ਉਪਦੇਸ਼ਕ 8

1ਬੁੱਧਵਾਨ ਦੇ ਵਰਗਾ ਕੌਣ ਹੈ? ਕਿਸੇ ਗੱਲ ਦੀ ਵਿਆਖਿਆ ਕੌਣ ਜਾਣਦਾ ਹੈ? ਮਨੁੱਖ ਦੀ ਬੁੱਧ ਉਸ ਦੇ ਚਿਹਰੇ ਨੂੰ ਚਮਕਾਉਂਦੀ ਹੈ ਅਤੇ ਉਸਦੇ ਚਿਹਰੇ ਦੀ ਕਠੋਰਤਾ ਬਦਲ ਜਾਂਦੀ ਹੈ।

2ਮੈਂ ਆਖਦਾ ਹਾਂ ਰਾਜੇ ਦਾ ਹੁਕਮ ਮੰਨੋ, ਕਿਉਂਕਿ ਤੁਸੀਂ ਪਰਮੇਸ਼ਵਰ ਦੇ ਅੱਗੇ ਸਹੁੰ ਖਾਧੀ ਸੀ।

3ਰਾਜੇ ਦੀ ਹਜ਼ੂਰੀ ਛੱਡਣ ਦੀ ਜਲਦਬਾਜ਼ੀ ਨਾ ਕਰ। ਕਿਸੇ ਬੁਰੇ ਕੰਮ ਲਈ ਖੜ੍ਹਾ ਨਾ ਹੋ, ਕਿਉਂਕਿ ਉਹ ਜੋ ਚਾਹੇਗਾ ਉਹ ਕਰੇਗਾ।

4ਕਿਉਂਕਿ ਇੱਕ ਰਾਜੇ ਦੀ ਆਗਿਆ ਵਿੱਚ ਸਮਰੱਥਾ ਹੁੰਦੀ ਹੈ ਉਸ ਨੂੰ ਕੌਣ ਕਹਿ ਸਕਦਾ ਹੈ, “ਤੁਸੀਂ ਇਹ ਕੀ ਕਰ ਰਹੇ ਹੋ?”

5ਜੋ ਕੋਈ ਉਸ ਦੇ ਹੁਕਮ ਨੂੰ ਮੰਨਦਾ ਹੈ ਉਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਅਤੇ ਸਿਆਣਾ ਦਿਲ ਸਹੀ ਸਮੇਂ ਅਤੇ ਵਿਧੀ ਨੂੰ ਜਾਣ ਲਵੇਗਾ।

6ਕਿਉਂਕਿ ਹਰ ਇੱਕ ਮਾਮਲੇ ਲਈ ਇੱਕ ਢੁਕਵਾਂ ਸਮਾਂ ਅਤੇ ਵਿਧੀ ਹੈ, ਭਾਵੇਂ ਕੋਈ ਵਿਅਕਤੀ ਦੁੱਖਾਂ ਦੁਆਰਾ ਦੱਬਿਆ ਹੋਵੇ।

7ਕਿਉਂਕਿ ਭਵਿੱਖ ਬਾਰੇ ਕੋਈ ਨਹੀਂ ਜਾਣਦਾ, ਕਿਸੇ ਹੋਰ ਨੂੰ ਕੌਣ ਦੱਸ ਸਕਦਾ ਹੈ ਕਿ ਕਿਵੇਂ ਹੋਵੇਗਾ?

8ਜਿਵੇਂ ਕਿ ਕਿਸੇ ਕੋਲ ਹਵਾ ਨੂੰ ਕਾਬੂ ਕਰਨ ਦੀ ਸ਼ਕਤੀ ਨਹੀਂ ਹੈ, ਇਸੇ ਤਰ੍ਹਾਂ ਨਾ ਕਿਸੇ ਨੂੰ ਮੌਤ ਦੇ ਦਿਨ ਦੇ ਉੱਤੇ ਉਸ ਦਾ ਅਧਿਕਾਰ ਹੈ। ਜਿਵੇਂ ਯੁੱਧ ਦੇ ਸਮੇਂ ਕੋਈ ਵੀ ਛੁਟਕਾਰਾ ਨਹੀਂ ਦਿੰਦਾ, ਉਸੇ ਤਰ੍ਹਾਂ ਬੁਰਿਆਈ ਉਹਨਾਂ ਨੂੰ ਨਹੀਂ ਛੁਡਾਵੇਗੀ ਜੋ ਇਸ ਦਾ ਅਭਿਆਸ ਕਰਦੇ ਹਨ।

9ਇਹ ਸਭ ਮੈਂ ਦੇਖਿਆ ਅਤੇ ਮੈਂ ਆਪਣਾ ਮਨ ਸਾਰਿਆਂ ਕੰਮਾਂ ਉੱਤੇ ਲਗਾਇਆ, ਜੋ ਸੂਰਜ ਦੇ ਹੇਠਾਂ ਹੁੰਦੇ ਹਨ ਜਦੋਂ ਮਨੁੱਖ ਆਪਣੇ ਆਪ ਨੂੰ ਠੇਸ ਪਹੁੰਚਾਉਣ ਲਈ ਦੂਸਰਿਆ ਉੱਤੇ ਰਾਜ ਕਰਦਾ ਹੈ।

10ਤਦ ਮੈਂ ਦੁਸ਼ਟਾਂ ਨੂੰ ਦਫਨਾਏ ਜਾਂਦੇ ਦੇਖਿਆ, ਉਹ ਜਿਹੜੇ ਪਵਿੱਤਰ ਸਥਾਨ ਤੋਂ ਆਉਂਦੇ ਜਾਂਦੇ ਸਨ ਅਤੇ ਉਸ ਸ਼ਹਿਰ ਵਿੱਚ ਪ੍ਰਸੰਸਾ ਪ੍ਰਾਪਤ ਕਰਦੇ ਸਨ ਜਿੱਥੇ ਉਹਨਾਂ ਨੇ ਚੰਗੇ ਕੰਮ ਕੀਤੇ ਸਨ। ਇਹ ਵੀ ਵਿਅਰਥ ਹੈ।

11ਜਦੋਂ ਕਿਸੇ ਅਪਰਾਧ ਦੀ ਸਜ਼ਾ ਜਲਦੀ ਪੂਰੀ ਨਹੀਂ ਹੁੰਦੀ ਤਾਂ ਲੋਕਾਂ ਦੇ ਦਿਲ ਬੁਰਿਆਈ ਕਰਨ ਦੀਆਂ ਯੋਜਨਾ ਨਾਲ ਭਰ ਜਾਂਦੇ ਹਨ।

12ਭਾਵੇਂ ਇੱਕ ਪਾਪੀ ਵਿਅਕਤੀ ਜੋ ਸੌ ਅਪਰਾਧ ਕਰਦਾ ਹੈ ਲੰਮਾ ਸਮਾਂ ਜੀਉਂਦਾ ਰਹਿ ਸਕਦਾ ਹੈ, ਤਾਂ ਵੀ ਮੈਂ ਜਾਣਦਾ ਹਾਂ ਉਹਨਾਂ ਦਾ ਹੀ ਭਲਾ ਹੋਵੇਗਾ ਜੋ ਪਰਮੇਸ਼ਵਰ ਤੋਂ ਡਰਦੇ ਹਨ ਅਤੇ ਉਸ ਦਾ ਸਤਿਕਾਰ ਕਰਦੇ ਹਨ।

13ਭਾਵੇਂ ਦੁਸ਼ਟ ਪਰਮੇਸ਼ਵਰ ਤੋਂ ਨਹੀਂ ਡਰਦੇ ਤਾਂ ਵੀ ਉਹਨਾਂ ਦਾ ਭਲਾ ਨਹੀਂ ਹੋਵੇਗਾ, ਅਤੇ ਉਹਨਾਂ ਦੇ ਦਿਨ ਪਰਛਾਵੇਂ ਵਾਂਗ ਲੰਬੇ ਨਹੀਂ ਹੋਣਗੇ।

14ਇੱਥੇ ਕੁਝ ਹੋਰ ਵੀ ਵਿਅਰਥ ਹੈ ਜੋ ਧਰਤੀ ਉੱਤੇ ਵਾਪਰਦਾ ਹੈ ਕਿ ਧਰਮੀ ਉਹ ਪ੍ਰਾਪਤ ਕਰਦੇ ਹਨ ਜਿਸਦੇ ਹੱਕਦਾਰ ਦੁਸ਼ਟ ਹੁੰਦੇ ਹਨ, ਅਤੇ ਦੁਸ਼ਟ ਉਹ ਪ੍ਰਾਪਤ ਕਰਦੇ ਹਨ ਜਿਸਦੇ ਹੱਕਦਾਰ ਧਰਮੀ ਹੁੰਦੇ ਹਨ। ਮੈਂ ਕਹਿੰਦਾ ਹਾਂ, ਇਹ ਵੀ ਵਿਅਰਥ ਹੈ।

15ਤਦ ਮੈਂ ਅਨੰਦ ਨੂੰ ਸਲਾਹਿਆ ਕਿਉਂ ਜੋ ਸੂਰਜ ਦੇ ਹੇਠ ਮਨੁੱਖ ਲਈ ਇਸ ਨਾਲੋਂ ਚੰਗੀ ਗੱਲ ਕੋਈ ਨਹੀਂ, ਜੋ ਖਾਵੇ-ਪੀਵੇ ਅਤੇ ਅਨੰਦ ਰਹੇ ਕਿਉਂ ਜੋ ਉਸਦੇ ਕੰਮ ਧੰਦੇ ਦੇ ਵਿੱਚ ਉਹ ਦੇ ਜੀਵਨ ਦੇ ਸਾਰਿਆਂ ਦਿਨਾਂ ਤੱਕ ਜੋ ਪਰਮੇਸ਼ਵਰ ਨੇ ਸੂਰਜ ਦੇ ਹੇਠ ਉਹ ਨੂੰ ਦਿੱਤੇ ਹਨ, ਇਹ ਹੀ ਉਸ ਦੇ ਨਾਲ ਰਹੇਗਾ।

16ਜਦੋਂ ਮੈਂ ਆਪਣੇ ਮਨ ਨੂੰ ਬੁੱਧ ਨੂੰ ਜਾਣਨ ਅਤੇ ਧਰਤੀ ਉੱਤੇ ਕੀਤੀ ਗਈ ਕਿਰਤ ਨੂੰ ਵੇਖਣ ਲਈ ਲਗਾਇਆ, ਲੋਕਾਂ ਨੂੰ ਦਿਨ ਜਾਂ ਰਾਤ ਨੀਂਦ ਨਹੀਂ ਆਉਂਦੀ,

17ਫਿਰ ਮੈਂ ਉਹ ਸਭ ਕੁਝ ਦੇਖਿਆ ਜੋ ਪਰਮੇਸ਼ਵਰ ਨੇ ਕੀਤਾ ਹੈ ਕਿ ਕੋਈ ਨਹੀਂ ਸਮਝ ਸਕਦਾ ਸੂਰਜ ਦੇ ਹੇਠਾਂ ਕੀ ਹੋ ਰਿਹਾ ਹੈ, ਇਸਦੀ ਖੋਜ ਕਰਨ ਦੇ ਸਾਰੇ ਯਤਨਾਂ ਦੇ ਬਾਵਜੂਦ ਕੋਈ ਵੀ ਇਸਦਾ ਅਰਥ ਨਹੀਂ ਲੱਭ ਸਕਦਾ। ਭਾਵੇਂ ਸਿਆਣੇ ਦਾਅਵਾ ਕਰਦੇ ਹਨ ਕਿ ਉਹ ਜਾਣਦੇ ਹਨ, ਤਾਂ ਵੀ ਉਹ ਇਸ ਨੂੰ ਨਹੀਂ ਸਮਝ ਸਕਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.