ਜ਼ਬੂਰਾਂ 56

1ਹੇ ਮੇਰੇ ਪਰਮੇਸ਼ਵਰ, ਮੇਰੇ ਉੱਤੇ ਦਯਾ ਕਰ, ਕਿਉਂ ਜੋ ਮੇਰੇ ਵੈਰੀ ਸਖ਼ਤ ਪਿੱਛਾ ਕਰ ਰਹੇ ਹਨ। ਸਾਰਾ ਦਿਨ ਉਹ ਆਪਣੇ ਹਮਲੇ ਨੂੰ ਦਬਾਉਂਦੇ ਹਨ।

2ਮੇਰੇ ਵਿਰੋਧੀ ਸਾਰਾ ਦਿਨ ਮੇਰਾ ਪਿੱਛਾ ਕਰਦੇ ਹਨ; ਆਪਣੇ ਹੰਕਾਰ ਵਿੱਚ ਬਹੁਤ ਸਾਰੇ ਮੇਰੇ ਉੱਤੇ ਹਮਲਾ ਕਰਦੇ ਹਨ।

3ਜਦੋਂ ਮੈਂ ਡਰਦਾ ਹਾਂ, ਮੈਂ ਤੇਰੇ ਉੱਤੇ ਭਰੋਸਾ ਰੱਖਦਾ ਹਾਂ।

4ਪਰਮੇਸ਼ਵਰ ਵਿੱਚ, ਜਿਸ ਦੇ ਬਚਨ ਦੀ ਮੈਂ ਵਡਿਆਈ ਕਰਦਾ ਹਾਂ, ਪਰਮੇਸ਼ਵਰ ਵਿੱਚ ਮੈਂ ਭਰੋਸਾ ਕਰਦਾ ਹਾਂ ਅਤੇ ਡਰਦਾ ਨਹੀਂ ਹਾਂ। ਨਿਰੇ ਮਨੁੱਖ ਮੇਰਾ ਕੀ ਕਰ ਸਕਦੇ ਹਨ?

5ਸਾਰਾ ਦਿਨ ਉਹ ਮੇਰੇ ਬੋਲਾਂ ਨੂੰ ਤੋੜਦੇ ਮਰੋੜ ਦੇ ਰਹਿੰਦੇ ਹਨ; ਉਹਨਾਂ ਦੀਆਂ ਸਾਰੀਆਂ ਯੋਜਨਾਵਾਂ ਮੇਰੀ ਬਰਬਾਦੀ ਲਈ ਹਨ।

6ਉਹ ਸਾਜ਼ਿਸ਼ ਰਚਦੇ ਹਨ, ਉਹ ਲੁਕਦੇ ਹਨ, ਉਹ ਮੇਰੇ ਕਦਮਾਂ ਨੂੰ ਦੇਖਦੇ ਹਨ, ਮੇਰੀ ਜਾਨ ਲੈਣ ਦੀ ਉਮੀਦ ਰੱਖਦੇ ਹਨ।

7ਉਹਨਾਂ ਦੀ ਦੁਸ਼ਟਤਾ ਦੇ ਕਾਰਨ ਉਹਨਾਂ ਨੂੰ ਬਚ ਕੇ ਨਿਕਲ ਨਾ ਦੇ। ਹੇ ਪਰਮੇਸ਼ਵਰ, ਆਪਣੇ ਕ੍ਰੋਧ ਵਿੱਚ ਕੌਮਾਂ ਨੂੰ ਹੇਠਾਂ ਲਿਆ।

8ਮੇਰੇ ਦੁੱਖ ਨੂੰ ਦਰਜ ਕਰ; ਮੇਰੇ ਹੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ ਛੱਡ, ਕੀ ਉਹ ਤੇਰੀ ਕਿਤਾਬ ਵਿੱਚ ਨਹੀਂ ਹਨ?

9ਫਿਰ ਜਦੋਂ ਮੈਂ ਮਦਦ ਲਈ ਪੁਕਾਰਦਾ ਹਾਂ ਤਾਂ ਮੇਰੇ ਦੁਸ਼ਮਣ ਵਾਪਸ ਮੁੜ ਜਾਣਗੇ। ਇਸ ਤੋਂ ਮੈਂ ਜਾਣ ਜਾਵਾਂਗਾ ਕਿ ਪਰਮੇਸ਼ਵਰ ਮੇਰੇ ਵੱਲ ਹੈ।

10ਪਰਮੇਸ਼ਵਰ ਵਿੱਚ, ਜਿਸਦੇ ਬਚਨ ਦੀ ਮੈਂ ਉਸਤਤ ਕਰਦਾ ਹਾਂ, ਯਾਹਵੇਹ ਵਿੱਚ, ਜਿਸਦੇ ਬਚਨ ਦੀ ਮੈਂ ਉਸਤਤ ਕਰਦਾ ਹਾਂ,

11ਮੈਂ ਪਰਮੇਸ਼ਵਰ ਉੱਤੇ ਭਰੋਸਾ ਰੱਖਦਾ ਹਾਂ ਅਤੇ ਡਰਦਾ ਨਹੀਂ ਹਾਂ। ਮਨੁੱਖ ਮੇਰਾ ਕੀ ਕਰ ਸਕਦਾ ਹੈ?

12ਹੇ ਮੇਰੇ ਪਰਮੇਸ਼ਵਰ, ਮੈਂ ਤੇਰੇ ਅੱਗੇ ਸੁੱਖਣਾ ਸੁੱਖਦਾ ਹਾਂ; ਮੈਂ ਤੈਨੂੰ ਧੰਨਵਾਦ ਦੀਆਂ ਭੇਟਾਂ ਦਿਆਂਗਾ।

13ਕਿਉਂ ਜੋ ਤੂੰ ਮੈਨੂੰ ਮੌਤ ਤੋਂ ਅਤੇ ਮੇਰੇ ਪੈਰਾਂ ਨੂੰ ਠੋਕਰ ਲੱਗਣ ਤੋਂ ਬਚਾਇਆ ਹੈ, ਤਾਂ ਜੋ ਮੈਂ ਜੀਵਨ ਦੇ ਚਾਨਣ ਵਿੱਚ ਪਰਮੇਸ਼ਵਰ ਦੇ ਅੱਗੇ ਚੱਲਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.