2 ਇਤਿਹਾਸ 14

1ਅਤੇ ਅਬੀਯਾਹ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ। ਉਸ ਦਾ ਪੁੱਤਰ ਆਸਾ ਉਸ ਤੋਂ ਬਾਅਦ ਰਾਜਾ ਬਣਿਆ ਅਤੇ ਉਸ ਦੇ ਦਿਨਾਂ ਵਿੱਚ ਦੇਸ਼ ਵਿੱਚ ਦਸ ਸਾਲ ਸ਼ਾਂਤੀ ਰਹੀ।

2ਆਸਾ ਨੇ ਉਹ ਕੀਤਾ ਜੋ ਉਸ ਦੇ ਪਰਮੇਸ਼ਵਰ ਯਾਹਵੇਹ ਦੀ ਨਿਗਾਹ ਵਿੱਚ ਚੰਗਾ ਅਤੇ ਸਹੀ ਸੀ।

3ਕਿਉਂ ਜੋ ਉਸ ਨੇ ਓਪਰੇ ਦੇਵਤਿਆਂ ਦੀਆਂ ਜਗਵੇਦੀਆਂ ਨੂੰ ਅਤੇ ਉੱਚੇ ਸਥਾਨਾਂ ਨੂੰ ਅਤੇ ਅਸ਼ੇਰਾਹ ਦੇ ਸਾਰੇ ਦੇਵਤਿਆਂ ਨੂੰ ਚੁੱਕ ਦਿੱਤਾ ਅਤੇ ਥੰਮ੍ਹਾਂ ਨੂੰ ਭੰਨ ਛੱਡਿਆ ਅਤੇ ਟੁੰਡਾਂ ਨੂੰ ਵੱਢ ਸੁੱਟਿਆ।

4ਉਸਨੇ ਯਹੂਦਾਹ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਨੂੰ ਭਾਲਣ ਅਤੇ ਉਸਦੇ ਕਾਨੂੰਨਾਂ ਅਤੇ ਹੁਕਮਾਂ ਦੀ ਪਾਲਣਾ ਕਰਨ।

5ਉਸ ਨੇ ਯਹੂਦਾਹ ਦੇ ਹਰੇਕ ਕਸਬੇ ਵਿੱਚੋਂ ਉੱਚੀਆਂ ਥਾਵਾਂ ਅਤੇ ਧੂਪ ਦੀਆਂ ਜਗਵੇਦੀਆਂ ਨੂੰ ਹਟਾ ਦਿੱਤਾ ਅਤੇ ਉਸ ਦੇ ਅਧੀਨ ਰਾਜ ਵਿੱਚ ਸ਼ਾਂਤੀ ਸੀ।

6ਉਸ ਨੇ ਯਹੂਦਾਹ ਦੇ ਗੜ੍ਹ ਵਾਲੇ ਸ਼ਹਿਰ ਉਸਾਰੇ, ਕਿਉਂਕਿ ਦੇਸ਼ ਵਿੱਚ ਸ਼ਾਂਤੀ ਸੀ। ਉਹਨਾਂ ਸਾਲਾਂ ਦੌਰਾਨ ਕੋਈ ਵੀ ਉਸ ਨਾਲ ਲੜਿਆ ਨਹੀਂ ਸੀ, ਕਿਉਂਕਿ ਪਰਮੇਸ਼ਵਰ ਨੇ ਉਸ ਨੂੰ ਆਰਾਮ ਦਿੱਤਾ ਸੀ।

7ਉਸ ਨੇ ਯਹੂਦਾਹ ਨੂੰ ਕਿਹਾ, “ਆਓ ਅਸੀਂ ਇਨ੍ਹਾਂ ਕਸਬਿਆਂ ਨੂੰ ਉਸਾਰੀਏ, ਅਤੇ ਉਹਨਾਂ ਦੇ ਆਲੇ-ਦੁਆਲੇ ਬੁਰਜਾਂ, ਦਰਵਾਜ਼ਿਆਂ ਅਤੇ ਬਾਰਾਂ ਨਾਲ ਕੰਧਾਂ ਬਣਾਈਏ। ਧਰਤੀ ਅਜੇ ਵੀ ਸਾਡੀ ਹੈ, ਕਿਉਂਕਿ ਅਸੀਂ ਆਪਣੇ ਪਰਮੇਸ਼ਵਰ ਯਾਹਵੇਹ ਨੂੰ ਭਾਲਿਆ ਹੈ। ਅਸੀਂ ਉਸਨੂੰ ਭਾਲਿਆ ਇਸ ਲਈ ਉਸਨੇ ਸਾਨੂੰ ਹਰ ਪਾਸੇ ਤੋਂ ਅਰਾਮ ਦਿੱਤਾ ਹੈ।” ਇਸ ਲਈ ਉਹਨਾਂ ਨੇ ਨਗਰਾਂ ਨੂੰ ਬਣਾਇਆ ਅਤੇ ਖੁਸ਼ਹਾਲ ਹੁੰਦੇ ਗਏ।

8ਆਸਾ ਦੇ ਕੋਲ ਯਹੂਦਾਹ ਦੀ ਤਿੰਨ ਲੱਖ ਫ਼ੌਜ ਸੀ ਜਿਹੜੇ ਢਾਲ਼ ਅਤੇ ਬਰਛੀ ਚੁੱਕਦੇ ਸਨ ਅਤੇ ਬਿਨਯਾਮੀਨ ਦੇ ਦੋ ਲੱਖ ਅੱਸੀ ਹਜ਼ਾਰ ਸਨ ਜੋ ਢਾਲ਼ ਚੁੱਕਦੇ ਸਨ ਅਤੇ ਤੀਰ ਚਲਾਉਂਦੇ ਸਨ ਅਤੇ ਇਹ ਸਾਰੇ ਸੂਰਬੀਰ ਯੋਧੇ ਸਨ।

9ਜ਼ੇਰਾਹ ਕੂਸ਼ੀ ਦਸ ਲੱਖ ਦੀ ਫੌਜ ਅਤੇ ਤਿੰਨ ਸੌ ਰਥ ਲੈ ਕੇ ਉਹਨਾਂ ਦੇ ਵਿਰੁੱਧ ਨਿੱਕਲਿਆ ਅਤੇ ਮਾਰੇਸ਼ਾਹ ਵਿੱਚ ਆਇਆ।

10ਆਸਾ ਉਸ ਨੂੰ ਮਿਲਣ ਲਈ ਬਾਹਰ ਗਿਆ, ਅਤੇ ਉਹਨਾਂ ਨੇ ਮਾਰੇਸ਼ਾਹ ਦੇ ਨੇੜੇ ਸਫ਼ਤਾਹ ਦੀ ਵਾਦੀ ਵਿੱਚ ਲੜਾਈ ਦੀਆਂ ਸਥਿਤੀਆਂ ਬਣਾਈਆਂ।

11ਤਦ ਆਸਾ ਨੇ ਆਪਣੇ ਪਰਮੇਸ਼ਵਰ ਨੂੰ ਬੁਲਾਇਆ ਅਤੇ ਕਿਹਾ, “ਯਾਹਵੇਹ, ਤੇਰੇ ਵਰਗਾ ਕੋਈ ਨਹੀਂ ਜੋ ਤਾਕਤਵਰਾਂ ਦੇ ਵਿਰੁੱਧ ਸ਼ਕਤੀਹੀਣ ਦੀ ਸਹਾਇਤਾ ਕਰੇ। ਹੇ ਯਾਹਵੇਹ ਸਾਡੇ ਪਰਮੇਸ਼ਵਰ ਸਾਡੀ ਸਹਾਇਤਾ ਕਰੋ, ਕਿਉਂਕਿ ਅਸੀਂ ਤੁਹਾਡੇ ਉੱਤੇ ਭਰੋਸਾ ਕਰਦੇ ਹਾਂ ਅਤੇ ਤੁਹਾਡੇ ਨਾਮ ਉੱਤੇ ਅਸੀਂ ਇਸ ਵਿਸ਼ਾਲ ਸੈਨਾ ਦੇ ਵਿਰੁੱਧ ਆਏ ਹਾਂ। ਯਾਹਵੇਹ ਹੀ ਸਾਡਾ ਪਰਮੇਸ਼ਵਰ ਹੈ। ਅਜਿਹਾ ਕਦੇ ਨਹੀਂ ਹੋਇਆ ਕਿ ਕੋਈ ਆਦਮੀ ਤੁਹਾਡੇ ਉੱਤੇ ਹਾਵੀ ਹੋ ਜਾਵੇ।”

12ਯਾਹਵੇਹ ਨੇ ਆਸਾ ਅਤੇ ਯਹੂਦਾਹ ਦੇ ਅੱਗੇ ਕੂਸ਼ੀਆਂ ਨੂੰ ਮਾਰਿਆ ਅਤੇ ਕੂਸ਼ੀ ਭੱਜ ਗਏ,

13ਅਤੇ ਆਸਾ ਅਤੇ ਉਹ ਦੇ ਲੋਕਾਂ ਨੇ ਗਰਾਰ ਤੀਕ ਉਹਨਾਂ ਦਾ ਪਿੱਛਾ ਕੀਤਾ ਅਤੇ ਕੂਸ਼ੀਆਂ ਵਿੱਚੋਂ ਇੰਨੇ ਖੇਤ ਰਹੇ ਕਿ ਉਹ ਫੇਰ ਸੰਭਲ ਨਾ ਸੱਕੇ ਕਿਉਂ ਜੋ ਉਹ ਯਾਹਵੇਹ ਅਤੇ ਉਸ ਦੇ ਦਲ ਦੇ ਹੱਥੋਂ ਮਾਰੇ ਗਏ ਅਤੇ ਯਹੂਦਾਹ ਬਹੁਤ ਸਾਰਾ ਲੁੱਟ ਦਾ ਮਾਲ ਚੁੱਕ ਲਿਆਇਆ।

14ਉਹਨਾਂ ਨੇ ਗਰਾਰ ਦੇ ਆਲੇ-ਦੁਆਲੇ ਦੇ ਸਾਰੇ ਪਿੰਡਾਂ ਨੂੰ ਤਬਾਹ ਕਰ ਦਿੱਤਾ, ਕਿਉਂਕਿ ਯਾਹਵੇਹ ਦਾ ਡਰ ਉਹਨਾਂ ਉੱਤੇ ਆ ਗਿਆ ਸੀ। ਉਹਨਾਂ ਨੇ ਇਹ ਸਾਰੇ ਪਿੰਡ ਲੁੱਟ ਲਏ, ਕਿਉਂਕਿ ਇੱਥੇ ਬਹੁਤ ਸਾਰਾ ਲੁੱਟਮਾਰ ਦਾ ਮਾਲ ਸੀ।

15ਉਹਨਾਂ ਨੇ ਚਰਵਾਹਿਆਂ ਦੇ ਡੇਰਿਆਂ ਤੇ ਵੀ ਹਮਲਾ ਕੀਤਾ ਅਤੇ ਭੇਡਾਂ, ਬੱਕਰੀਆਂ ਅਤੇ ਊਠਾਂ ਦੇ ਝੁੰਡ ਨੂੰ ਲੁੱਟ ਲਿਆ। ਫਿਰ ਉਹ ਯੇਰੂਸ਼ਲੇਮ ਵਾਪਸ ਆ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.