2 ਇਤਿਹਾਸ 23

1ਸੱਤਵੇਂ ਸਾਲ ਵਿੱਚ ਯਹੋਯਾਦਾ ਨੇ ਆਪਣੇ ਆਪ ਨੂੰ ਤਕੜਾ ਕੀਤਾ ਅਤੇ ਸੈਂਕੜਿਆਂ ਦੇ ਸਰਦਾਰਾਂ ਨੂੰ ਅਰਥਾਤ ਯਰੋਹਾਮ ਦੇ ਪੁੱਤਰ ਅਜ਼ਰਯਾਹ ਤੇ ਯਹੋਹਾਨਾਨ ਦੇ ਪੁੱਤਰ ਇਸ਼ਮਾਏਲ ਤੇ ਓਬੇਦ ਦੇ ਪੁੱਤਰ ਅਜ਼ਰਯਾਹ ਤੇ ਅਦਾਯਾਹ ਦੇ ਪੁੱਤਰ ਮਾਸੇਯਾਹ ਤੇ ਜ਼ਿਕਰੀ ਦੇ ਪੁੱਤਰ ਅਲੀਸ਼ਾਫਾਟ ਨੂੰ ਆਪਣੇ ਨਾਲ ਇੱਕ ਨੇਮ ਵਿੱਚ ਮਿਲਾਇਆ।

2ਉਹਨਾਂ ਨੇ ਸਾਰੇ ਯਹੂਦਾਹ ਵਿੱਚ ਜਾ ਕੇ ਸਾਰੇ ਨਗਰਾਂ ਵਿੱਚੋਂ ਲੇਵੀਆਂ ਅਤੇ ਇਸਰਾਏਲੀ ਪਰਿਵਾਰਾਂ ਦੇ ਮੁਖੀਆਂ ਨੂੰ ਇਕੱਠਾ ਕੀਤਾ। ਜਦੋਂ ਉਹ ਯੇਰੂਸ਼ਲੇਮ ਵਿੱਚ ਆਏ,

3ਸਾਰੀ ਸਭਾ ਨੇ ਪਰਮੇਸ਼ਵਰ ਦੇ ਭਵਨ ਵਿੱਚ ਰਾਜੇ ਨਾਲ ਇੱਕ ਨੇਮ ਬੰਨ੍ਹਿਆ। ਯਹੋਯਾਦਾ ਨੇ ਉਹਨਾਂ ਨੂੰ ਕਿਹਾ, “ਰਾਜੇ ਦਾ ਪੁੱਤਰ ਰਾਜ ਕਰੇਗਾ, ਜਿਵੇਂ ਯਾਹਵੇਹ ਨੇ ਦਾਵੀਦ ਦੇ ਉੱਤਰਾਧਿਕਾਰੀਆਂ ਬਾਰੇ ਨੇਮ ਕੀਤਾ ਸੀ।

4ਹੁਣ ਤੁਹਾਨੂੰ ਇਹ ਕਰਨਾ ਚਾਹੀਦਾ ਹੈ: ਤੁਹਾਡੇ ਵਿੱਚੋਂ ਇੱਕ ਤਿਹਾਈ ਜਾਜਕ ਅਤੇ ਲੇਵੀਆਂ ਜੋ ਸਬਤ ਦੇ ਦਿਨ ਕੰਮ ਕਰਨ ਲਈ ਜਾਂਦੇ ਹਨ ਦਰਵਾਜ਼ਿਆਂ ਉੱਤੇ ਪਹਿਰਾ ਦੇਣ,

5ਅਤੇ ਇੱਕ ਤਿਹਾਈ ਰਾਜਾ ਦੇ ਮਹਿਲ ਉੱਤੇ ਹੋਵੇ ਤੇ ਇੱਕ ਤਿਹਾਈ ਬੁਨਿਆਦ ਦੇ ਫਾਟਕ ਉੱਤੇ ਅਤੇ ਬਾਕੀ ਦੇ ਸਾਰੇ ਲੋਕ ਯਾਹਵੇਹ ਦੇ ਭਵਨ ਦੇ ਵੇਹੜਿਆਂ ਵਿੱਚ ਹੋਣ।

6ਪਰ ਯਾਹਵੇਹ ਦੇ ਭਵਨ ਦੇ ਵੇਹੜਿਆਂ ਵਿੱਚ ਬਿਨਾ ਜਾਜਕਾਂ ਦੇ ਅਤੇ ਉਹਨਾਂ ਦੇ ਜੋ ਲੇਵੀਆਂ ਵਿੱਚੋਂ ਸੇਵਾ ਕਰਦੇ ਹਨ ਹੋਰ ਕੋਈ ਨਾ ਆਵੇ ਕਿਉਂ ਜੋ ਉਹ ਪਵਿੱਤਰ ਹਨ ਪਰ ਸਾਰੇ ਲੋਕ ਯਾਹਵੇਹ ਲਈ ਜ਼ਿੰਮੇਵਾਰੀ ਦੀ ਰਾਖੀ ਕਰਨ।

7ਅਤੇ ਲੇਵੀ ਆਪਣੇ ਹੱਥ ਵਿੱਚ ਹਥਿਆਰ ਲੈ ਕੇ ਰਾਜੇ ਨੂੰ ਚੁਫੇਰਿਓਂ ਘੇਰੀ ਰੱਖਣ ਅਤੇ ਜੋ ਕੋਈ ਭਵਨ ਦੇ ਅੰਦਰ ਆਵੇ ਉਸ ਨੂੰ ਮਾਰ ਦਿਉ। ਸੋ ਤੁਸੀਂ ਰਾਜਾ ਦੇ ਅੰਦਰ-ਬਾਹਰ ਆਉਂਦਿਆਂ ਜਾਂਦਿਆਂ ਉਸ ਦੇ ਨਾਲ-ਨਾਲ ਰਹਿਓ।”

8ਲੇਵੀਆਂ ਅਤੇ ਯਹੂਦਾਹ ਦੇ ਸਾਰੇ ਆਦਮੀਆਂ ਨੇ ਉਵੇਂ ਹੀ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਹੁਕਮ ਦਿੱਤਾ ਸੀ। ਹਰ ਇੱਕ ਆਪਣੇ ਆਦਮੀਆਂ ਨੂੰ ਲੈ ਗਿਆ, ਜਿਹੜੇ ਸਬਤ ਦੇ ਦਿਨ ਕੰਮ ਤੇ ਜਾ ਰਹੇ ਸਨ ਅਤੇ ਜਿਹੜੇ ਕੰਮ ਤੋਂ ਚਲੇ ਗਏ ਸਨ, ਕਿਉਂ ਜੋ ਯਹੋਯਾਦਾ ਜਾਜਕ ਨੇ ਵਾਰੀ ਵਾਲਿਆਂ ਨੂੰ ਵਿਦਿਆ ਨਹੀਂ ਕੀਤਾ ਸੀ।

9ਅਤੇ ਯਹੋਯਾਦਾ ਜਾਜਕ ਨੇ ਦਾਵੀਦ ਰਾਜਾ ਦੀਆਂ ਢਾਲਾਂ ਅਤੇ ਬਰਛੀਆਂ ਜੋ ਪਰਮੇਸ਼ਵਰ ਦੇ ਭਵਨ ਵਿੱਚ ਸੈਂਕੜਿਆਂ ਦੇ ਸਰਦਾਰਾਂ ਨੂੰ ਦਿੱਤੀਆਂ ਸਨ।

10ਉਸ ਨੇ ਸਾਰੇ ਆਦਮੀਆਂ ਨੂੰ, ਹਰ ਇੱਕ ਆਪਣੇ ਹੱਥ ਵਿੱਚ ਹਥਿਆਰ ਲੈ ਕੇ, ਰਾਜੇ ਦੇ ਦੁਆਲੇ ਜਗਵੇਦੀ ਅਤੇ ਭਵਨ ਦੇ ਨੇੜੇ, ਹੈਕਲ ਦੇ ਦੱਖਣ ਤੋਂ ਉੱਤਰ ਵਾਲੇ ਪਾਸੇ ਤੱਕ ਤਾਇਨਾਤ ਕੀਤਾ।

11ਯਹੋਯਾਦਾ ਅਤੇ ਉਸਦੇ ਪੁੱਤਰਾਂ ਨੇ ਉਹਨਾਂ ਨੇ ਰਾਜਾ ਦੇ ਪੁੱਤਰ ਨੂੰ ਬਾਹਰ ਲਿਆਂਦਾ ਅਤੇ ਉਸ ਦੇ ਸਿਰ ਉੱਤੇ ਤਾਜ ਪਾ ਦਿੱਤਾ। ਉਹਨਾਂ ਨੇ ਉਸਨੂੰ ਸਹੁੰ ਦੀ ਇੱਕ ਚਿੱਠੀ ਭੇਂਟ ਕੀਤੀ ਅਤੇ ਉਸਨੂੰ ਰਾਜਾ ਘੋਸ਼ਿਤ ਕੀਤਾ। ਉਹਨਾਂ ਨੇ ਉਸ ਨੂੰ ਮਸਹ ਕੀਤਾ ਅਤੇ ਉੱਚੀ ਅਵਾਜ਼ ਵਿੱਚ ਕਿਹਾ, “ਰਾਜਾ ਜ਼ਿੰਦਾਬਾਦ!”

12ਜਦੋਂ ਅਥਲਯਾਹ ਨੇ ਲੋਕਾਂ ਦਾ ਰੌਲਾ ਅਤੇ ਰਾਜੇ ਦੀ ਉਸਤਤ ਦੀਆਂ ਚੀਕਾਂ ਸੁਣੀਆਂ, ਤਾਂ ਉਹ ਯਾਹਵੇਹ ਦੇ ਭਵਨ ਵਿੱਚ ਉਹਨਾਂ ਕੋਲ ਗਈ।

13ਉਸ ਨੇ ਉੱਥੇ ਰਾਜਾ ਨੂੰ ਪ੍ਰਵੇਸ਼ ਦੁਆਰ ਉੱਤੇ ਆਪਣੇ ਥੰਮ੍ਹ ਕੋਲ ਖੜ੍ਹਾ ਵੇਖਿਆ। ਅਧਿਕਾਰੀ ਅਤੇ ਤੁਰ੍ਹੀ ਵਜਾਉਣ ਵਾਲੇ ਰਾਜੇ ਦੇ ਕੋਲ ਸਨ, ਅਤੇ ਦੇਸ਼ ਦੇ ਸਾਰੇ ਲੋਕ ਖੁਸ਼ੀ ਮਨਾ ਰਹੇ ਸਨ ਅਤੇ ਤੁਰ੍ਹੀਆਂ ਵਜਾ ਰਹੇ ਸਨ, ਅਤੇ ਸੰਗੀਤਕਾਰ ਆਪਣੇ ਸਾਜ਼ਾਂ ਨਾਲ ਉਸਤਤ ਕਰ ਰਹੇ ਸਨ। ਤਦ ਅਥਲਯਾਹ ਨੇ ਆਪਣੇ ਬਸਤਰ ਪਾੜੇ ਅਤੇ ਉੱਚੀ-ਉੱਚੀ ਕਿਹਾ, “ਦੇਖੋ! ਦੇਸ਼ਧ੍ਰੋਹੀ! ਦੇਸ਼ਧ੍ਰੋਹੀ!”

14ਤਦ ਯਹੋਯਾਦਾ ਜਾਜਕ ਨੇ ਸੌ-ਸੌ ਸੈਨਾ ਦੇ ਮੁਖੀਆਂ ਨੂੰ ਭੇਜਿਆ, ਜੋ ਸੈਨਾ ਦੇ ਅਧਿਕਾਰੀ ਸਨ ਅਤੇ ਉਨ੍ਹਾਂ ਨੂੰ ਕਿਹਾ “ਅਥਲਯਾਹ ਨੂੰ ਪਾਲਾਂ ਦੇ ਵਿੱਚਕਾਰੋਂ ਬਾਹਰ ਲਿਆਓ ਅਤੇ ਜੋ ਕੋਈ ਉਸ ਦਾ ਪਿੱਛਾ ਕਰੇ ਉਸ ਨੂੰ ਤਲਵਾਰ ਨਾਲ ਮਾਰ ਦਿਓ ਕਿਉਂਕਿ ਜਾਜਕ ਨੇ ਕਿਹਾ ਸੀ, ਉਸ ਨੂੰ ਯਾਹਵੇਹ ਦੇ ਭਵਨ ਵਿੱਚ ਨਾ ਮਾਰੋ।”

15ਇਸ ਲਈ ਜਦੋਂ ਉਹ ਮਹਿਲ ਦੇ ਮੈਦਾਨ ਵਿੱਚ ਘੋੜੇ ਦੇ ਦਰਵਾਜ਼ੇ ਦੇ ਪ੍ਰਵੇਸ਼ ਦੁਆਰ ਕੋਲ ਪਹੁੰਚੀ ਤਾਂ ਉਹਨਾਂ ਨੇ ਉਸ ਨੂੰ ਫੜ ਲਿਆ ਅਤੇ ਉੱਥੇ ਉਸ ਨੂੰ ਮਾਰ ਦਿੱਤਾ।

16ਫਿਰ ਯਹੋਯਾਦਾ ਨੇ ਆਪਣੇ ਅਤੇ ਸਾਰੇ ਲੋਕਾਂ ਅਤੇ ਰਾਜਾ ਦੇ ਵਿਚਕਾਰ ਇੱਕ ਨੇਮ ਬੰਨ੍ਹਿਆ ਕਿ ਉਹ ਯਾਹਵੇਹ ਦੇ ਹੋਣਗੇ।

17ਸਾਰੇ ਲੋਕ ਬਆਲ ਦੇ ਮੰਦਰ ਵਿੱਚ ਗਏ ਅਤੇ ਉਸਨੂੰ ਢਾਹ ਦਿੱਤਾ। ਉਹਨਾਂ ਨੇ ਜਗਵੇਦੀਆਂ ਅਤੇ ਮੂਰਤੀਆਂ ਨੂੰ ਤੋੜ ਦਿੱਤਾ ਅਤੇ ਬਆਲ ਦੇ ਜਾਜਕ ਮੱਤਾਨ ਨੂੰ ਜਗਵੇਦੀਆਂ ਦੇ ਸਾਹਮਣੇ ਮਾਰ ਦਿੱਤਾ।

18ਤਦ ਯਹੋਯਾਦਾ ਨੇ ਯਾਹਵੇਹ ਦੇ ਭਵਨ ਦੇ ਹਾਕਮਾਂ ਨੂੰ ਜਾਜਕਾਂ ਤੇ ਲੇਵੀਆਂ ਦੇ ਹੱਥ ਹੇਠ ਜਿਨ੍ਹਾਂ ਨੂੰ ਦਾਵੀਦ ਨੇ ਯਾਹਵੇਹ ਦੇ ਭਵਨ ਉੱਤੇ ਥਾਪਿਆ ਸੀ ਕਿ ਉਹ ਯਾਹਵੇਹ ਦੀਆਂ ਹੋਮ ਬਲੀਆਂ ਅਨੰਦਤਾਈ ਤੇ ਗਾਉਣੇ ਦੇ ਨਾਲ ਦਾਵੀਦ ਦੇ ਹੁਕਮ ਅਨੁਸਾਰ ਚੜ੍ਹਾਉਣ ਜਿਵੇਂ ਮੋਸ਼ੇਹ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ।

19ਉਸ ਨੇ ਯਾਹਵੇਹ ਦੇ ਭਵਨ ਦੇ ਦਰਵਾਜ਼ਿਆਂ ਉੱਤੇ ਦਰਬਾਨ ਵੀ ਤਾਇਨਾਤ ਕੀਤੇ ਤਾਂ ਜੋ ਕੋਈ ਵੀ ਵਿਅਕਤੀ ਜੋ ਕਿਸੇ ਵੀ ਤਰ੍ਹਾਂ ਅਸ਼ੁੱਧ ਸੀ ਅੰਦਰ ਨਾ ਜਾ ਸਕੇ।

20ਉਹ ਆਪਣੇ ਨਾਲ ਸੈਂਕੜੇ ਲੋਕਾਂ ਦੇ ਸਰਦਾਰਾਂ, ਅਹਿਲਕਾਰਾਂ, ਲੋਕਾਂ ਦੇ ਹਾਕਮਾਂ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਲੈ ਗਿਆ ਅਤੇ ਰਾਜੇ ਨੂੰ ਯਾਹਵੇਹ ਦੇ ਭਵਨ ਤੋਂ ਹੇਠਾਂ ਲਿਆਇਆ। ਉਹ ਉੱਪਰਲੇ ਦਰਵਾਜ਼ੇ ਰਾਹੀਂ ਮਹਿਲ ਵਿੱਚ ਚਲੇ ਗਏ ਅਤੇ ਰਾਜੇ ਨੂੰ ਸ਼ਾਹੀ ਸਿੰਘਾਸਣ ਉੱਤੇ ਬਿਠਾਇਆ।

21ਅਤੇ ਦੇਸ਼ ਦੇ ਸਾਰੇ ਲੋਕਾਂ ਨੇ ਖੁਸ਼ੀ ਮਨਾਈ ਅਤੇ ਸ਼ਹਿਰ ਵਿੱਚ ਸ਼ਾਂਤੀ ਸੀ, ਕਿਉਂਕਿ ਅਥਲਯਾਹ ਤਲਵਾਰ ਨਾਲ ਮਾਰੀ ਗਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.