ਉਪਦੇਸ਼ਕ 5

1ਜਦੋਂ ਤੁਸੀਂ ਪਰਮੇਸ਼ਵਰ ਦੇ ਘਰ ਜਾਂਦੇ ਹੋ ਤਾਂ ਆਪਣੇ ਕਦਮ ਚੌਕਸੀ ਨਾਲ ਰੱਖੋ। ਕਿਉ ਜੋ ਮੂਰਖਾਂ ਦੇ ਬਲੀ ਚੜ੍ਹਾਉਣ ਨਾਲੋਂ ਸੁਣ ਕੇ ਨੇੜੇ ਆਉਣਾ ਚੰਗਾ ਹੈ, ਜੋ ਨਹੀਂ ਜਾਣਦੇ ਕਿ ਉਹ ਗਲਤ ਕਰਦੇ ਹਨ।

2ਆਪਣੇ ਮੂੰਹ ਨਾਲ ਕਾਹਲੀ ਨਾ ਕਰ, ਤੇਰਾ ਦਿਲ ਪਰਮੇਸ਼ਵਰ ਦੇ ਸਾਹਮਣੇ ਜਲਦੀ ਨਾਲ ਕੁਝ ਨਾ ਆਖੇ, ਕਿਉਂ ਜੋ ਪਰਮੇਸ਼ਵਰ ਸਵਰਗ ਵਿੱਚ ਹੈ ਅਤੇ ਤੂੰ ਧਰਤੀ ਉੱਤੇ ਹੈ, ਇਸ ਲਈ ਤੁਹਾਡੀਆਂ ਗੱਲਾਂ ਥੋੜੀਆਂ ਹੋਣ।

3ਬਹੁਤ ਕੰਮ ਹੋਣ ਕਰਕੇ ਸੁਫ਼ਨਾ ਆਉਂਦਾ ਹੈ, ਅਤੇ ਬਹੁਤ ਸਾਰੇ ਸ਼ਬਦ ਦੇ ਬੋਲਣ ਵਾਲਾ ਮੂਰਖ ਠਹਿਰਦਾ ਹੈ।

4ਜਦੋਂ ਤੁਸੀਂ ਪਰਮੇਸ਼ਵਰ ਅੱਗੇ ਸੁੱਖਣਾ ਸੁੱਖਦੇ ਹੋ, ਤਾਂ ਉਸ ਨੂੰ ਪੂਰਾ ਕਰਨ ਵਿੱਚ ਦੇਰ ਨਾ ਕਰੋ। ਕਿਉਂ ਜੋ ਉਹ ਮੂਰਖਾਂ ਤੋਂ ਖੁਸ਼ ਨਹੀਂ ਹੁੰਦਾ, ਜੋ ਸੁੱਖਣਾ ਤੂੰ ਸੁੱਖੀ ਉਸਨੂੰ ਪੂਰੀ ਕਰ।

5ਤੇਰਾ ਸੁੱਖਣਾ ਨਾ ਪੂਰੀ ਕਰਨ ਨਾਲੋਂ ਤਾਂ ਚੰਗਾ ਹੈ ਕਿ ਸੁੱਖਣਾ ਨਾ ਹੀ ਸੁੱਖੀ ਜਾਵੇ।

6ਤੇਰਾ ਮੂੰਹ ਤੇਰੇ ਕੋਲੋ ਪਾਪ ਨਾ ਕਰਵਾਏ ਅਤੇ ਦੂਤ ਦੇ ਅੱਗੇ ਇਹ ਨਾ ਆਖੀਂ ਕਿ “ਮੇਰੀ ਸੁੱਖਣਾ ਇੱਕ ਭੁੱਲ ਸੀ।” ਪਰਮੇਸ਼ਵਰ ਤੁਹਾਡੇ ਕਹੇ ਉੱਤੇ ਕਿਉਂ ਗੁੱਸਾ ਕਰੇ ਅਤੇ ਤੁਹਾਡੇ ਹੱਥਾਂ ਦੇ ਕੰਮ ਨੂੰ ਨਸ਼ਟ ਕਰੇ?

7ਬਹੁਤ ਸਾਰੇ ਸੁਪਨੇ ਅਤੇ ਬਹੁਤ ਸਾਰੇ ਸ਼ਬਦ ਵਿਅਰਥ ਹਨ, ਇਸ ਲਈ ਪਰਮੇਸ਼ਵਰ ਤੋਂ ਡਰੋ।

8ਜੇਕਰ ਤੁਸੀਂ ਕਿਸੇ ਜ਼ਿਲ੍ਹੇ ਵਿੱਚ ਗਰੀਬਾਂ ਤੇ ਜ਼ੁਲਮ ਹੁੰਦੇ ਵੇਖਦੇ ਹੋ, ਅਤੇ ਇਨਸਾਫ਼ ਅਤੇ ਅਧਿਕਾਰਾਂ ਤੋਂ ਇਨਕਾਰ ਹੁੰਦੇ ਵੇਖੋ, ਤਾਂ ਅਜਿਹੀਆਂ ਗੱਲਾਂ ਤੇ ਹੈਰਾਨ ਨਾ ਹੋਵੋ; ਕਿਉਂਕਿ ਜੋ ਵੱਡੇ ਅਧਿਕਾਰੀ ਦੇ ਉੱਪਰ ਵੀ ਵੱਡਾ ਅਧਿਕਾਰੀ ਹੁੰਦਾ ਹੈ ਅਤੇ ਉਹਨਾਂ ਉੱਤੇ ਹੋਰ ਵੀ ਵੱਡੇ ਅਧਿਕਾਰੀ ਰਹਿੰਦੇ ਹਨ।

9ਜ਼ਮੀਨ ਤੋਂ ਵਾਧਾ ਸਭ ਨੇ ਲਿਆ ਹੈ, ਰਾਜਾ ਖੁਦ ਖੇਤਾਂ ਤੋਂ ਲਾਭ ਉਠਾਉਂਦਾ ਹੈ।

10ਜਿਹੜਾ ਵਿਅਕਤੀ ਪੈਸੇ ਨੂੰ ਪਿਆਰ ਕਰਦਾ ਹੈ ਉਸ ਕੋਲ ਕਦੇ ਵੀ ਕਾਫ਼ੀ ਨਹੀਂ ਹੁੰਦਾ, ਜੋ ਕੋਈ ਵੀ ਧਨ ਨੂੰ ਪਿਆਰ ਕਰਦਾ ਹੈ ਉਹ ਆਪਣੀ ਕਮਾਈ ਤੋਂ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ, ਇਹ ਵੀ ਵਿਅਰਥ ਹੈ।

11ਜਿਵੇਂ-ਜਿਵੇਂ ਵਸਤੂਆਂ ਵਧਦੀਆਂ ਹਨ, ਉਵੇਂ ਹੀ ਇਨ੍ਹਾਂ ਦਾ ਸੇਵਨ ਕਰਨ ਵਾਲੇ ਵੀ ਵਧਦੇ ਹਨ, ਅਤੇ ਉਹਨਾਂ ਦਾ ਮਾਲਕਾਂ ਨੂੰ ਕੀ ਲਾਭ ਹੈ ਸਿਵਾਏ ਉਹਨਾਂ ਉੱਤੇ ਅੱਖਾਂ ਮੀਚਣ ਦੇ?

12ਮਜ਼ਦੂਰ ਦੀ ਨੀਂਦ ਮਿੱਠੀ ਹੁੰਦੀ ਹੈ, ਭਾਵੇਂ ਉਹ ਥੋੜਾ ਖਾਵੇ ਜਾਂ ਬਹੁਤ, ਪਰ ਅਮੀਰਾਂ ਲਈ ਉਹਨਾਂ ਦੀ ਬਹੁਤਾਤ ਉਹਨਾਂ ਨੂੰ ਨੀਂਦ ਨਹੀਂ ਆਉਣ ਦਿੰਦੀ।

13ਮੈਂ ਸੂਰਜ ਦੇ ਹੇਠਾਂ ਇੱਕ ਭਿਆਨਕ ਬੁਰਾਈ ਵੇਖੀ ਹੈ, ਕਿ ਧਨ ਆਪਣੇ ਮਾਲਕਾਂ ਦੇ ਨੁਕਸਾਨ ਲਈ ਜਮ੍ਹਾਂ ਕੀਤਾ ਹੋਇਆ ਹੈ।

14ਜਾਂ ਉਹ ਧਨ ਕਿਸੇ ਬੁਰੇ ਕੰਮ ਵਿੱਚ ਨਾਸ ਹੋ ਜਾਂਦਾ ਹੈ, ਫਿਰ ਜਦੋਂ ਉਹ ਧਨੀ ਇੱਕ ਪੁੱਤਰ ਦਾ ਪਿਤਾ ਬਣਦਾ ਹੈ ਤਦ ਉਹਨਾਂ ਕੋਲ ਵਿਰਾਸਤ ਲਈ ਕੁਝ ਵੀ ਬਚਿਆ ਨਹੀਂ ਰਹਿੰਦਾ।

15ਹਰ ਕੋਈ ਆਪਣੀ ਮਾਂ ਦੀ ਕੁੱਖ ਤੋਂ ਨੰਗਾ ਹੀ ਆਉਂਦਾ ਹੈ, ਉਸੇ ਤਰ੍ਹਾ ਹੀ ਵਾਪਸ ਮੁੜ ਜਾਏਗਾ, ਅਤੇ ਉਹ ਆਪਣੀ ਮਿਹਨਤ ਵਿੱਚੋਂ ਕੁਝ ਨਾ ਰੱਖੇਗਾ, ਜੋ ਉਹ ਆਪਣੇ ਹੱਥਾਂ ਵਿੱਚ ਲੈ ਜਾਵੇ।

16ਇਹ ਵੀ ਇੱਕ ਭਿਆਨਕ ਬੁਰਾਈ ਹੈ ਕਿ ਜਿਵੇਂ ਹਰ ਕੋਈ ਆਉਂਦਾ ਹੈ, ਤਿਵੇਂ ਉਹ ਚਲਾ ਜਾਂਦਾ ਹੈ, ਅਤੇ ਉਹਨਾਂ ਨੂੰ ਕੀ ਲਾਭ ਹੁੰਦਾ ਹੈ? ਕਿਉਂਕਿ ਉਹ ਹਵਾ ਲਈ ਮਿਹਨਤ ਕਰਦੇ ਹਨ।

17ਉਹ ਆਪਣੀ ਸਾਰੀ ਉਮਰ ਹਨੇਰੇ ਵਿੱਚ ਹਨ, ਅਤੇ ਬਹੁਤ ਦੁਖੀ ਅਤੇ ਬਿਮਾਰ ਰਿਹਾ ਅਤੇ ਕ੍ਰੋਧ ਕਰਦਾ ਰਿਹਾ।

18ਮੈਂ ਇਹ ਉਹ ਗੱਲ ਵੇਖੀ ਹੈ ਜਿਹੜੀ ਚੰਗੀ ਅਤੇ ਯੋਗ ਹੈ ਕਿ ਮਨੁੱਖ ਖਾਵੇ-ਪੀਵੇ ਅਤੇ ਸਾਰੇ ਧੰਦੇ ਦਾ ਫਲ ਭੋਗੇ ਜੋ ਉਹ ਸੂਰਜ ਦੇ ਹੇਠ ਪਰਮੇਸ਼ਵਰ ਦੇ ਦਿੱਤੇ ਹੋਵੇ ਜੀਵਨ ਦੇ ਥੋੜ੍ਹੇ ਦਿਨਾਂ ਵਿੱਚ ਕਰਦਾ ਹੈ, ਇਹੋ ਉਸਦਾ ਭਾਗ ਹੈ।

19ਇਸ ਤੋਂ ਇਲਾਵਾ ਜਦੋਂ ਪਰਮੇਸ਼ਵਰ ਕਿਸੇ ਨੂੰ ਦੌਲਤ ਅਤੇ ਧਨ ਦਿੰਦਾ ਹੈ ਜੋ ਉਹ ਉਹਨਾਂ ਤੋਂ ਮੌਜ ਕਰੇ ਅਤੇ ਆਪਣੇ ਭਾਗ ਭੋਗੇ ਅਤੇ ਧੰਦੇ ਤੋਂ ਅਨੰਦ ਹੋਵੇ, ਇਹ ਵੀ ਪਰਮੇਸ਼ਵਰ ਦੀ ਦਾਤ ਹੈ।

20ਉਹ ਆਪਣੇ ਜੀਵਨ ਨੂੰ ਹਮੇਸ਼ਾ ਲਈ ਯਾਦ ਨਾ ਰੱਖੇਗਾ ਕਿਉਂਕਿ ਪਰਮੇਸ਼ਵਰ ਉਹਨਾਂ ਦੇ ਦਿਲ ਨੂੰ ਅਨੰਦ ਨਾਲ ਭਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.