ਜ਼ਬੂਰਾਂ 32

1ਮੁਬਾਰਕ ਹੈ ਉਹ ਜਿਸ ਦੇ ਅਪਰਾਧ ਮਾਫ਼ ਹੋ ਗਏ ਹਨ, ਜਿਸ ਦੇ ਪਾਪ ਢੱਕੇ ਗਏ ਹਨ।

2ਮੁਬਾਰਕ ਹੈ ਉਹ ਜਿਸ ਦੇ ਪਾਪਾਂ ਦਾ ਹਿਸਾਬ ਯਾਹਵੇਹ ਉਸ ਦੇ ਵਿਰੁੱਧ ਨਹੀਂ ਕਰਦਾ ਅਤੇ ਜਿਸ ਦੇ ਆਤਮਾ ਵਿੱਚ ਕੋਈ ਛਲ ਨਹੀਂ ਹੈ।

3ਜਦੋਂ ਤੱਕ ਮੈਂ ਚੁੱਪ ਰਿਹਾ, ਮੇਰਾ ਸਾਰਾ ਦਿਨ ਹੂੰਗਣ ਦੇ ਕਾਰਨ ਮੇਰੀਆਂ ਹੱਡੀਆਂ ਉਜੜ ਗਈਆਂ।

4ਦਿਨ-ਰਾਤ ਤੇਰਾ ਹੱਥ ਮੇਰੇ ਉੱਤੇ ਭਾਰਾ ਸੀ; ਮੇਰੀ ਤਾਕਤ ਜਿਵੇਂ ਗਰਮੀ ਨਾਲ ਖਤਮ ਹੋ ਗਈ ਸੀ।

5ਫਿਰ ਮੈਂ ਤੇਰੇ ਅੱਗੇ ਆਪਣੇ ਪਾਪਾਂ ਨੂੰ ਕਬੂਲ ਕੀਤਾ ਅਤੇ ਆਪਣੀ ਬਦੀ ਨਹੀਂ ਲੁਕਾਈ। ਮੈਂ ਕਿਹਾ, “ਮੈਂ ਯਾਹਵੇਹ ਅੱਗੇ ਆਪਣੇ ਅਪਰਾਧਾਂ ਨੂੰ ਮੰਨ ਲਵਾਂਗਾ।” ਅਤੇ ਤੂੰ ਮੇਰੇ ਪਾਪ ਦੇ ਦੋਸ਼ ਨੂੰ ਮਾਫ਼ ਕਰ ਦਿੱਤਾ।

6ਇਸ ਲਈ ਸਾਰੇ ਵਫ਼ਾਦਾਰ ਤੇਰੇ ਅੱਗੇ ਪ੍ਰਾਰਥਨਾ ਕਰਨ ਜਦੋਂ ਤੱਕ ਤੂੰ ਲੱਭ ਸਕੇ; ਯਕੀਨਨ ਹੀ ਸ਼ਕਤੀਸ਼ਾਲੀ ਪਾਣੀਆਂ ਦਾ ਚੜ੍ਹਨਾ ਉਹਨਾਂ ਤੱਕ ਨਹੀਂ ਪਹੁੰਚੇਗਾ।

7ਤੂੰ ਮੇਰੇ ਛੁਪਣ ਦੀ ਜਗ੍ਹਾ ਹੈ; ਤੂੰ ਮੈਨੂੰ ਮੁਸੀਬਤਾਂ ਤੋਂ ਬਚਾਵੇਂਗਾ ਅਤੇ ਮੈਨੂੰ ਛੁਟਕਾਰੇ ਦੇ ਗੀਤਾਂ ਨਾਲ ਘੇਰ ਲਵੇਂਗਾ।

8ਮੈਂ ਤੁਹਾਨੂੰ ਸਿਖਾਵਾਂਗਾ ਅਤੇ ਤੁਹਾਨੂੰ ਉਹ ਤਰੀਕੇ ਸਮਝਾਵਾਂਗਾ ਜਿਸ ਤਰ੍ਹਾਂ ਤੁਹਾਨੂੰ ਜਿਉਂਣਾ ਚਾਹੀਦਾ ਹੈ; ਮੈਂ ਤੁਹਾਡੇ ਉੱਤੇ ਆਪਣੀ ਪਿਆਰੀ ਨਜ਼ਰ ਨਾਲ ਤੁਹਾਡੀ ਰੱਖਿਆ ਕਰਾਂਗਾ।

9ਤੁਸੀਂ ਘੋੜੇ ਜਾਂ ਖੱਚਰ ਵਰਗੇ ਨਾ ਬਣੋ, ਜਿਸ ਨੂੰ ਕੋਈ ਸਮਝ ਨਹੀਂ ਹੁੰਦੀ ਪਰ ਰੋਕ ਅਤੇ ਲਗਾਮ ਨਾਲ ਕਾਬੂ ਕਰਨਾ ਪੈਂਦਾ ਹੈ ਨਹੀਂ ਤਾਂ ਉਹ ਤੁਹਾਡੇ ਕੋਲ ਨਹੀਂ ਆਉਣਗੇ।

10ਦੁਸ਼ਟਾਂ ਦੇ ਦੁੱਖ ਬਹੁਤ ਹਨ, ਪਰ ਯਾਹਵੇਹ ਦਾ ਅਟੱਲ ਪਿਆਰ ਉਸ ਵਿੱਚ ਭਰੋਸਾ ਰੱਖਣ ਵਾਲੇ ਨੂੰ ਸੁਰੱਖਿਅਤ ਰੱਖਦਾ ਹੈ।

11ਹੇ ਧਰਮੀਓ, ਯਾਹਵੇਹ ਵਿੱਚ ਅਨੰਦ ਹੋਵੋ ਅਤੇ ਖੁਸ਼ ਮਨਾਓ, ਹੇ ਸਾਰੇ ਸੱਚੇ ਦਿਲ ਵਾਲੇ ਲੋਕੋ, ਗਾਓ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.