2 ਇਤਿਹਾਸ 21

1ਫਿਰ ਯਹੋਸ਼ਾਫ਼ਾਟ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਉਹਨਾਂ ਦੇ ਨਾਲ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਯਹੋਰਾਮ ਉਸਦੇ ਬਾਅਦ ਰਾਜਾ ਬਣਿਆ।

2ਯਹੋਰਾਮ ਦੇ ਭਰਾ, ਯਹੋਸ਼ਾਫ਼ਾਟ ਦੇ ਪੁੱਤਰ, ਅਜ਼ਰਯਾਹ, ਯਹੀਏਲ, ਜ਼ਕਰਯਾਹ, ਅਜ਼ਰਯਾਹੂ, ਮੀਕਾਏਲ ਅਤੇ ਸ਼ਫ਼ਾਟਯਾਹ ਸਨ। ਇਹ ਸਾਰੇ ਇਸਰਾਏਲ ਦੇ ਪਾਤਸ਼ਾਹ ਯਹੋਸ਼ਾਫ਼ਾਟ ਦੇ ਪੁੱਤਰ ਸਨ।

3ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਸੋਨਾ ਚਾਂਦੀ ਅਤੇ ਬਹੁਮੁੱਲੀਆਂ ਚੀਜ਼ਾਂ ਦੇ ਵੱਡੇ ਇਨਾਮ ਅਤੇ ਯਹੂਦਾਹ ਵਿੱਚ ਗੜ੍ਹਾਂ ਵਾਲੇ ਸ਼ਹਿਰ ਸਣੇ ਦਿੱਤੇ ਪਰ ਰਾਜ ਯਹੋਰਾਮ ਨੂੰ ਦਿੱਤਾ ਕਿਉਂ ਜੋ ਉਹ ਜੇਠਾ ਪੁੱਤਰ ਸੀ।

4ਜਦੋਂ ਯਹੋਰਾਮ ਨੇ ਆਪਣੇ ਪਿਤਾ ਦੇ ਰਾਜ ਉੱਤੇ ਆਪਣੇ ਆਪ ਨੂੰ ਪੱਕਾ ਕਰ ਲਿਆ, ਤਾਂ ਉਸ ਨੇ ਇਸਰਾਏਲ ਦੇ ਕੁਝ ਅਧਿਕਾਰੀਆਂ ਸਮੇਤ ਆਪਣੇ ਸਾਰੇ ਭਰਾਵਾਂ ਨੂੰ ਤਲਵਾਰ ਨਾਲ ਮਾਰ ਦਿੱਤਾ।

5ਜਦੋਂ ਯਹੋਰਾਮ ਰਾਜ ਕਰਨ ਲੱਗਾ ਤਾਂ ਉਹ ਬੱਤੀ ਸਾਲਾਂ ਦਾ ਸੀ ਅਤੇ ਉਸਨੇ ਯੇਰੂਸ਼ਲੇਮ ਵਿੱਚ ਅੱਠ ਸਾਲ ਰਾਜ ਕੀਤਾ।

6ਉਹ ਇਸਰਾਏਲ ਦੇ ਰਾਜਿਆਂ ਦੇ ਰਾਹਾਂ ਉੱਤੇ ਚੱਲਿਆ, ਜਿਵੇਂ ਅਹਾਬ ਦੇ ਘਰਾਣੇ ਨੇ ਕੀਤਾ ਸੀ ਕਿਉਂਕਿ ਉਸਨੇ ਅਹਾਬ ਦੀ ਇੱਕ ਧੀ ਨਾਲ ਵਿਆਹ ਕੀਤਾ ਸੀ। ਉਸਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ।

7ਫਿਰ ਵੀ ਯਾਹਵੇਹ ਨੇ ਉਸ ਨੇਮ ਦੇ ਕਾਰਨ ਜੋ ਉਸ ਦਾਵੀਦ ਨਾਲ ਬੰਨ੍ਹਿਆ ਸੀ ਦਾਵੀਦ ਦੇ ਘਰਾਣੇ ਨੂੰ ਨਾਸ ਕਰਨਾ ਨਾ ਚਾਹਿਆ ਕਿਉਂਕਿ ਉਸ ਨੇ ਉਸ ਨਾਲ ਅਤੇ ਉਸ ਦੀ ਵੰਸ਼ ਨਾਲ ਸਦਾ ਲਈ ਇੱਕ ਚਰਾਗ ਜਗਾਈ ਰੱਖਣ ਦਾ ਵਾਅਦਾ ਕੀਤਾ ਸੀ।

8ਯਹੋਰਾਮ ਦੇ ਸਮੇਂ ਵਿੱਚ, ਅਦੋਮ ਨੇ ਯਹੂਦਾਹ ਦੇ ਵਿਰੁੱਧ ਬਗਾਵਤ ਕੀਤੀ ਅਤੇ ਆਪਣਾ ਰਾਜਾ ਸਥਾਪਿਤ ਕੀਤਾ।

9ਇਸ ਲਈ ਯਹੋਰਾਮ ਆਪਣਿਆ ਸੈਨਾਪਤੀ ਅਤੇ ਆਪਣੇ ਸਾਰੇ ਰਥਾਂ ਨੂੰ ਨਾਲ ਲੈ ਕੇ ਬਾਹਰ ਨਿੱਕਲਿਆ ਅਤੇ ਰਾਤ ਨੂੰ ਉੱਠ ਕੇ ਅਦੋਮੀਆਂ ਨੂੰ ਜਿਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਰਥਾਂ ਦੇ ਸਰਦਾਰਾਂ ਨੂੰ ਘੇਰ ਲਿਆ ਸੀ ਮਾਰ ਸੁੱਟਿਆ।

10ਅੱਜ ਤੱਕ ਅਦੋਮ ਯਹੂਦਾਹ ਦੇ ਵਿਰੁੱਧ ਬਗਾਵਤ ਕਰਦਾ ਰਿਹਾ ਹੈ। ਉਸੇ ਸਮੇਂ ਲਿਬਨਾਹ ਨੇ ਬਗਾਵਤ ਕੀਤੀ, ਕਿਉਂਕਿ ਯਹੋਰਾਮ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਨੂੰ ਤਿਆਗ ਦਿੱਤਾ ਸੀ।

11ਇਸ ਤੋਂ ਬਿਨ੍ਹਾਂ ਉਸ ਨੇ ਯਹੂਦਾਹ ਦੇ ਪਰਬਤਾਂ ਉੱਤੇ ਉੱਚੇ ਅਸਥਾਨ ਬਣਾਏ ਅਤੇ ਯੇਰੂਸ਼ਲੇਮ ਦੇ ਵਾਸੀਆਂ ਨੂੰ ਵਿਭਚਾਰੀ ਬਣਾਇਆ ਅਤੇ ਯਹੂਦਾਹ ਨੂੰ ਭੁਲੇਖੇ ਵਿੱਚ ਪਾ ਦਿੱਤਾ।

12ਯਹੋਰਾਮ ਨੂੰ ਏਲੀਯਾਹ ਨਬੀ ਦੀ ਇੱਕ ਚਿੱਠੀ ਮਿਲੀ, ਜਿਸ ਵਿੱਚ ਲਿਖਿਆ ਸੀ, “ਯਾਹਵੇਹ ਤੇਰੇ ਪਿਤਾ ਦਾਵੀਦ ਦਾ ਪਰਮੇਸ਼ਵਰ ਇਹ ਆਖਦਾ ਹੈ ਕਿ ‘ਤੂੰ ਆਪਣੇ ਪਿਤਾ ਯਹੋਸ਼ਾਫ਼ਾਟ ਦੇ ਰਾਹ ਉੱਤੇ ਅਤੇ ਨਾ ਹੀ ਯਹੂਦਾਹ ਦੇ ਰਾਜਾ ਆਸਾ ਦੇ ਰਾਹਾਂ ਉੱਤੇ ਚੱਲਿਆ।

13ਸਗੋਂ ਇਸਰਾਏਲ ਦੇ ਪਾਤਸ਼ਾਹਾਂ ਦੇ ਰਾਹ ਉੱਤੇ ਤੁਰਿਆ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਵਾਸੀਆਂ ਨੂੰ ਵਿਭਚਾਰੀ ਬਣਾਇਆ ਜਿਵੇਂ ਅਹਾਬ ਦੇ ਘਰਾਣੇ ਨੇ ਕੀਤਾ ਸੀ ਅਤੇ ਆਪਣੇ ਪਿਤਾ ਦੀ ਅੰਸ ਵਿੱਚੋਂ ਆਪਣੇ ਭਰਾਵਾਂ ਨੂੰ ਜਿਹੜੇ ਤੇਰੇ ਨਾਲੋਂ ਚੰਗੇ ਸਨ ਕਤਲ ਵੀ ਕੀਤਾ।

14ਇਸ ਲਈ ਹੁਣ ਯਾਹਵੇਹ ਤੇਰੇ ਲੋਕਾਂ, ਤੇਰੇ ਪੁੱਤਰਾਂ, ਤੇਰੀਆਂ ਪਤਨੀਆਂ ਅਤੇ ਤੇਰੀ ਹਰ ਚੀਜ਼ ਨੂੰ ਇੱਕ ਵੱਡੀ ਬਵਾ ਨਾਲ ਮਾਰਨ ਵਾਲਾ ਹੈ।

15ਅਤੇ ਤੂੰ ਆਂਦਰਾਂ ਦੀ ਬੀਮਾਰੀ ਨਾਲ ਸਖ਼ਤ ਬਿਮਾਰ ਹੋ ਜਾਵੇਂਗਾ ਇੱਥੋਂ ਤੱਕ ਕਿ ਤੇਰੀਆਂ ਆਂਦਰਾਂ ਉਸ ਬੀਮਾਰੀ ਦੇ ਕਾਰਨ ਹਰ ਰੋਜ਼ ਬਾਹਰ ਆਉਣਗੀਆਂ।’ ”

16ਯਾਹਵੇਹ ਨੇ ਯਹੋਰਾਮ ਦੇ ਵਿਰੁੱਧ ਫ਼ਲਿਸਤੀਆਂ ਅਤੇ ਕੂਸ਼ੀਆਂ ਦੇ ਨੇੜੇ ਰਹਿੰਦੇ ਅਰਬਾਂ ਦੀ ਦੁਸ਼ਮਣੀ ਨੂੰ ਭੜਕਾਇਆ।

17ਉਹਨਾਂ ਨੇ ਯਹੂਦਾਹ ਉੱਤੇ ਹਮਲਾ ਕੀਤਾ, ਉਸ ਵਿੱਚ ਆ ਵੜੇ ਅਤੇ ਉਸ ਦੇ ਪੁੱਤਰਾਂ ਅਤੇ ਪਤਨੀਆਂ ਸਮੇਤ ਰਾਜੇ ਦੇ ਮਹਿਲ ਵਿੱਚ ਪਾਇਆ ਸਾਰਾ ਸਮਾਨ ਲੈ ਗਏ। ਸਭ ਤੋਂ ਛੋਟੇ ਯਹੋਆਹਾਜ਼ ਤੋਂ ਬਿਨਾਂ ਉਸ ਦੇ ਲਈ ਕੋਈ ਪੁੱਤਰ ਨਹੀਂ ਬਚਿਆ।

18ਅਤੇ ਇਸ ਸਾਰੇ ਦੇ ਮਗਰੋਂ ਯਾਹਵੇਹ ਨੇ ਆਂਦਰਾਂ ਦੀ ਇੱਕ ਅਜਿਹੀ ਬਿਮਾਰੀ ਉਸ ਉੱਤੇ ਆਉਣ ਦਿੱਤੀ ਜਿਸ ਦਾ ਕੋਈ ਇਲਾਜ਼ ਨਹੀਂ ਸੀ।

19ਅਤੇ ਕੁਝ ਸਮੇਂ ਦੇ ਮਗਰੋਂ ਦੋ ਸਾਲਾਂ ਦੇ ਅੰਤ ਵਿੱਚ ਇਸ ਤਰ੍ਹਾਂ ਹੋਇਆ ਕਿ ਉਸ ਦੇ ਦੁੱਖ ਦੇ ਕਾਰਨ ਉਸ ਦੀਆਂ ਆਂਦਰਾਂ ਨਿੱਕਲ ਪਈਆਂ ਅਤੇ ਉਹ ਭੈੜੇ ਦਰਦ ਦੇ ਕਾਰਨ ਉਹ ਮਰ ਗਿਆ ਅਤੇ ਉਸ ਦੇ ਲੋਕਾਂ ਨੇ ਉਸ ਦੇ ਲਈ ਅੱਗ ਨਾ ਬਾਲੀ ਜਿਵੇਂ ਉਸ ਦੇ ਪਿਉ ਦਾਦਿਆਂ ਲਈ ਬਾਲਦੇ ਸਨ।

20ਜਦੋਂ ਯਹੋਰਾਮ ਰਾਜ ਕਰਨ ਲੱਗਾ ਤਾਂ ਉਹ ਬੱਤੀ ਸਾਲਾਂ ਦਾ ਸੀ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਅੱਠ ਸਾਲ ਰਾਜ ਕੀਤਾ। ਉਹ ਮਰ ਗਿਆ, ਕਿਸੇ ਨੂੰ ਪਛਤਾਵਾ ਨਹੀਂ ਹੋਇਆ, ਅਤੇ ਦਾਵੀਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ ਪਰ ਰਾਜਿਆਂ ਦੀਆਂ ਕਬਰਾਂ ਵਿੱਚ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.