11ਤਦ ਦਾਵੀਦ ਨੇ ਆਪਣੇ ਪੁੱਤਰ ਸ਼ਲੋਮੋਨ ਨੂੰ ਹੈਕਲ ਦੇ ਦਰਵਾਜ਼ੇ, ਉਸ ਦੀਆਂ ਇਮਾਰਤਾਂ, ਉਸ ਦੇ ਭੰਡਾਰਾਂ, ਉਸ ਦੇ ਉੱਪਰਲੇ ਹਿੱਸੇ, ਅੰਦਰਲੇ ਕੋਠੜੀਆਂ ਅਤੇ ਪ੍ਰਾਸਚਿਤ ਦੇ ਸਥਾਨ ਦੀ ਵਿਉਂਤ ਦਿੱਤੀ।
12ਅਤੇ ਉਨ੍ਹਾਂ ਸਭਨਾਂ ਦਾ ਨਕਸ਼ਾ ਜਿਹੜਾ ਉਹ ਦੇ ਆਤਮਾ ਵਿੱਚ ਸੀ, ਅਰਥਾਤ ਯਾਹਵੇਹ ਦੇ ਭਵਨ ਦੇ ਵਿਹੜਿਆਂ ਦਾ, ਇਰਦ-ਗਿਰਦ ਦੀਆਂ ਕੋਠੜੀਆਂ ਦਾ, ਪਰਮੇਸ਼ਵਰ ਦੇ ਘਰ ਦੇ ਭੰਡਾਰਾਂ ਦਾ, ਚੜ੍ਹਾਈਆਂ ਹੋਈਆਂ ਵਸਤਾਂ ਦੇ ਖਜ਼ਾਨਿਆਂ ਦਾ।
13ਉਸ ਨੇ ਉਸ ਨੂੰ ਜਾਜਕਾਂ ਅਤੇ ਲੇਵੀਆਂ ਦੇ ਭਾਗਾਂ ਲਈ ਅਤੇ ਯਾਹਵੇਹ ਦੇ ਭਵਨ ਵਿੱਚ ਸੇਵਾ ਕਰਨ ਦੇ ਸਾਰੇ ਕੰਮ ਲਈ ਅਤੇ ਨਾਲ ਹੀ ਉਸ ਦੀ ਸੇਵਾ ਵਿੱਚ ਵਰਤੇ ਜਾਣ ਵਾਲੇ ਸਾਰੇ ਸਮਾਨ ਲਈ ਹਿਦਾਇਤਾਂ ਦਿੱਤੀਆਂ।
14ਉਸ ਨੇ ਸਾਰੀਆਂ ਸੋਨੇ ਦੀਆਂ ਵਸਤੂਆਂ ਲਈ ਸੋਨੇ ਦਾ ਵਜ਼ਨ ਵੱਖ-ਵੱਖ ਕਿਸਮਾਂ ਦੀ ਸੇਵਾ ਵਿੱਚ ਵਰਤੇ ਜਾਣ ਲਈ ਅਤੇ ਚਾਂਦੀ ਦੀਆਂ ਸਾਰੀਆਂ ਵਸਤੂਆਂ ਲਈ ਚਾਂਦੀ ਦਾ ਭਾਰ ਵੱਖੋ-ਵੱਖਰੀਆਂ ਸੇਵਾ ਵਿੱਚ ਵਰਤੇ ਜਾਣ ਲਈ ਨਿਰਧਾਰਤ ਕੀਤਾ:
15ਸੋਨੇ ਦੇ ਸ਼ਮਾਦਾਨਾਂ ਲਈ ਸੋਨੇ ਦਾ ਭਾਰ ਅਤੇ ਉਹਨਾਂ ਦੇ ਦੀਵੇ, ਹਰ ਇੱਕ ਸ਼ਮਾਦਾਨ ਅਤੇ ਉਸਦੇ ਦੀਵਿਆਂ ਦੇ ਭਾਰ ਦੇ ਨਾਲ ਅਤੇ ਹਰੇਕ ਚਾਂਦੀ ਦੇ ਸ਼ਮਾਦਾਨ ਅਤੇ ਉਸਦੇ ਦੀਵਿਆਂ ਲਈ ਚਾਂਦੀ ਦਾ ਭਾਰ, ਹਰ ਇੱਕ ਸ਼ਮਾਦਾਨ ਦੀ ਵਰਤੋਂ ਦੇ ਅਨੁਸਾਰ।