾ; ਕੋਈ ਲਤਾੜਨ ਵਾਲਾ ਹੌਦਾਂ ਵਿੱਚ ਰਸ ਨਹੀਂ ਲਤਾੜੇਗਾ, ਮੈਂ ਲਤਾੜੂਆਂ ਦਾ ਸ਼ਬਦ ਬੰਦ ਕਰ ਦਿੱਤਾ ਹੈ।
11ਮੇਰਾ ਦਿਲ ਮੋਆਬ ਲਈ ਰਬਾਬ ਵਾਂਗ ਵਿਰਲਾਪ ਕਰਦਾ ਹੈ, ਮੇਰਾ ਦਿਲ ਕੀਰ ਹੇਰਾਸੇਥ ਲਈ ਵੀ।