13ਉਸ ਨੇ ਉੱਥੇ ਰਾਜਾ ਨੂੰ ਪ੍ਰਵੇਸ਼ ਦੁਆਰ ਉੱਤੇ ਆਪਣੇ ਥੰਮ੍ਹ ਕੋਲ ਖੜ੍ਹਾ ਵੇਖਿਆ। ਅਧਿਕਾਰੀ ਅਤੇ ਤੁਰ੍ਹੀ ਵਜਾਉਣ ਵਾਲੇ ਰਾਜੇ ਦੇ ਕੋਲ ਸਨ, ਅਤੇ ਦੇਸ਼ ਦੇ ਸਾਰੇ ਲੋਕ ਖੁਸ਼ੀ ਮਨਾ ਰਹੇ ਸਨ ਅਤੇ ਤੁਰ੍ਹੀਆਂ ਵਜਾ ਰਹੇ ਸਨ, ਅਤੇ ਸੰਗੀਤਕਾਰ ਆਪਣੇ ਸਾਜ਼ਾਂ ਨਾਲ ਉਸਤਤ ਕਰ ਰਹੇ ਸਨ। ਤਦ ਅਥਲਯਾਹ ਨੇ ਆਪਣੇ ਬਸਤਰ ਪਾੜੇ ਅਤੇ ਉੱਚੀ-ਉੱਚੀ ਕਿਹਾ, “ਦੇਖੋ! ਦੇਸ਼ਧ੍ਰੋਹੀ! ਦੇਸ਼ਧ੍ਰੋਹੀ!”
14ਤਦ ਯਹੋਯਾਦਾ ਜਾਜਕ ਨੇ ਸੌ-ਸੌ ਸੈਨਾ ਦੇ ਮੁਖੀਆਂ ਨੂੰ ਭੇਜਿਆ, ਜੋ ਸੈਨਾ ਦੇ ਅਧਿਕਾਰੀ ਸਨ ਅਤੇ ਉਨ੍ਹਾਂ ਨੂੰ ਕਿਹਾ “ਅਥਲਯਾਹ ਨੂੰ ਪਾਲਾਂ ਦੇ ਵਿੱਚਕਾਰੋਂ ਬਾਹਰ ਲਿਆਓ ਅਤੇ ਜੋ ਕੋਈ ਉਸ ਦਾ ਪਿੱਛਾ ਕਰੇ ਉਸ ਨੂੰ ਤਲਵਾਰ ਨਾਲ ਮਾਰ ਦਿਓ ਕਿਉਂਕਿ ਜਾਜਕ ਨੇ ਕਿਹਾ ਸੀ, ਉਸ ਨੂੰ ਯਾਹਵੇਹ ਦੇ ਭਵਨ ਵਿੱਚ ਨਾ ਮਾਰੋ।”
15ਇਸ ਲਈ ਜਦੋਂ ਉਹ ਮਹਿਲ ਦੇ ਮੈਦਾਨ ਵਿੱਚ ਘੋੜੇ ਦੇ ਦਰਵਾਜ਼ੇ ਦੇ ਪ੍ਰਵੇਸ਼ ਦੁਆਰ ਕੋਲ ਪਹੁੰਚੀ ਤਾਂ ਉਹਨਾਂ ਨੇ ਉਸ ਨੂੰ ਫੜ ਲਿਆ ਅਤੇ ਉੱਥੇ ਉਸ ਨੂੰ ਮਾਰ ਦਿੱਤਾ।
16ਫਿਰ ਯਹੋਯਾਦਾ ਨੇ ਆਪਣੇ ਅਤੇ ਸਾਰੇ ਲੋਕਾਂ ਅਤੇ ਰਾਜਾ ਦੇ ਵਿਚਕਾਰ ਇੱਕ ਨੇਮ ਬੰਨ੍ਹਿਆ ਕਿ ਉਹ ਯਾਹਵੇਹ ਦੇ ਹੋਣਗੇ।
17ਸਾਰੇ ਲੋਕ ਬਆਲ ਦੇ ਮੰਦਰ ਵਿੱਚ ਗਏ ਅਤੇ ਉਸਨੂੰ ਢਾਹ ਦਿੱਤਾ। ਉਹਨਾਂ ਨੇ ਜਗਵੇਦੀਆਂ ਅਤੇ ਮੂਰਤੀਆਂ ਨੂੰ ਤੋੜ ਦਿੱਤਾ ਅਤੇ ਬਆਲ ਦੇ ਜਾਜਕ ਮੱਤਾਨ ਨੂੰ ਜਗਵੇਦੀਆਂ ਦੇ ਸਾਹਮਣੇ ਮਾਰ ਦਿੱਤਾ।