1ਯਾਹਵੇਹ ਮੇਰਾ ਚਾਨਣ ਅਤੇ ਮੇਰੀ ਮੁਕਤੀ ਹੈ; ਮੈਂ ਕਿਸ ਤੋਂ ਡਰਾਂ? ਯਾਹਵੇਹ ਮੇਰੀ ਜ਼ਿੰਦਗੀ ਦਾ ਗੜ੍ਹ ਹੈ; ਮੈਂ ਕਿਸ ਤੋਂ ਡਰਾਂ?
2ਜਦੋਂ ਦੁਸ਼ਟ ਮੈਨੂੰ ਨਿਗਲਣ ਲਈ ਮੇਰੇ ਵਿਰੁੱਧ ਅੱਗੇ ਵਧਦੇ ਹਨ, ਇਹ ਮੇਰੇ ਦੁਸ਼ਮਣ ਅਤੇ ਮੇਰੇ ਵੈਰੀ ਹਨ ਜੋ ਠੋਕਰ ਖਾਣਗੇ ਅਤੇ ਡਿੱਗਣਗੇ।
3ਭਾਵੇਂ ਫ਼ੌਜ ਮੈਨੂੰ ਘੇਰ ਲਵੇ, ਮੇਰਾ ਦਿਲ ਨਹੀਂ ਡਰੇਗਾ; ਭਾਵੇਂ ਮੇਰੇ ਵਿਰੁੱਧ ਯੁੱਧ ਹੋਵੇ, ਤਦ ਵੀ ਮੈਂ ਭਰੋਸਾ ਰੱਖਾਂਗਾ।
4ਮੈਂ ਯਾਹਵੇਹ ਤੋਂ ਇੱਕੋ ਚੀਜ਼ ਮੰਗਦਾ ਹਾਂ, ਇਹੀ ਮੇਰੀ ਚਾਹਤ ਹੈ: ਕਿ ਮੈਂ ਆਪਣੇ ਜੀਵਨ ਦੇ ਸਾਰੇ ਦਿਨ ਯਾਹਵੇਹ ਦੇ ਘਰ ਵਿੱਚ ਵੱਸਿਆ ਰਹਾਂ। ਤਾਂ ਜੋ ਯਾਹਵੇਹ ਦੀ ਸੁੰਦਰਤਾ ਨੂੰ ਨਿਹਾਰਦਾ ਰਹਾਂ ਅਤੇ ਉਸਨੂੰ ਉਸਦੇ ਹੈਕਲ ਵਿੱਚ ਭਾਲ ਸਕਾਂ।
5ਕਿਉਂਕਿ ਮੁਸੀਬਤ ਦੇ ਦਿਨ ਉਹ ਮੈਨੂੰ ਆਪਣੇ ਨਿਵਾਸ ਵਿੱਚ ਸੰਭਾਲੇਗਾ; ਉਹ ਮੈਨੂੰ ਆਪਣੇ ਪਵਿੱਤਰ ਤੰਬੂ ਦੀ ਸ਼ਰਨ ਵਿੱਚ ਛੁਪਾਵੇਗਾ ਅਤੇ ਮੈਨੂੰ ਚੱਟਾਨ ਉੱਤੇ ਉੱਚਾ ਕਰੇਗਾ।