2 ਇਤਿਹਾਸ 19

1ਜਦੋਂ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਯੇਰੂਸ਼ਲੇਮ ਵਿੱਚ ਆਪਣੇ ਮਹਿਲ ਵਿੱਚ ਸਹੀ-ਸਲਾਮਤ ਵਾਪਸ ਆਇਆ,

2ਹਨਾਨੀ ਦਾ ਪੁੱਤਰ ਯੇਹੂ ਦਰਸ਼ੀ ਉਸ ਨੂੰ ਮਿਲਣ ਲਈ ਬਾਹਰ ਆਇਆ ਅਤੇ ਰਾਜੇ ਨੂੰ ਕਿਹਾ, “ਕੀ ਤੂੰ ਦੁਸ਼ਟਾਂ ਦੀ ਸਹਾਇਤਾ ਅਤੇ ਯਾਹਵੇਹ ਤੋਂ ਘਿਣ ਕਰਨ ਵਾਲਿਆਂ ਦੇ ਨਾਲ ਪਿਆਰ ਕਰੇ? ਇਸ ਗੱਲ ਦੇ ਕਾਰਨ ਯਾਹਵੇਹ ਤੇਰੇ ਉੱਤੇ ਕਹਿਰਵਾਨ ਹੈ।

3ਪਰ ਤੁਹਾਡੇ ਵਿੱਚ ਕੁਝ ਚੰਗਾ ਹੈ, ਕਿਉਂ ਜੋ ਤੁਸੀਂ ਅਸ਼ੇਰਾਹ ਦੇ ਥੰਮ੍ਹਾਂ ਦੀ ਧਰਤੀ ਨੂੰ ਹਟਾ ਦਿੱਤਾ ਹੈ ਅਤੇ ਪਰਮੇਸ਼ਵਰ ਨੂੰ ਭਾਲਣ ਲਈ ਆਪਣਾ ਮਨ ਲਗਾਇਆ ਹੈ।”

4ਯਹੋਸ਼ਾਫ਼ਾਟ ਯੇਰੂਸ਼ਲੇਮ ਵਿੱਚ ਰਹਿੰਦਾ ਸੀ, ਅਤੇ ਉਹ ਬੇਰਸ਼ੇਬਾ ਤੋਂ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਲੋਕਾਂ ਵਿੱਚ ਦੁਬਾਰਾ ਗਿਆ ਅਤੇ ਉਹਨਾਂ ਨੂੰ ਉਹਨਾਂ ਦੇ ਪੁਰਖਿਆਂ ਦੇ ਪਰਮੇਸ਼ਵਰ ਯਾਹਵੇਹ ਵੱਲ ਮੋੜ ਦਿੱਤਾ।

5ਉਸ ਨੇ ਯਹੂਦਾਹ ਦੇ ਹਰੇਕ ਗੜ੍ਹ ਵਾਲੇ ਸ਼ਹਿਰਾਂ ਵਿੱਚ ਦੇਸ਼ ਵਿੱਚ ਨਿਆਂਕਾਰ ਨਿਯੁਕਤ ਕੀਤੇ।

6ਅਤੇ ਨਿਆਂਈਆਂ ਨੂੰ ਆਖਿਆ, “ਕਿ ਜੋ ਕੁਝ ਕਰੋ ਸਮਝ ਨਾਲ ਕਰੋ ਕਿਉਂ ਜੋ ਤੁਸੀਂ ਆਦਮੀਆਂ ਵੱਲੋਂ ਨਹੀਂ ਸਗੋਂ ਯਾਹਵੇਹ ਵੱਲੋਂ ਨਿਆਉਂ ਕਰਦੇ ਹੋ ਅਤੇ ਉਹ ਨਿਆਉਂ ਦੀ ਗੱਲ ਵਿੱਚ ਤੁਹਾਡੇ ਨਾਲ ਹੈ।

7ਹੁਣ ਯਾਹਵੇਹ ਦਾ ਭੈ ਤੁਹਾਡੇ ਮੰਨ ਵਿੱਚ ਰਹੇ ਸੋ ਸੰਭਲ ਕੇ ਕੰਮ ਕਰਨਾ ਕਿਉਂ ਜੋ ਸਾਡੇ ਯਾਹਵੇਹ ਪਰਮੇਸ਼ਵਰ ਵਿੱਚ ਬੇ ਨਿਆਈਂ ਨਹੀਂ ਅਤੇ ਨਾ ਕਿਸੇ ਦੀ ਪੱਖਵਾਦੀ ਅਤੇ ਨਾ ਹੀ ਰਿਸ਼ਵਤ ਚੱਲਦੀ ਹੈ।”

8ਯੇਰੂਸ਼ਲੇਮ ਵਿੱਚ ਵੀ, ਯਹੋਸ਼ਾਫ਼ਾਟ ਨੇ ਕੁਝ ਲੇਵੀਆਂ, ਜਾਜਕਾਂ ਅਤੇ ਇਸਰਾਏਲੀ ਪਰਿਵਾਰਾਂ ਦੇ ਮੁਖੀਆਂ ਨੂੰ ਯਾਹਵੇਹ ਦੇ ਕਾਨੂੰਨ ਦਾ ਪ੍ਰਬੰਧ ਕਰਨ ਅਤੇ ਝਗੜਿਆਂ ਦਾ ਨਿਪਟਾਰਾ ਕਰਨ ਲਈ ਨਿਯੁਕਤ ਕੀਤਾ ਅਤੇ ਉਹ ਯੇਰੂਸ਼ਲੇਮ ਵਿੱਚ ਰਹਿੰਦੇ ਸਨ।

9ਉਸ ਨੇ ਉਹਨਾਂ ਨੂੰ ਇਹ ਹੁਕਮ ਦਿੱਤੇ: “ਤੁਹਾਨੂੰ ਯਾਹਵੇਹ ਦੇ ਡਰ ਵਿੱਚ ਵਫ਼ਾਦਾਰੀ ਅਤੇ ਪੂਰੇ ਦਿਲ ਨਾਲ ਸੇਵਾ ਕਰਨੀ ਚਾਹੀਦੀ ਹੈ।

10ਸ਼ਹਿਰਾਂ ਵਿੱਚ ਰਹਿਣ ਵਾਲੇ ਤੁਹਾਡੇ ਲੋਕਾਂ ਵੱਲੋਂ ਤੁਹਾਡੇ ਸਾਹਮਣੇ ਆਉਣ ਵਾਲੇ ਹਰ ਮਾਮਲੇ ਵਿੱਚ ਭਾਵੇਂ ਖੂਨ-ਖਰਾਬਾ ਹੋਵੇ ਜਾਂ ਕਾਨੂੰਨ, ਹੁਕਮਾਂ, ਫ਼ਰਮਾਨਾਂ ਜਾਂ ਨਿਯਮਾਂ ਦੀਆਂ ਹੋਰ ਚਿੰਤਾਵਾਂ ਤੁਸੀਂ ਉਹਨਾਂ ਨੂੰ ਚੇਤਾਵਨੀ ਦੇਣੀ ਹੈ ਕਿ ਉਹ ਯਾਹਵੇਹ ਦੇ ਵਿਰੁੱਧ ਪਾਪ ਨਾ ਕਰਨ, ਨਹੀਂ ਤਾਂ ਉਸ ਦਾ ਕ੍ਰੋਧ ਤੁਹਾਡੇ ਅਤੇ ਤੁਹਾਡੇ ਲੋਕਾਂ ਉੱਤੇ ਆਵੇਗਾ। ਇਹ ਕਰੋ ਤਾਂ ਤੁਸੀਂ ਦੋਸ਼ੀ ਨਹੀਂ ਹੋਵੋਗੇ।

11“ਪ੍ਰਧਾਨ ਜਾਜਕ ਅਮਰਯਾਹ ਯਾਹਵੇਹ ਦੇ ਸੰਬੰਧਿਤ ਹਰ ਚੀਜ਼ ਲਈ ਜ਼ਿੰਮੇਵਾਰ ਹੋਵੇਗਾ, ਅਤੇ ਯਹੂਦਾਹ ਦੇ ਗੋਤ ਦਾ ਆਗੂ, ਇਸਮਾਏਲ ਦਾ ਪੁੱਤਰ ਜ਼ਬਦਯਾਹ, ਰਾਜੇ ਦੇ ਕਿਸੇ ਵੀ ਮਾਮਲੇ ਵਿੱਚ ਤੁਹਾਡੇ ਉੱਤੇ ਜ਼ਿੰਮੇਵਾਰ ਹੋਵੇਗਾ ਅਤੇ ਲੇਵੀ ਤੁਹਾਡੇ ਸਾਹਮਣੇ ਅਧਿਕਾਰੀਆਂ ਵਜੋਂ ਸੇਵਾ ਕਰਨ। ਹਿੰਮਤ ਨਾਲ ਕੰਮ ਕਰੋ ਅਤੇ ਯਾਹਵੇਹ ਚੰਗੇ ਕੰਮ ਕਰਨ ਵਾਲਿਆਂ ਦੇ ਨਾਲ ਹੋਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.