7ਉਸ ਨੇ ਯਹੂਦਾਹ ਨੂੰ ਕਿਹਾ, “ਆਓ ਅਸੀਂ ਇਨ੍ਹਾਂ ਕਸਬਿਆਂ ਨੂੰ ਉਸਾਰੀਏ, ਅਤੇ ਉਹਨਾਂ ਦੇ ਆਲੇ-ਦੁਆਲੇ ਬੁਰਜਾਂ, ਦਰਵਾਜ਼ਿਆਂ ਅਤੇ ਬਾਰਾਂ ਨਾਲ ਕੰਧਾਂ ਬਣਾਈਏ। ਧਰਤੀ ਅਜੇ ਵੀ ਸਾਡੀ ਹੈ, ਕਿਉਂਕਿ ਅਸੀਂ ਆਪਣੇ ਪਰਮੇਸ਼ਵਰ ਯਾਹਵੇਹ ਨੂੰ ਭਾਲਿਆ ਹੈ। ਅਸੀਂ ਉਸਨੂੰ ਭਾਲਿਆ ਇਸ ਲਈ ਉਸਨੇ ਸਾਨੂੰ ਹਰ ਪਾਸੇ ਤੋਂ ਅਰਾਮ ਦਿੱਤਾ ਹੈ।” ਇਸ ਲਈ ਉਹਨਾਂ ਨੇ ਨਗਰਾਂ ਨੂੰ ਬਣਾਇਆ ਅਤੇ ਖੁਸ਼ਹਾਲ ਹੁੰਦੇ ਗਏ।
8ਆਸਾ ਦੇ ਕੋਲ ਯਹੂਦਾਹ ਦੀ ਤਿੰਨ ਲੱਖ ਫ਼ੌਜ ਸੀ ਜਿਹੜੇ ਢਾਲ਼ ਅਤੇ ਬਰਛੀ ਚੁੱਕਦੇ ਸਨ ਅਤੇ ਬਿਨਯਾਮੀਨ ਦੇ ਦੋ ਲੱਖ ਅੱਸੀ ਹਜ਼ਾਰ ਸਨ ਜੋ ਢਾਲ਼ ਚੁੱਕਦੇ ਸਨ ਅਤੇ ਤੀਰ ਚਲਾਉਂਦੇ ਸਨ ਅਤੇ ਇਹ ਸਾਰੇ ਸੂਰਬੀਰ ਯੋਧੇ ਸਨ।
9ਜ਼ੇਰਾਹ ਕੂਸ਼ੀ ਦਸ ਲੱਖ ਦੀ ਫੌਜ ਅਤੇ ਤਿੰਨ ਸੌ ਰਥ ਲੈ ਕੇ ਉਹਨਾਂ ਦੇ ਵਿਰੁੱਧ ਨਿੱਕਲਿਆ ਅਤੇ ਮਾਰੇਸ਼ਾਹ ਵਿੱਚ ਆਇਆ।
10ਆਸਾ ਉਸ ਨੂੰ ਮਿਲਣ ਲਈ ਬਾਹਰ ਗਿਆ, ਅਤੇ ਉਹਨਾਂ ਨੇ ਮਾਰੇਸ਼ਾਹ ਦੇ ਨੇੜੇ ਸਫ਼ਤਾਹ ਦੀ ਵਾਦੀ ਵਿੱਚ ਲੜਾਈ ਦੀਆਂ ਸਥਿਤੀਆਂ ਬਣਾਈਆਂ।
11ਤਦ ਆਸਾ ਨੇ ਆਪਣੇ ਪਰਮੇਸ਼ਵਰ ਨੂੰ ਬੁਲਾਇਆ ਅਤੇ ਕਿਹਾ, “ਯਾਹਵੇਹ, ਤੇਰੇ ਵਰਗਾ ਕੋਈ ਨਹੀਂ ਜੋ ਤਾਕਤਵਰਾਂ ਦੇ ਵਿਰੁੱਧ ਸ਼ਕਤੀਹੀਣ ਦੀ ਸਹਾਇਤਾ ਕਰੇ। ਹੇ ਯਾਹਵੇਹ ਸਾਡੇ ਪਰਮੇਸ਼ਵਰ ਸਾਡੀ ਸਹਾਇਤਾ ਕਰੋ, ਕਿਉਂਕਿ ਅਸੀਂ ਤੁਹਾਡੇ ਉੱਤੇ ਭਰੋਸਾ ਕਰਦੇ ਹਾਂ ਅਤੇ ਤੁਹਾਡੇ ਨਾਮ ਉੱਤੇ ਅਸੀਂ ਇਸ ਵਿਸ਼ਾਲ ਸੈਨਾ ਦੇ ਵਿਰੁੱਧ ਆਏ ਹਾਂ। ਯਾਹਵੇਹ ਹੀ ਸਾਡਾ ਪਰਮੇਸ਼ਵਰ ਹੈ। ਅਜਿਹਾ ਕਦੇ ਨਹੀਂ ਹੋਇਆ ਕਿ ਕੋਈ ਆਦਮੀ ਤੁਹਾਡੇ ਉੱਤੇ ਹਾਵੀ ਹੋ ਜਾਵੇ।”