ਜ਼ਬੂਰਾਂ 36

1ਮੇਰੇ ਮਨ ਵਿੱਚ ਪਰਮੇਸ਼ਵਰ ਵੱਲੋਂ ਦੁਸ਼ਟਾਂ ਦੇ ਪਾਪਾਂ ਬਾਰੇ ਇੱਕ ਸੰਦੇਸ਼ ਹੈ: ਉਹਨਾਂ ਦੀਆਂ ਅੱਖਾਂ ਵਿੱਚ ਪਰਮੇਸ਼ਵਰ ਦਾ ਕੋਈ ਡਰ ਨਹੀਂ ਹੈ।

2ਆਪਣੀਆਂ ਨਜ਼ਰਾਂ ਵਿੱਚ ਉਹ ਆਪਣੇ ਆਪ ਦੀ ਚਾਪਲੂਸੀ ਕਰਦੇ ਹਨ, ਜਿਸ ਕਾਰਨ ਉਹ ਨਾ ਤੇ ਆਪਣਾ ਪਾਪ ਵੇਖ ਪਾਂਉਦੇ ਹਨ ਅਤੇ ਨਾ ਹੀ ਉਸ ਨਾਲ ਨਫ਼ਰਤ ਕਰ ਪਾਂਉਦੇ ਹਨ।

3ਉਹਨਾਂ ਦੇ ਮੂੰਹ ਦੇ ਸ਼ਬਦ ਬੁਰਾਈ ਅਤੇ ਧੋਖੇਬਾਜ਼ੀ ਦੇ ਹਨ; ਉਹ ਸਮਝਦਾਰੀ ਨਾਲ ਕੰਮ ਕਰਨ ਜਾਂ ਚੰਗੇ ਕੰਮ ਕਰਨ ਵਿੱਚ ਅਸਫ਼ਲ ਰਹਿੰਦੇ ਹਨ।

4ਆਪਣੇ ਬਿਸਤਰੇ ਉੱਤੇ ਵੀ ਉਹ ਬੁਰਾਈ ਦੀ ਸਾਜ਼ਿਸ਼ ਰਚਦੇ ਹਨ; ਉਹ ਆਪਣੇ ਆਪ ਨੂੰ ਇੱਕ ਪਾਪੀ ਰਾਹ ਲਈ ਸੌਂਪ ਦਿੰਦੇ ਹਨ ਅਤੇ ਜੋ ਗਲਤ ਹੈ ਉਸਨੂੰ ਰੱਦ ਨਹੀਂ ਕਰਦੇ।

5ਹੇ ਯਾਹਵੇਹ, ਤੇਰਾ ਪਿਆਰ ਸਵਰਗ ਤੱਕ ਪਹੁੰਚਦਾ ਹੈ, ਤੇਰੀ ਵਫ਼ਾਦਾਰੀ ਅਕਾਸ਼ ਤੱਕ।

6ਤੇਰੀ ਧਾਰਮਿਕਤਾ ਉੱਚੇ ਪਹਾੜਾਂ ਵਰਗੀ ਹੈ, ਤੇਰਾ ਨਿਆਂ ਡੂੰਘਿਆਈਆਂ ਵਰਗਾ ਹੈ। ਯਾਹਵੇਹ, ਤੂੰ ਮਨੁੱਖਾਂ ਅਤੇ ਜਾਨਵਰਾਂ ਦੋਵਾਂ ਦੀ ਰੱਖਿਆ ਕਰਦਾ ਹੈ।

7ਹੇ ਪਰਮੇਸ਼ਵਰ, ਤੇਰਾ ਅਟੱਲ ਪਿਆਰ ਕਿੰਨਾ ਅਨਮੋਲ ਹੈ! ਲੋਕ ਤੇਰੇ ਖੰਭਾਂ ਦੇ ਪਰਛਾਵੇਂ ਵਿੱਚ ਪਨਾਹ ਲੈਂਦੇ ਹਨ।

8ਉਹ ਤੇਰੇ ਘਰ ਦੀ ਬਹੁਤਾਤ ਉੱਤੇ ਦਾਵਤ ਕਰਦੇ ਹਨ; ਤੂੰ ਉਹਨਾਂ ਨੂੰ ਆਪਣੇ ਅਨੰਦ ਦੀ ਨਦੀ ਵਿੱਚੋਂ ਪਿਲਾਉਂਦਾ ਹੈ।

9ਕਿਉਂਕਿ ਤੇਰੇ ਨਾਲ ਜੀਵਨ ਦਾ ਚਸ਼ਮਾ ਹੈ; ਤੇਰੀ ਰੋਸ਼ਨੀ ਵਿੱਚ ਅਸੀਂ ਰੋਸ਼ਨੀ ਦੇਖਦੇ ਹਾਂ।

10ਜਿਹੜੇ ਤੈਨੂੰ ਜਾਣਦੇ ਹਨ ਉਹਨਾਂ ਨਾਲ ਆਪਣਾ ਪਿਆਰ ਜਾਰੀ ਰੱਖ, ਆਪਣੀ ਧਾਰਮਿਕਤਾ ਸੱਚੇ ਦਿਲ ਵਾਲੇ ਲੋਕਾਂ ਉੱਤੇ ਵਧਾਈ ਜਾ।

11ਹੰਕਾਰੀ ਦਾ ਪੈਰ ਮੇਰੇ ਵਿਰੁੱਧ ਨਾ ਆਵੇ, ਨਾ ਹੀ ਦੁਸ਼ਟ ਦਾ ਹੱਥ ਮੈਨੂੰ ਦੂਰ ਭਜਾਵੇ।

12ਵੇਖ, ਕੁਕਰਮੀ ਦਾ ਅੰਤ ਹੋ ਚੁੱਕਿਆ ਹੈ, ਉਹ ਹੇਠਾਂ ਸੁੱਟੇ ਗਏ, ਹੁਣ ਉਹ ਉੱਠਣ ਦੇ ਯੋਗ ਨਹੀਂ ਹਨ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.