ਉਪਦੇਸ਼ਕ 9

1ਇਸ ਲਈ ਮੈਂ ਇਸ ਸਭ ਤੇ ਵਿਚਾਰ ਕੀਤਾ ਅਤੇ ਸਿੱਟਾ ਕੱਢਿਆ ਕਿ ਧਰਮੀ ਅਤੇ ਬੁੱਧੀਮਾਨ ਅਤੇ ਉਹ ਜੋ ਕਰਦੇ ਹਨ ਉਹ ਪਰਮੇਸ਼ਵਰ ਦੇ ਹੱਥਾਂ ਵਿੱਚ ਹਨ, ਪਰ ਕੋਈ ਨਹੀਂ ਜਾਣਦਾ ਕਿ ਪਿਆਰ ਜਾਂ ਨਫ਼ਰਤ ਉਹਨਾਂ ਦੀ ਉਡੀਕ ਕਰ ਰਹੀ ਹੈ।

2ਸਾਰਿਆਂ ਦੀ ਇੱਕ ਸਾਂਝੀ ਮੰਜ਼ਲ ਹੈ। ਧਰਮੀ ਅਤੇ ਦੁਸ਼ਟ, ਚੰਗੇ ਅਤੇ ਮਾੜੇ, ਸ਼ੁੱਧ ਅਤੇ ਅਸ਼ੁੱਧ, ਉਹ ਜੋ ਬਲੀਦਾਨ ਚੜ੍ਹਾਉਂਦੇ ਹਨ ਅਤੇ ਜੋ ਨਹੀਂ ਵੀ ਚੜ੍ਹਾਉਂਦੇ। ਜਿਵੇਂ ਇਹ ਚੰਗੇ ਲੋਕਾਂ ਨਾਲ ਹੁੰਦਾ ਹੈ, ਉਵੇਂ ਹੀ ਪਾਪੀਆਂ ਨਾਲ ਹੁੰਦਾ ਹੈ, ਜਿਵੇਂ ਸਹੁੰ ਖਾਣ ਵਾਲਿਆਂ ਨਾਲ ਹੁੰਦਾ ਹੈ, ਉਸੇ ਤਰ੍ਹਾਂ ਉਹਨਾਂ ਨਾਲ ਜੋ ਉਹਨਾਂ ਨੂੰ ਲੈਣ ਤੋਂ ਡਰਦੇ ਹਨ।

3ਸਾਰੀਆਂ ਗੱਲਾਂ ਵਿੱਚ ਜੋ ਸੂਰਜ ਦੇ ਹੇਠਾਂ ਹੁੰਦੀਆਂ ਹਨ ਇੱਕ ਇਹ ਬੁਰਿਆਈ ਹੈ ਕਿ ਸਭਨਾਂ ਉੱਤੇ ਇੱਕੋ ਜਿਹਾ ਵਾਪਰਦਾ ਹੈ। ਲੋਕਾਂ ਦੇ ਦਿਲ ਬੁਰਿਆਈ ਨਾਲ ਭਰੇ ਹੋਵੇ ਹਨ ਜਦ ਤੱਕ ਉਹ ਜਿਉਂਦੇ ਹਨ ਉਹਨਾਂ ਦੇ ਦਿਲ ਪਾਗਲਪਨ ਵਿੱਚ ਰਹਿੰਦੇ ਹਨ ਇਸ ਤੋਂ ਬਾਅਦ ਉਹ ਮੁਰਦਿਆਂ ਵਿੱਚ ਚਲੇ ਜਾਂਦੇ ਹਨ।

4ਕੋਈ ਵੀ ਜਿਹੜਾ ਜੀਉਂਦਿਆਂ ਦੇ ਵਿੱਚ ਹੈ ਉਸਦੇ ਲਈ ਉਮੀਦ ਹੈ, ਕਿਉਂ ਜੋ ਮਰੇ ਹੋਏ ਸ਼ੇਰ ਨਾਲੋਂ ਜੀਉਂਦਾ ਕੁੱਤਾ ਚੰਗਾ ਹੈ!

5ਕਿਉਂਕਿ ਜਿਉਂਦੇ ਲੋਕ ਜਾਣਦੇ ਹਨ ਕਿ ਉਹ ਮਰ ਜਾਣਗੇ, ਪਰ ਮੁਰਦੇ ਕੁਝ ਨਹੀਂ ਜਾਣਦੇ, ਉਹਨਾਂ ਦਾ ਕੋਈ ਹੋਰ ਫਲ ਨਹੀਂ ਹੈ, ਅਤੇ ਉਹਨਾਂ ਦਾ ਨਾਮ ਵੀ ਮਿਟ ਗਿਆ ਹੈ।

6ਉਹਨਾਂ ਦਾ ਪਿਆਰ ਉਹਨਾਂ ਦੀ ਨਫ਼ਰਤ ਅਤੇ ਉਹਨਾਂ ਦੀ ਈਰਖਾ ਹੁਣ ਮੁੱਕ ਗਈ ਹੈ, ਫਿਰ ਕਦੇ ਵੀ ਸੂਰਜ ਦੇ ਹੇਠਾਂ ਵਾਪਰਨ ਵਾਲੀ ਕਿਸੇ ਵੀ ਚੀਜ਼ ਵਿੱਚ ਉਹਨਾਂ ਦਾ ਹਿੱਸਾ ਨਹੀਂ ਹੋਵੇਗਾ।

7ਆਪਣੇ ਰਾਹ ਤੁਰਿਆ ਜਾ, ਅਨੰਦ ਨਾਲ ਆਪਣੀ ਰੋਟੀ ਖਾ ਅਤੇ ਮੌਜ ਨਾਲ ਆਪਣੀ ਦਾਖ਼ਰਸ ਪੀ, ਕਿਉਂਕਿ ਪਰਮੇਸ਼ਵਰ ਨੇ ਤੇਰੇ ਕੰਮਾਂ ਨੂੰ ਪਸੰਦ ਕੀਤਾ ਹੈ।

8ਹਮੇਸ਼ਾ ਚਿੱਟੇ ਕੱਪੜੇ ਪਹਿਨ ਅਤੇ ਹਮੇਸ਼ਾ ਆਪਣੇ ਸਿਰ ਨੂੰ ਤੇਲ ਨਾਲ ਮਸਹ ਕਰ।

9ਆਪਣੀ ਪਤਨੀ ਜਿਸਨੂੰ ਤੂੰ ਪਿਆਰ ਕਰਦਾ ਹੈ, ਉਸ ਨਾਲ ਜੀਵਨ ਦਾ ਆਨੰਦ ਮਾਣ ਇਸ ਵਿਅਰਥ ਜੀਵਨ ਦੇ ਸਾਰੇ ਦਿਨ ਜੋ ਪਰਮੇਸ਼ਵਰ ਨੇ ਤੈਨੂੰ ਸੂਰਜ ਦੇ ਹੇਠਾਂ ਦਿੱਤੇ ਹਨ ਕਿਉਂਕਿ ਜੀਵਨ ਵਿੱਚ ਅਤੇ ਸੂਰਜ ਦੇ ਹੇਠਾਂ ਇਹੀ ਤੇਰੀ ਸਖ਼ਤ ਮਿਹਨਤ ਹੈ।

10ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ, ਉਹੋ ਆਪਣੇ ਸਾਰੇ ਜ਼ੋਰ ਨਾਲ ਕਰ ਕਿਉਂ ਜੋ ਪਤਾਲ ਵਿੱਚ ਜਿੱਥੇ ਤੂੰ ਜਾਂਦਾ ਹੈ ਉੱਥੇ ਨਾ ਕੋਈ ਕੰਮ, ਨਾ ਖ਼ਿਆਲ, ਨਾ ਗਿਆਨ, ਨਾ ਬੁੱਧ ਹੈ।

11ਮੈਂ ਸੂਰਜ ਦੇ ਹੇਠਾਂ ਕੁਝ ਹੋਰ ਦੇਖਿਆ ਹੈ ਕਿ ਨਾ ਤਾਂ ਤੇਜ਼ ਦੌੜਨ ਵਾਲੇ ਦੇ ਲਈ ਦੌੜ ਹੈ, ਨਾ ਸੂਰਮੇ ਦੇ ਲਈ ਯੁੱਧ, ਨਾ ਹੀ ਬੁੱਧੀਮਾਨ ਨੂੰ ਭੋਜਨ ਆਉਂਦਾ ਹੈ, ਨਾ ਸਮਝ ਵਾਲਿਆਂ ਨੂੰ ਧਨ ਆਉਂਦਾ ਹੈ, ਅਤੇ ਨਾ ਹੀ ਨਿਪੁੰਨ ਲੋਕਾਂ ਨੂੰ ਕਿਰਪਾ ਪ੍ਰਾਪਤ ਹੁੰਦੀ ਹੈ, ਪਰ ਸਮਾਂ ਅਤੇ ਮੌਕਾ ਉਹਨਾਂ ਸਾਰਿਆਂ ਨਾਲ ਵਾਪਰਦਾ ਹੈ।

12ਇਸ ਤੋਂ ਇਲਾਵਾ ਕੋਈ ਨਹੀਂ ਜਾਣਦਾ ਕਿ ਉਹਨਾਂ ਦਾ ਸਮਾਂ ਕਦੋਂ ਆ ਜਾਵੇਗਾ, ਜਿਵੇਂ ਮੱਛੀਆਂ ਬਿਪਤਾ ਦੇ ਜਾਲ ਵਿੱਚ ਫਸ ਜਾਂਦੀਆਂ ਹਨ, ਜਾਂ ਪੰਛੀ ਫੰਦੇ ਵਿੱਚ ਫਸ ਜਾਂਦੇ ਹਨ, ਉਸੇ ਤਰ੍ਹਾਂ ਲੋਕ ਬੁਰੇ ਸਮੇਂ ਵਿੱਚ ਫਸ ਜਾਂਦੇ ਹਨ ਜੋ ਅਚਾਨਕ ਉਹਨਾਂ ਉੱਤੇ ਆ ਪੈਂਦਾ ਹੈ।

13ਮੈਂ ਸੂਰਜ ਦੇ ਹੇਠਾਂ ਬੁੱਧੀ ਦੀ ਇਹ ਉਦਾਹਰਣ ਵੀ ਵੇਖੀ ਜਿਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ।

14ਇੱਕ ਵਾਰ ਇੱਕ ਛੋਟਾ ਜਿਹਾ ਸ਼ਹਿਰ ਸੀ ਜਿਸ ਵਿੱਚ ਕੁਝ ਹੀ ਲੋਕ ਰਹਿੰਦੇ ਸਨ ਅਤੇ ਇੱਕ ਸ਼ਕਤੀਸ਼ਾਲੀ ਰਾਜਾ ਉਸ ਦੇ ਵਿਰੁੱਧ ਆਇਆ, ਉਸ ਨੇ ਉਸ ਨੂੰ ਘੇਰ ਲਿਆ ਅਤੇ ਉਸਦੇ ਵਿਰੁੱਧ ਵਿਸ਼ਾਲ ਮੋਰਚਾ ਲਗਾਇਆ।

15ਹੁਣ ਉਸ ਸ਼ਹਿਰ ਵਿੱਚ ਇੱਕ ਗਰੀਬ ਆਦਮੀ ਰਹਿੰਦਾ ਸੀ ਪਰ ਉਹ ਬੁੱਧਵਾਨ ਸੀ, ਜਿਸਨੇ ਆਪਣੀ ਬੁੱਧ ਨਾਲ ਸ਼ਹਿਰ ਨੂੰ ਬਚਾਇਆ। ਪਰ ਤਾਂ ਵੀ ਉਸ ਗਰੀਬ ਨੂੰ ਕਿਸੇ ਨੇ ਯਾਦ ਨਹੀਂ ਕੀਤਾ।

16ਇਸ ਲਈ ਮੈਂ ਕਿਹਾ, “ਬੁੱਧ ਤਾਕਤ ਨਾਲੋਂ ਚੰਗੀ ਹੈ।” ਪਰ ਗਰੀਬ ਆਦਮੀ ਦੀ ਸਿਆਣਪ ਨੂੰ ਤੁੱਛ ਜਾਣਿਆ ਜਾਂਦਾ ਹੈ ਅਤੇ ਉਸ ਦੀਆਂ ਗੱਲਾਂ ਨੂੰ ਸੁਣਿਆ ਨਹੀਂ ਜਾਂਦਾ।

17ਮੂਰਖਾਂ ਦੇ ਸ਼ਾਸਕ ਦੀਆਂ ਚੀਕਾਂ ਨਾਲੋਂ ਬੁੱਧੀਮਾਨਾਂ ਦੀਆਂ ਸ਼ਾਂਤ ਗੱਲਾਂ ਸੁਣਨ ਯੋਗ ਹਨ।

18ਬੁੱਧ ਯੁੱਧ ਦੇ ਹਥਿਆਰਾਂ ਨਾਲੋਂ ਚੰਗੀ ਹੈ, ਪਰ ਇੱਕ ਪਾਪੀ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨੂੰ ਤਬਾਹ ਕਰ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.