9“ਅਤੇ ਹੇ ਮੇਰੇ ਪੁੱਤਰ ਸ਼ਲੋਮੋਨ, ਤੂੰ ਆਪਣੇ ਪਿਤਾ ਦੇ ਪਰਮੇਸ਼ਵਰ ਨੂੰ ਮੰਨਦਾ ਹੈ, ਅਤੇ ਉਸ ਦੀ ਸੇਵਾ ਪੂਰੇ ਦਿਲ ਨਾਲ ਅਤੇ ਮਨ ਨਾਲ ਕਰ, ਕਿਉਂਕਿ ਯਾਹਵੇਹ ਹਰੇਕ ਦਿਲ ਦੀ ਜਾਂਚ ਕਰਦਾ ਹੈ ਅਤੇ ਹਰ ਇੱਛਾ ਅਤੇ ਹਰ ਵਿਚਾਰ ਨੂੰ ਸਮਝਦਾ ਹੈ। ਜੇਕਰ ਤੁਸੀਂ ਉਸਨੂੰ ਲੱਭਦੇ ਹੋ, ਤਾਂ ਉਹ ਤੁਹਾਨੂੰ ਮਿਲ ਜਾਵੇਗਾ; ਪਰ ਜੇ ਤੁਸੀਂ ਉਸਨੂੰ ਤਿਆਗ ਦਿੰਦੇ ਹੋ, ਤਾਂ ਉਹ ਤੁਹਾਨੂੰ ਹਮੇਸ਼ਾ ਲਈ ਤਿਆਗ ਦੇਵੇਗਾ।
10ਹੁਣ ਵੇਖ, ਕਿਉਂ ਜੋ ਯਾਹਵੇਹ ਨੇ ਤੈਨੂੰ ਚੁਣਿਆ ਹੈ, ਤਾਂ ਕਿ ਤੂੰ ਪਵਿੱਤਰ ਸਥਾਨ ਦੇ ਲਈ ਇੱਕ ਭਵਨ ਬਣਾਵੇਂ। ਉੱਠ, ਤਕੜਾ ਹੋ ਅਤੇ ਉਸ ਨੂੰ ਬਣਾ।”
11ਤਦ ਦਾਵੀਦ ਨੇ ਆਪਣੇ ਪੁੱਤਰ ਸ਼ਲੋਮੋਨ ਨੂੰ ਹੈਕਲ ਦੇ ਦਰਵਾਜ਼ੇ, ਉਸ ਦੀਆਂ ਇਮਾਰਤਾਂ, ਉਸ ਦੇ ਭੰਡਾਰਾਂ, ਉਸ ਦੇ ਉੱਪਰਲੇ ਹਿੱਸੇ, ਅੰਦਰਲੇ ਕੋਠੜੀਆਂ ਅਤੇ ਪ੍ਰਾਸਚਿਤ ਦੇ ਸਥਾਨ ਦੀ ਵਿਉਂਤ ਦਿੱਤੀ।
12ਅਤੇ ਉਨ੍ਹਾਂ ਸਭਨਾਂ ਦਾ ਨਕਸ਼ਾ ਜਿਹੜਾ ਉਹ ਦੇ ਆਤਮਾ ਵਿੱਚ ਸੀ, ਅਰਥਾਤ ਯਾਹਵੇਹ ਦੇ ਭਵਨ ਦੇ ਵਿਹੜਿਆਂ ਦਾ, ਇਰਦ-ਗਿਰਦ ਦੀਆਂ ਕੋਠੜੀਆਂ ਦਾ, ਪਰਮੇਸ਼ਵਰ ਦੇ ਘਰ ਦੇ ਭੰਡਾਰਾਂ ਦਾ, ਚੜ੍ਹਾਈਆਂ ਹੋਈਆਂ ਵਸਤਾਂ ਦੇ ਖਜ਼ਾਨਿਆਂ ਦਾ।
13ਉਸ ਨੇ ਉਸ ਨੂੰ ਜਾਜਕਾਂ ਅਤੇ ਲੇਵੀਆਂ ਦੇ ਭਾਗਾਂ ਲਈ ਅਤੇ ਯਾਹਵੇਹ ਦੇ ਭਵਨ ਵਿੱਚ ਸੇਵਾ ਕਰਨ ਦੇ ਸਾਰੇ ਕੰਮ ਲਈ ਅਤੇ ਨਾਲ ਹੀ ਉਸ ਦੀ ਸੇਵਾ ਵਿੱਚ ਵਰਤੇ ਜਾਣ ਵਾਲੇ ਸਾਰੇ ਸਮਾਨ ਲਈ ਹਿਦਾਇਤਾਂ ਦਿੱਤੀਆਂ।