ਜ਼ਬੂਰਾਂ 76

1ਪਰਮੇਸ਼ਵਰ ਯਹੂਦਾਹ ਵਿੱਚ ਜਾਣਿਆ ਜਾਂਦਾ ਹੈ; ਇਸਰਾਏਲ ਵਿੱਚ ਉਸਦਾ ਨਾਮ ਮਹਾਨ ਹੈ।

2ਸ਼ਾਲੇਮ ਵਿੱਚ ਉਸਦਾ ਤੰਬੂ ਹੈ, ਉਸਦਾ ਨਿਵਾਸ ਸਥਾਨ ਸੀਯੋਨ ਵਿੱਚ ਹੈ।

3ਉੱਥੇ ਉਸਨੇ ਅਗਨੀ ਤੀਰਾਂ ਨੂੰ, ਢਾਲਾ, ਤਲਵਾਰਾਂ ਅਤੇ ਯੁੱਧ ਦੇ ਹਥਿਆਰਾਂ ਨੂੰ ਤੋੜ ਦਿੱਤਾ।

4ਤੂੰ ਚਾਨਣ ਨਾਲੋਂ ਚਮਕਦਾਰ ਹੈ, ਅਤੇ ਪਰਬਤਾਂ ਨਾਲੋਂ ਵੱਧ ਸ਼ਾਨਦਾਰ ਹੈ।

5ਸੂਰਬੀਰ ਝੂਠ ਨਾਲ ਲੁੱਟੇ ਗਏ ਹਨ, ਉਹ ਆਪਣੀ ਆਖਰੀ ਨੀਂਦ ਸੌਂਦੇ ਹਨ; ਯੋਧਿਆਂ ਵਿੱਚੋਂ ਕੋਈ ਵੀ, ਆਪਣੇ ਹੱਥ ਨਹੀਂ ਚੁੱਕ ਸਕਦਾ।

6ਹੇ ਯਾਕੋਬ ਦੇ ਪਰਮੇਸ਼ਵਰ, ਤੇਰੀ ਝਿੜਕ ਨਾਲ, ਘੋੜਾ ਅਤੇ ਰੱਥ ਦੋਵੇਂ ਗਹਿਰੀ ਨੀਂਦ ਸੋ ਗਏ ਹਨ।

7ਸਿਰਫ ਤੂੰ ਹੀ ਹੈ ਜਿਸ ਤੋਂ ਡਰਨਾ ਚਾਹੀਦਾ ਹੈ। ਜਦੋਂ ਤੂੰ ਕ੍ਰੋਧ ਵਿੱਚ ਹੁੰਦਾ ਹੈ ਤਾਂ ਤੇਰੇ ਅੱਗੇ ਕੌਣ ਖੜ੍ਹਾ ਹੋ ਸਕਦਾ ਹੈ?

8ਤੂੰ ਸਵਰਗ ਤੋਂ ਨਿਆਂ ਸੁਣਾਇਆ, ਅਤੇ ਧਰਤੀ ਡਰ ਗਈ ਅਤੇ ਸ਼ਾਂਤ ਹੋ ਗਈ।

9ਹੇ ਪਰਮੇਸ਼ਵਰ ਜਦੋਂ ਤੂੰ ਨਿਆਂ ਕਰਨ ਲਈ ਉੱਠਿਆ ਤਾਂ ਜੋ ਦੇਸ਼ ਦੇ ਸਾਰੇ ਦੁੱਖੀਆਂ ਨੂੰ ਬਚਾ ਸਕੇ।

10ਸੱਚ-ਮੁੱਚ ਹੀ ਮਨੁੱਖਾਂ ਦੇ ਵਿਰੁੱਧ ਤੇਰਾ ਕ੍ਰੋਧ ਤੇਰੀ ਉਸਤਤ ਲਿਆਉਂਦਾ ਹੈ, ਅਤੇ ਜਿਹੜੇ ਤੇਰੇ ਕ੍ਰੋਧ ਤੋਂ ਬੱਚ ਜਾਣਗੇ, ਉਹ ਤੇਰੇ ਤਿਉਹਾਰ ਤੇ ਤੇਰੀ ਉਸਤਤ ਕਰਨਗੇ।

11ਯਾਹਵੇਹ ਆਪਣੇ ਪਰਮੇਸ਼ਵਰ ਅੱਗੇ ਸੁੱਖਣਾ ਸੁੱਖੋ ਅਤੇ ਉਸ ਨੂੰ ਪੂਰਾ ਕਰੋ; ਸਾਰੇ ਗੁਆਂਢੀ, ਉਸ ਦੇ ਲਈ ਜਿਸ ਤੋਂ ਡਰਨਾ ਚਾਹੀਦਾ ਹੈ ਭੇਂਟਾਂ ਲਿਆਉਣ।

12ਉਹ ਹਾਕਮਾਂ ਦਾ ਮਨੋਬਲ ਤੋੜਦਾ ਹੈ; ਧਰਤੀ ਦੇ ਮਹਾਨ ਰਾਜੇ ਉਸ ਤੋਂ ਡਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.