6ਅਤੇ ਨਿਆਂਈਆਂ ਨੂੰ ਆਖਿਆ, “ਕਿ ਜੋ ਕੁਝ ਕਰੋ ਸਮਝ ਨਾਲ ਕਰੋ ਕਿਉਂ ਜੋ ਤੁਸੀਂ ਆਦਮੀਆਂ ਵੱਲੋਂ ਨਹੀਂ ਸਗੋਂ ਯਾਹਵੇਹ ਵੱਲੋਂ ਨਿਆਉਂ ਕਰਦੇ ਹੋ ਅਤੇ ਉਹ ਨਿਆਉਂ ਦੀ ਗੱਲ ਵਿੱਚ ਤੁਹਾਡੇ ਨਾਲ ਹੈ।
7ਹੁਣ ਯਾਹਵੇਹ ਦਾ ਭੈ ਤੁਹਾਡੇ ਮੰਨ ਵਿੱਚ ਰਹੇ ਸੋ ਸੰਭਲ ਕੇ ਕੰਮ ਕਰਨਾ ਕਿਉਂ ਜੋ ਸਾਡੇ ਯਾਹਵੇਹ ਪਰਮੇਸ਼ਵਰ ਵਿੱਚ ਬੇ ਨਿਆਈਂ ਨਹੀਂ ਅਤੇ ਨਾ ਕਿਸੇ ਦੀ ਪੱਖਵਾਦੀ ਅਤੇ ਨਾ ਹੀ ਰਿਸ਼ਵਤ ਚੱਲਦੀ ਹੈ।”
8ਯੇਰੂਸ਼ਲੇਮ ਵਿੱਚ ਵੀ, ਯਹੋਸ਼ਾਫ਼ਾਟ ਨੇ ਕੁਝ ਲੇਵੀਆਂ, ਜਾਜਕਾਂ ਅਤੇ ਇਸਰਾਏਲੀ ਪਰਿਵਾਰਾਂ ਦੇ ਮੁਖੀਆਂ ਨੂੰ ਯਾਹਵੇਹ ਦੇ ਕਾਨੂੰਨ ਦਾ ਪ੍ਰਬੰਧ ਕਰਨ ਅਤੇ ਝਗੜਿਆਂ ਦਾ ਨਿਪਟਾਰਾ ਕਰਨ ਲਈ ਨਿਯੁਕਤ ਕੀਤਾ ਅਤੇ ਉਹ ਯੇਰੂਸ਼ਲੇਮ ਵਿੱਚ ਰਹਿੰਦੇ ਸਨ।
9ਉਸ ਨੇ ਉਹਨਾਂ ਨੂੰ ਇਹ ਹੁਕਮ ਦਿੱਤੇ: “ਤੁਹਾਨੂੰ ਯਾਹਵੇਹ ਦੇ ਡਰ ਵਿੱਚ ਵਫ਼ਾਦਾਰੀ ਅਤੇ ਪੂਰੇ ਦਿਲ ਨਾਲ ਸੇਵਾ ਕਰਨੀ ਚਾਹੀਦੀ ਹੈ।
10ਸ਼ਹਿਰਾਂ ਵਿੱਚ ਰਹਿਣ ਵਾਲੇ ਤੁਹਾਡੇ ਲੋਕਾਂ ਵੱਲੋਂ ਤੁਹਾਡੇ ਸਾਹਮਣੇ ਆਉਣ ਵਾਲੇ ਹਰ ਮਾਮਲੇ ਵਿੱਚ ਭਾਵੇਂ ਖੂਨ-ਖਰਾਬਾ ਹੋਵੇ ਜਾਂ ਕਾਨੂੰਨ, ਹੁਕਮਾਂ, ਫ਼ਰਮਾਨਾਂ ਜਾਂ ਨਿਯਮਾਂ ਦੀਆਂ ਹੋਰ ਚਿੰਤਾਵਾਂ ਤੁਸੀਂ ਉਹਨਾਂ ਨੂੰ ਚੇਤਾਵਨੀ ਦੇਣੀ ਹੈ ਕਿ ਉਹ ਯਾਹਵੇਹ ਦੇ ਵਿਰੁੱਧ ਪਾਪ ਨਾ ਕਰਨ, ਨਹੀਂ ਤਾਂ ਉਸ ਦਾ ਕ੍ਰੋਧ ਤੁਹਾਡੇ ਅਤੇ ਤੁਹਾਡੇ ਲੋਕਾਂ ਉੱਤੇ ਆਵੇਗਾ। ਇਹ ਕਰੋ ਤਾਂ ਤੁਸੀਂ ਦੋਸ਼ੀ ਨਹੀਂ ਹੋਵੋਗੇ।