ਜ਼ਬੂਰਾਂ 48

1ਯਾਹਵੇਹ ਮਹਾਨ ਹੈ ਅਤੇ ਮਹਿਮਾ ਦੇ ਯੋਗ ਹੈ, ਸਾਡੇ ਪਰਮੇਸ਼ਵਰ ਦੇ ਸ਼ਹਿਰ ਵਿੱਚ, ਉਸਦੇ ਪਵਿੱਤਰ ਪਹਾੜ ਉੱਤੇ।

2ਆਪਣੀ ਉਚਾਈ ਵਿੱਚ ਸੁੰਦਰ, ਸਾਰੀ ਧਰਤੀ ਦੀ ਖੁਸ਼ੀ, ਜ਼ਾਫ਼ੋਨ ਦੀਆਂ ਉਚਾਈਆਂ ਵਾਂਗ ਸੀਯੋਨ ਪਰਬਤ ਹੈ, ਮਹਾਨ ਰਾਜੇ ਦਾ ਸ਼ਹਿਰ ਹੈ।

3ਪਰਮੇਸ਼ਵਰ ਨੇ ਉਸ ਦੇ ਰਾਜਮਹਿਲ ਵਿੱਚ ਵਾਸ ਕਰਕੇ; ਉਸਨੇ ਆਪਣੇ ਆਪ ਨੂੰ ਉਸਦਾ ਕਿੱਲਾ ਦਿਖਾਇਆ ਹੈ।

4ਜਦੋਂ ਰਾਜੇ ਫ਼ੌਜਾਂ ਵਿੱਚ ਸ਼ਾਮਲ ਹੋਏ, ਤਦ ਉਹ ਮਿਲ ਕੇ ਲੰਘ ਗਏ,

5ਉਹਨਾਂ ਨੇ ਉਸਨੂੰ ਵੇਖਿਆ ਅਤੇ ਹੈਰਾਨ ਰਹਿ ਗਏ; ਉਹ ਡਰ ਕੇ ਭੱਜ ਗਏ।

6ਕੰਬਦੇ ਹੋਏ ਉਹ ਉੱਥੇ ਹੀ ਰੁਕ ਗਏ, ਜਣੇਪੇ ਵਾਲੀ ਔਰਤ ਵਰਗਾ ਦਰਦ।

7ਤੁਸੀਂ ਉਹਨਾਂ ਨੂੰ ਤਰਸ਼ੀਸ਼ ਦੇ ਜਹਾਜ਼ਾਂ ਵਾਂਗ ਤਬਾਹ ਕਰ ਦਿੱਤਾ, ਪੂਰਬੀ ਹਵਾ ਨਾਲ ਚਕਨਾਚੂਰ ਕਰ ਦਿੱਤਾ।

8ਜਿਵੇਂ ਅਸੀਂ ਸੁਣਿਆ ਹੈ, ਉਸੇ ਤਰ੍ਹਾਂ ਅਸੀਂ ਵੇਖਿਆ ਵੀ ਹੈ ਯਾਹਵੇਹ ਸਰਬਸ਼ਕਤੀਮਾਨ ਦੇ ਸ਼ਹਿਰ ਵਿੱਚ, ਸਾਡੇ ਪਰਮੇਸ਼ਵਰ ਦੇ ਸ਼ਹਿਰ ਵਿੱਚ: ਪਰਮੇਸ਼ਵਰ ਉਸ ਨੂੰ ਸਦਾ ਲਈ ਸੁਰੱਖਿਅਤ ਰੱਖਦਾ ਹੈ।

9ਹੇ ਪਰਮੇਸ਼ਵਰ, ਤੇਰੀ ਹੈਕਲ ਵਿੱਚ, ਅਸੀਂ ਤੇਰੇ ਅਟੱਲ ਪਿਆਰ ਦਾ ਸਿਮਰਨ ਕਰਦੇ ਹਾਂ।

10ਹੇ ਪਰਮੇਸ਼ਵਰ, ਤੇਰੇ ਨਾਮ ਵਾਂਗ, ਤੇਰੀ ਮਹਿਮਾ ਧਰਤੀ ਦੇ ਕੰਢਿਆਂ ਤੱਕ ਪਹੁੰਚਦੀ ਹੈ; ਤੇਰਾ ਸੱਜਾ ਹੱਥ ਧਰਮ ਨਾਲ ਭਰਿਆ ਹੋਇਆ ਹੈ।

11ਸੀਯੋਨ ਪਰਬਤ ਅਨੰਦ ਹੋਵੇ, ਯਹੂਦਾਹ ਦੇ ਪਿੰਡ ਤੇਰੇ ਨਿਆਵਾਂ ਦੇ ਕਾਰਨ ਖੁਸ਼ੀ ਮਨਾਉਣ।

12ਸੀਯੋਨ ਦੇ ਆਲੇ-ਦੁਆਲੇ ਘੁੰਮੋ, ਉਸ ਦੇ ਆਲੇ-ਦੁਆਲੇ ਚੱਲੋ, ਉਸ ਦੇ ਬੁਰਜਾਂ ਨੂੰ ਗਿਣੋ,

13ਉਸ ਦੇ ਕਿਲੇ ਨੂੰ ਚੰਗੀ ਤਰ੍ਹਾਂ ਸਮਝੋ, ਉਸ ਦੇ ਕਿਲ੍ਹਿਆਂ ਨੂੰ ਦੇਖੋ, ਤਾਂ ਜੋ ਤੁਸੀਂ ਅਗਲੀ ਪੀੜ੍ਹੀ ਨੂੰ ਉਹਨਾਂ ਬਾਰੇ ਦੱਸ ਸਕੋ।

14ਕਿਉਂਕਿ ਇਹ ਪਰਮੇਸ਼ਵਰ ਸਦਾ ਅਤੇ ਸਦਾ ਲਈ ਸਾਡਾ ਪਰਮੇਸ਼ਵਰ ਹੈ; ਉਹ ਮਰਨ ਤੱਕ ਸਾਡੀ ਅਗਵਾਈ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.