2 ਇਤਿਹਾਸ 35

1ਯੋਸ਼ੀਯਾਹ ਨੇ ਯੇਰੂਸ਼ਲੇਮ ਵਿੱਚ ਯਾਹਵੇਹ ਲਈ ਪਸਾਹ ਕੀਤੀ ਅਤੇ ਉਹਨਾਂ ਨੇ ਪਹਿਲੇ ਮਹੀਨੇ ਦੀ ਚੌਧਵੀਂ ਤਾਰੀਖ ਨੂੰ ਪਸਾਹ ਦੇ ਲੇਲੇ ਨੂੰ ਕੱਟਿਆ।

2ਉਸ ਨੇ ਜਾਜਕਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਉੱਤੇ ਖੜ੍ਹਾ ਕੀਤਾ ਅਤੇ ਉਹਨਾਂ ਨੂੰ ਯਾਹਵੇਹ ਦੇ ਭਵਨ ਦੀ ਸੇਵਾ ਲਈ ਤਕੜਾ ਕੀਤਾ।

3ਉਸ ਨੇ ਲੇਵੀਆਂ ਨੂੰ ਕਿਹਾ, ਜਿਨ੍ਹਾਂ ਨੇ ਸਾਰੇ ਇਸਰਾਏਲ ਨੂੰ ਹਿਦਾਇਤ ਦਿੱਤੀ ਸੀ ਅਤੇ ਜਿਨ੍ਹਾਂ ਨੂੰ ਯਾਹਵੇਹ ਲਈ ਪਵਿੱਤਰ ਕੀਤਾ ਗਿਆ ਸੀ: “ਪਵਿੱਤਰ ਸੰਦੂਕ ਨੂੰ ਉਸ ਮੰਦਰ ਵਿੱਚ ਰੱਖੋ ਜੋ ਇਸਰਾਏਲ ਦੇ ਰਾਜਾ ਦਾਵੀਦ ਦੇ ਪੁੱਤਰ ਸ਼ਲੋਮੋਨ ਨੇ ਬਣਾਇਆ ਸੀ, ਫਿਰ ਇਹ ਤੁਹਾਡਿਆਂ ਮੋਢਿਆਂ ਉੱਤੇ ਭਾਰ ਨਹੀਂ ਹੋਵੇਗਾ। ਹੁਣ ਤੁਸੀਂ ਆਪਣੇ ਪਰਮੇਸ਼ਵਰ ਅਤੇ ਉਸ ਦੀ ਪਰਜਾ ਇਸਰਾਏਲ ਦੀ ਸੇਵਾ ਕਰੋ।

4ਇਸਰਾਏਲ ਦੇ ਰਾਜੇ ਦਾਵੀਦ ਅਤੇ ਉਸ ਦੇ ਪੁੱਤਰ ਸ਼ਲੋਮੋਨ ਦੁਆਰਾ ਲਿਖੀਆਂ ਹਿਦਾਇਤਾਂ ਦੇ ਅਨੁਸਾਰ, ਆਪਣੇ-ਆਪ ਨੂੰ ਆਪਣੇ ਪਰਿਵਾਰ-ਸਮੂਹਾਂ ਅਨੁਸਾਰ ਤਿਆਰ ਕਰੋ।

5“ਅਤੇ ਤੁਸੀਂ ਪਵਿੱਤਰ ਅਸਥਾਨ ਵਿੱਚ ਪਿੱਤਰਾਂ ਦੇ ਘਰਾਣਿਆਂ ਦੀ ਵੰਡ ਅਨੁਸਾਰ ਅਤੇ ਆਪਣੇ ਭਰਾਵਾਂ ਆਮ ਲੋਕਾਂ ਦੇ ਅਨੁਸਾਰ ਖੜ੍ਹੇ ਹੋਵੋ, ਅਤੇ ਲੇਵੀਆਂ ਦੇ ਪਿੱਤਰਾਂ ਦੇ ਘਰਾਣੇ ਦਾ ਹਿੱਸਾ ਹਰੇਕ ਲਈ ਹੋਵੇ।

6ਪਸਾਹ ਦੇ ਲੇਲਿਆਂ ਨੂੰ ਵੱਢੋ, ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਆਪਣੇ ਸੰਗੀ ਇਸਰਾਏਲੀਆਂ ਲਈ ਲੇਲੇ ਤਿਆਰ ਕਰੋ, ਉਹੀ ਕਰੋ ਜੋ ਯਾਹਵੇਹ ਨੇ ਮੋਸ਼ੇਹ ਰਾਹੀਂ ਹੁਕਮ ਦਿੱਤਾ ਸੀ।”

7ਯੋਸ਼ੀਯਾਹ ਨੇ ਆਮ ਲੋਕਾਂ ਲਈ ਜਿੰਨੇ ਉੱਥੇ ਸਨ ਇੱਜੜ ਵਿੱਚੋਂ ਛੱਤ੍ਰੇ ਲੇਲੇ ਪਸਾਹ ਲਈ ਦਿੱਤੇ ਜਿਹੜੇ ਗਿਣਤੀ ਵਿੱਚ ਤੀਹ ਹਜ਼ਾਰ ਸਨ ਅਤੇ ਤਿੰਨ ਹਜ਼ਾਰ ਵਹਿੜੇ। ਇਹ ਸਾਰੇ ਸ਼ਾਹੀ ਮਾਲ ਵਿੱਚੋਂ ਸਨ।

8ਉਸ ਦੇ ਸਰਦਾਰਾਂ ਨੇ ਖੁਸ਼ੀ ਦੇ ਚੜ੍ਹਾਵੇ ਲੋਕਾਂ ਲਈ ਜਾਜਕਾਂ ਅਤੇ ਲੇਵੀਆਂ ਲਈ ਦਿੱਤੇ ਅਤੇ ਹਿਲਕੀਯਾਹ, ਜ਼ਕਰਯਾਹ ਅਤੇ ਯਹੀਏਲ ਨੇ ਜਿਹੜੇ ਪਰਮੇਸ਼ਵਰ ਦੇ ਭਵਨ ਦੇ ਹਾਕਮ ਸਨ ਜਾਜਕਾਂ ਨੂੰ ਪਸਾਹ ਲਈ ਦੋ ਹਜ਼ਾਰ ਛੇ ਸੌ ਭੇਡਾਂ ਬੱਕਰੀਆਂ ਅਤੇ ਤਿੰਨ ਸੌ ਵਹਿੜੇ ਦਿੱਤੇ।

9ਅਤੇ ਕਨਨਯਾਹ, ਸ਼ਮਅਯਾਹ ਅਤੇ ਨਥਾਨੇਲ, ਉਸ ਦੇ ਭਰਾ ਅਤੇ ਹਸ਼ਬਯਾਹ, ਯਈਏਲ ਅਤੇ ਯੋਜ਼ਾਬਾਦ ਲੇਵੀਆਂ ਦੇ ਸਰਦਾਰਾਂ ਨੇ ਪਸਾਹ ਲਈ ਲੇਵੀਆਂ ਨੂੰ ਪੰਜ ਹਜ਼ਾਰ ਭੇਡਾਂ ਬੱਕਰੀਆਂ ਅਤੇ ਪੰਜ ਸੌ ਵਹਿੜੇ ਦਿੱਤੇ।

10ਸੋ ਉਪਾਸਨਾ ਦਾ ਕੰਮ ਪੂਰਾ ਹੋਇਆ, ਤਾਂ ਜਾਜਕ ਆਪਣੇ ਥਾਂ ਅਤੇ ਲੇਵੀ ਆਪਣੀ-ਆਪਣੀ ਵਾਰੀ ਉੱਤੇ ਪਾਤਸ਼ਾਹ ਦੇ ਹੁਕਮ ਅਨੁਸਾਰ ਖੜ੍ਹੇ ਹੋ ਗਏ।

11ਪਸਾਹ ਦੇ ਲੇਲਿਆਂ ਨੂੰ ਵੱਢਿਆ ਗਿਆ ਅਤੇ ਜਾਜਕਾਂ ਨੇ ਜਗਵੇਦੀ ਉੱਤੇ ਲਹੂ ਦੇ ਛਿੱਟੇ ਮਾਰੇ, ਜਦੋਂ ਕਿ ਲੇਵੀਆਂ ਨੇ ਜਾਨਵਰਾਂ ਦੀ ਖੱਲ ਕੱਟੀ।

12ਤਾਂ ਉਹ ਹੋਮ ਬਲੀਆਂ ਨੂੰ ਲੈ ਗਏ ਅਤੇ ਆਮ ਲੋਕਾਂ ਦੇ ਪਿਉ ਦਾਦਿਆਂ ਦੇ ਘਰਾਣਿਆਂ ਦੀ ਵੰਡ ਅਨੁਸਾਰ ਯਾਹਵੇਹ ਦੇ ਹਜ਼ੂਰ ਭੇਟ ਚੜ੍ਹਾਉਣ ਲਈ ਉਹਨਾਂ ਨੂੰ ਦਿੱਤਾ ਜਿਵੇਂ ਮੋਸ਼ੇਹ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਅਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਵਹਿੜਿਆਂ ਨਾਲ ਕੀਤਾ।

13ਅਤੇ ਉਹਨਾਂ ਨੇ ਪਸਾਹ ਨੂੰ ਬਿਧੀ ਦੇ ਅਨੁਸਾਰ ਅੱਗ ਉੱਤੇ ਭੁੰਨਿਆ ਅਤੇ ਪਵਿੱਤਰ ਭੇਟਾਂ ਉਹਨਾਂ ਨੇ ਦੇਗਾਂ, ਤਉੜੀਆਂ ਅਤੇ ਕੜਾਹੀਆਂ ਵਿੱਚ ਪਕਾਈਆਂ ਅਤੇ ਉਹਨਾਂ ਨੂੰ ਆਮ ਲੋਕਾਂ ਤੱਕ ਛੇਤੀ ਨਾਲ ਪਹੁੰਚਾ ਦਿੱਤਾ।

14ਇਸ ਤੋਂ ਬਾਅਦ, ਉਹਨਾਂ ਨੇ ਆਪਣੇ ਲਈ ਅਤੇ ਜਾਜਕਾਂ ਲਈ ਤਿਆਰੀਆਂ ਕੀਤੀਆਂ, ਕਿਉਂਕਿ ਜਾਜਕ, ਹਾਰੋਨ ਦੇ ਉੱਤਰਾਧਿਕਾਰੀ, ਹੋਮ ਦੀਆਂ ਭੇਟਾਂ ਅਤੇ ਚਰਬੀ ਦੇ ਭਾਗਾਂ ਨੂੰ ਰਾਤ ਹੋਣ ਤੱਕ ਚੜ੍ਹਾਉਂਦੇ ਰਹੇ ਸਨ। ਇਸ ਲਈ ਲੇਵੀਆਂ ਨੇ ਆਪਣੇ ਲਈ ਅਤੇ ਹਾਰੋਨ ਦੇ ਜਾਜਕਾਂ ਲਈ ਤਿਆਰੀਆਂ ਕੀਤੀਆਂ।

15ਅਤੇ ਆਸਾਫ਼ ਦੀ ਵੰਸ਼ ਦੇ ਗਵੱਯੇ ਦਾਵੀਦ ਅਤੇ ਆਸਾਫ਼ ਅਰ ਹੇਮਾਨ ਅਤੇ ਪਾਤਸ਼ਾਹ ਦੇ ਗੈਬਦਾਨ ਯਦੂਥੂਨ ਦੇ ਹੁਕਮ ਅਨੁਸਾਰ ਆਪਣੀ-ਆਪਣੀ ਥਾਂ ਉੱਤੇ ਖੜ੍ਹੇ ਸਨ ਅਤੇ ਹਰ ਫਾਟਕ ਉੱਤੇ ਦਰਬਾਨ ਸਨ ਅਤੇ ਉਹਨਾਂ ਨੂੰ ਆਪਣੀ ਟਹਿਲ ਸੇਵਾ ਤੋਂ ਅੱਡ ਹੋਣਾ ਨਾ ਪਿਆ ਕਿਉਂ ਜੋ ਉਹਨਾਂ ਦੇ ਭਰਾਵਾਂ ਲੇਵੀਆਂ ਨੇ ਉਹਨਾਂ ਲਈ ਤਿਆਰ ਕੀਤਾ।

16ਇਸ ਲਈ ਉਸ ਸਮੇਂ ਪਸਾਹ ਦੇ ਤਿਉਹਾਰ ਦੇ ਜਸ਼ਨ ਅਤੇ ਯਾਹਵੇਹ ਦੀ ਜਗਵੇਦੀ ਉੱਤੇ ਹੋਮ ਦੀਆਂ ਭੇਟਾਂ ਚੜ੍ਹਾਉਣ ਲਈ ਯਾਹਵੇਹ ਦੀ ਸਾਰੀ ਸੇਵਾ ਕੀਤੀ ਗਈ ਸੀ, ਜਿਵੇਂ ਕਿ ਰਾਜਾ ਯੋਸ਼ੀਯਾਹ ਨੇ ਹੁਕਮ ਦਿੱਤਾ ਸੀ।

17ਜਿਹੜੇ ਇਸਰਾਏਲੀ ਹਾਜ਼ਰ ਸਨ, ਉਹਨਾਂ ਨੇ ਉਸ ਸਮੇਂ ਪਸਾਹ ਦਾ ਤਿਉਹਾਰ ਮਨਾਇਆ ਅਤੇ ਸੱਤ ਦਿਨਾਂ ਤੱਕ ਪਤੀਰੀ ਰੋਟੀ ਦਾ ਪਰਬ ਮਨਾਇਆ।

18ਨਬੀ ਸਮੂਏਲ ਦੇ ਦਿਨਾਂ ਤੋਂ ਇਸਰਾਏਲ ਵਿੱਚ ਪਸਾਹ ਦਾ ਤਿਉਹਾਰ ਇਸ ਤਰ੍ਹਾਂ ਨਹੀਂ ਮਨਾਇਆ ਗਿਆ ਸੀ ਅਤੇ ਇਸਰਾਏਲ ਦੇ ਰਾਜਿਆਂ ਵਿੱਚੋਂ ਕਿਸੇ ਨੇ ਵੀ ਅਜਿਹਾ ਪਸਾਹ ਨਹੀਂ ਮਨਾਇਆ ਸੀ ਜਿਵੇਂ ਯੋਸ਼ੀਯਾਹ ਨੇ ਜਾਜਕਾਂ, ਲੇਵੀਆਂ ਅਤੇ ਸਾਰੇ ਯਹੂਦਾਹ ਅਤੇ ਇਸਰਾਏਲ ਦੇ ਲੋਕਾਂ ਨਾਲ ਜੋ ਯੇਰੂਸ਼ਲੇਮ ਦੇ ਲੋਕਾਂ ਨਾਲ ਉੱਥੇ ਸਨ।

19ਇਹ ਪਸਾਹ ਯੋਸ਼ੀਯਾਹ ਦੇ ਰਾਜ ਦੇ ਅਠਾਰਵੇਂ ਸਾਲ ਵਿੱਚ ਮਨਾਇਆ ਗਿਆ ਸੀ।

20ਇਸ ਸਭ ਕੁਝ ਦੇ ਬਾਅਦ, ਜਦੋਂ ਯੋਸ਼ੀਯਾਹ ਨੇ ਭਵਨ ਦਾ ਕੰਮ ਪੂਰਾ ਕੀਤਾ, ਤਾਂ ਮਿਸਰ ਦਾ ਰਾਜਾ ਨੇਕੋ ਫ਼ਰਾਤ ਦੇ ਕੰਢੇ ਕਰਕਮੀਸ਼ ਵਿੱਚ ਲੜਨ ਲਈ ਚੜ੍ਹਿਆ ਅਤੇ ਯੋਸ਼ੀਯਾਹ ਲੜਾਈ ਵਿੱਚ ਉਸ ਨੂੰ ਮਿਲਣ ਲਈ ਨਿਕਲਿਆ।

21ਪਰ ਉਸ ਨੇ ਉਹਦੇ ਕੋਲ ਦੂਤਾਂ ਦੇ ਰਾਹੀਂ ਸੰਦੇਸ਼ ਭੇਜਿਆ, “ਹੇ ਯਹੂਦਾਹ ਦੇ ਪਾਤਸ਼ਾਹ, ਤੇਰੇ ਨਾਲ ਮੇਰਾ ਕੀ ਕੰਮ? ਮੈਂ ਅੱਜ ਦੇ ਦਿਨ ਤੇਰੇ ਉੱਤੇ ਨਹੀਂ, ਸਗੋਂ ਇੱਕ ਹੋਰ ਘਰਾਣੇ ਉੱਤੇ ਚੜ੍ਹਾਈ ਕਰ ਰਿਹਾ ਹਾਂ ਅਤੇ ਪਰਮੇਸ਼ਵਰ ਨੇ ਮੈਨੂੰ ਛੇਤੀ ਕਰਨ ਦਾ ਹੁਕਮ ਦਿੱਤਾ ਹੈ, ਸੋ ਤੂੰ ਪਰਮੇਸ਼ਵਰ ਦੇ ਵਿਰੁੱਧ ਜਿਹੜਾ ਮੇਰੇ ਅੰਗ-ਸੰਗ ਹੈ ਟਾਕਰਾ ਨਾ ਕਰ ਮਤੇ ਉਹ ਤੈਨੂੰ ਮਾਰ ਸੁੱਟੇ।”

22ਹਾਲਾਂਕਿ, ਯੋਸ਼ੀਯਾਹ ਨੇ ਉਸ ਤੋਂ ਮੂੰਹ ਨਹੀਂ ਮੋੜਿਆ, ਪਰ ਉਸ ਨੂੰ ਲੜਾਈ ਵਿੱਚ ਸ਼ਾਮਲ ਕਰਨ ਲਈ ਭੇਸ ਬਦਲਿਆ। ਉਸ ਨੇ ਪਰਮੇਸ਼ਵਰ ਦੇ ਹੁਕਮ ਤੇ ਨੇਕੋ ਦੀ ਗੱਲ ਨਹੀਂ ਸੁਣੀ ਪਰ ਮਗਿੱਦੋ ਦੇ ਮੈਦਾਨ ਵਿੱਚ ਉਸ ਨਾਲ ਲੜਨ ਲਈ ਚਲਾ ਗਿਆ।

23ਤਾਂ ਤੀਰ ਅੰਦਾਜ਼ਾਂ ਨੇ ਯੋਸ਼ੀਯਾਹ ਪਾਤਸ਼ਾਹ ਨੂੰ ਤੀਰ ਮਾਰਿਆ ਤਾਂ ਪਾਤਸ਼ਾਹ ਨੇ ਆਪਣੇ ਨੌਕਰਾਂ ਨੂੰ ਆਖਿਆ ਕਿ “ਮੈਨੂੰ ਕੱਢ ਲੈ ਚੱਲੋ; ਕਿਉਂ ਜੋ ਮੈਂ ਬਹੁਤ ਫੱਟੜ ਹੋ ਗਿਆ ਹਾਂ।”

24ਸੋ ਉਸ ਦੇ ਨੌਕਰਾਂ ਨੇ ਉਸ ਨੂੰ ਰਥ ਤੋਂ ਲਾਹ ਕੇ ਉਸ ਦੇ ਦੂਸਰੇ ਰਥ ਵਿੱਚ ਚੜ੍ਹਾਇਆ ਅਤੇ ਉਹ ਨੂੰ ਯੇਰੂਸ਼ਲੇਮ ਨੂੰ ਲੈ ਗਏ ਜਿੱਥੇ ਉਹ ਮਰ ਗਿਆ ਅਰ ਆਪਣੇ ਪਿਉ ਦਾਦਿਆਂ ਦੀਆਂ ਕਬਰਾਂ ਵਿੱਚ ਦੱਬਿਆ ਗਿਆ। ਤਾਂ ਸਾਰੇ ਯਹੂਦਾਹ ਅਤੇ ਯੇਰੂਸ਼ਲੇਮ ਨੇ ਯੋਸ਼ੀਯਾਹ ਦੇ ਲਈ ਸੋਗ ਕੀਤਾ।

25ਯਿਰਮਿਯਾਹ ਨੇ ਯੋਸ਼ੀਯਾਹ ਲਈ ਵਿਰਲਾਪ ਰਚਿਆ ਅਤੇ ਅੱਜ ਤੱਕ ਸਾਰੇ ਮਰਦ ਅਤੇ ਔਰਤਾਂ ਗਾਇਕ ਵਿਰਲਾਪ ਵਿੱਚ ਯੋਸ਼ੀਯਾਹ ਨੂੰ ਯਾਦ ਕਰਦੇ ਹਨ। ਇਹ ਇਸਰਾਏਲ ਵਿੱਚ ਇੱਕ ਪਰੰਪਰਾ ਬਣ ਗਈ ਹੈ ਅਤੇ ਵਿਰਲਾਪ ਵਿੱਚ ਲਿਖੇ ਗਏ ਹਨ।

26ਯੋਸ਼ੀਯਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਉਸ ਦੇ ਭਗਤੀ ਦੇ ਕੰਮ ਜੋ ਯਾਹਵੇਹ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ,

27ਆਦਿ ਤੋਂ ਅੰਤ ਤੱਕ ਸਾਰੀਆਂ ਘਟਨਾਵਾਂ ਇਸਰਾਏਲ ਅਤੇ ਯਹੂਦਾਹ ਦੇ ਰਾਜਿਆਂ ਦੀ ਪੋਥੀ ਵਿੱਚ ਲਿਖੀਆਂ ਗਈਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.