2 ਇਤਿਹਾਸ 26

1ਤਦ ਯਹੂਦਾਹ ਦੇ ਸਾਰੇ ਲੋਕਾਂ ਨੇ ਉਜ਼ੀਯਾਹ ਨੂੰ ਉਸ ਦੇ ਪਿਤਾ ਅਮਾਜ਼ਯਾਹ ਦੇ ਥਾਂ ਰਾਜਾ ਬਣਾਇਆ। ਉਜ਼ੀਯਾਹ ਉਸ ਸਮੇਂ ਸੋਲਾਂ ਸਾਲਾਂ ਦਾ ਸੀ।

2ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਉਸ ਨੇ ਏਲੋਥ ਨੂੰ ਦੁਬਾਰਾ ਬਣਾਇਆ ਅਤੇ ਇਸ ਨੂੰ ਯਹੂਦੀਆ ਵਿੱਚ ਸ਼ਾਮਲ ਕਰ ਲਿਆ।

3ਉਜ਼ੀਯਾਹ ਸੋਲਾਂ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਬਵੰਜਾ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਯਕਾਲਯਾਹ ਸੀ ਅਤੇ ਉਹ ਯੇਰੂਸ਼ਲੇਮ ਤੋਂ ਸੀ।

4ਉਸ ਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ, ਜਿਵੇਂ ਉਸ ਦੇ ਪਿਤਾ ਅਮਾਜ਼ਯਾਹ ਨੇ ਕੀਤਾ ਸੀ।

5ਉਸ ਨੇ ਜ਼ਕਰਯਾਹ ਦੇ ਦਿਨਾਂ ਦੌਰਾਨ ਪਰਮੇਸ਼ਵਰ ਦੀ ਭਾਲ ਕੀਤੀ, ਜਿਸ ਨੇ ਉਸ ਨੂੰ ਪਰਮੇਸ਼ਵਰ ਦੇ ਡਰ ਦਾ ਉਪਦੇਸ਼ ਦਿੱਤਾ। ਜਿੰਨਾ ਚਿਰ ਉਹ ਯਾਹਵੇਹ ਨੂੰ ਭਾਲਦਾ ਰਿਹਾ, ਪਰਮੇਸ਼ਵਰ ਨੇ ਉਸ ਨੂੰ ਸਫਲਤਾ ਦਿੱਤੀ।

6ਉਹ ਫ਼ਲਿਸਤੀਆਂ ਨਾਲ ਲੜਨ ਲਈ ਗਿਆ ਅਤੇ ਗਾਥ, ਯਬਨੇਹ ਅਤੇ ਅਸ਼ਦੋਦ ਦੀਆਂ ਕੰਧਾਂ ਨੂੰ ਢਾਹ ਦਿੱਤਾ। ਫਿਰ ਉਸ ਨੇ ਅਸ਼ਦੋਦ ਦੇ ਨੇੜੇ ਅਤੇ ਫ਼ਲਿਸਤੀਆਂ ਦੇ ਵਿੱਚ ਹੋਰ ਥਾਵਾਂ ਤੇ ਸ਼ਹਿਰਾਂ ਨੂੰ ਦੁਬਾਰਾ ਬਣਾਇਆ।

7ਪਰਮੇਸ਼ਵਰ ਨੇ ਫ਼ਲਿਸਤੀਆਂ ਦੇ ਵਿਰੁੱਧ ਅਤੇ ਅਰਬੀਆਂ ਦੇ ਵਿਰੁੱਧ ਜੋ ਗੁਰ-ਬਆਲ ਵਿੱਚ ਰਹਿੰਦੇ ਸਨ ਅਤੇ ਮਊਨੀਮ ਦੇ ਵਿਰੁੱਧ ਉਸ ਦੀ ਮਦਦ ਕੀਤੀ।

8ਅੰਮੋਨੀਆਂ ਨੇ ਉਜ਼ੀਯਾਹ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਸ ਦੀ ਪ੍ਰਸਿੱਧੀ ਮਿਸਰ ਦੀ ਸਰਹੱਦ ਤੱਕ ਫੈਲ ਗਈ ਕਿਉਂਕਿ ਉਹ ਬਹੁਤ ਸ਼ਕਤੀਸ਼ਾਲੀ ਹੋ ਗਿਆ ਸੀ।

9ਉਜ਼ੀਯਾਹ ਨੇ ਯੇਰੂਸ਼ਲੇਮ ਵਿੱਚ ਕੋਨੇ ਫਾਟਕ ਉੱਤੇ, ਘਾਟੀ ਦੇ ਫਾਟਕ ਉੱਤੇ ਅਤੇ ਕੰਧ ਦੇ ਕੌਣ ਉੱਤੇ ਬੁਰਜ ਬਣਾਏ ਅਤੇ ਉਹਨਾਂ ਨੂੰ ਮਜ਼ਬੂਤ ਕੀਤਾ।

10ਉਸ ਨੇ ਉਜਾੜ ਵਿੱਚ ਬੁਰਜ ਵੀ ਬਣਾਏ ਅਤੇ ਬਹੁਤ ਸਾਰੇ ਟੋਏ ਪੁੱਟੇ, ਕਿਉਂਕਿ ਉਸ ਦੇ ਕੋਲ ਪਹਾੜੀਆਂ ਅਤੇ ਮੈਦਾਨ ਵਿੱਚ ਬਹੁਤ ਸਾਰੇ ਪਸ਼ੂ ਸਨ। ਉਸ ਨੇ ਪਹਾੜੀਆਂ ਅਤੇ ਉਪਜਾਊ ਜ਼ਮੀਨਾਂ ਵਿੱਚ ਆਪਣੇ ਖੇਤਾਂ ਅਤੇ ਅੰਗੂਰਾਂ ਦੇ ਬਾਗ਼ਾਂ ਵਿੱਚ ਕੰਮ ਕਰਨ ਵਾਲੇ ਲੋਕ ਸਨ, ਕਿਉਂਕਿ ਉਹ ਖੇਤੀ ਨੂੰ ਪਿਆਰ ਕਰਦਾ ਸੀ।

11ਇਸ ਤੋਂ ਇਲਾਵਾ ਉਜ਼ੀਯਾਹ ਦੀ ਬਹਾਦਰ ਫ਼ੌਜ ਹਮੇਸ਼ਾ ਜੰਗ ਲਈ ਤਿਆਰ ਰਹਿੰਦੀ ਸੀ। ਉਹ ਇੱਕ ਦਲ ਵਜੋਂ ਗਿਣੇ ਗਏ ਸਨ, ਅਤੇ ਹਨਨਯਾਹ ਦੀ ਅਗਵਾਈ ਹੇਠਾਂ ਸਨ ਜੋ ਕਿ ਰਾਜੇ ਦੇ ਅਧਿਕਾਰੀਆਂ ਵਿੱਚੋਂ ਇੱਕ ਸੀ। ਇਹ ਲੋਕ ਸਕੱਤਰ ਯਈਏਲ ਅਤੇ ਮਅਸੇਯਾਹ ਦੁਆਰਾ ਗਿਣੇ ਗਏ ਸਨ।

12ਲੜਨ ਵਾਲੇ ਆਦਮੀਆਂ ਦੇ ਪਰਿਵਾਰ ਦੇ ਆਗੂਆਂ ਦੀ ਕੁੱਲ ਗਿਣਤੀ ਦੋ ਹਜ਼ਾਰ ਛੇ ਸੌ ਸੀ।

13ਅਤੇ ਉਸ ਦੇ ਅਧੀਨ ਇੱਕ ਵੱਡੀ ਫ਼ੌਜ ਸੀ ਜਿਸ ਦੀ ਗਿਣਤੀ ਤਿੰਨ ਲੱਖ ਸਾਢੇ ਸੱਤ ਹਜ਼ਾਰ ਸੀ। ਉਹ ਰਾਜੇ ਦੇ ਵਿਰੁੱਧ ਉੱਠਣ ਵਾਲੇ ਕਿਸੇ ਵੀ ਦੁਸ਼ਮਣ ਉੱਤੇ ਬਹੁਤ ਤਾਕਤ ਨਾਲ ਹਮਲਾ ਕਰ ਸਕਦੇ ਸਨ।

14ਅਤੇ ਉਜ਼ੀਯਾਹ ਨੇ ਉਹਨਾਂ ਦੀ ਸਾਰੀ ਸੈਨਾ ਲਈ ਢਾਲ਼ਾਂ, ਬਰਛੇ, ਟੋਪ, ਸੰਜੋਆਂ ਤੇ ਧਣੁੱਖ ਤੇ ਗੋਪੀਏ ਤਿਆਰ ਕੀਤੇ।

15ਅਤੇ ਉਸ ਨੇ ਯੇਰੂਸ਼ਲੇਮ ਵਿੱਚ ਕਸਬੀ ਲੋਕਾਂ ਦੀਆਂ ਬਣਾਈਆਂ ਹੋਈਆਂ ਕਲਾਂ ਲਗਵਾਈਆਂ ਤਾਂ ਜੋ ਉਹ ਤੀਰ ਚਲਾਉਣ ਅਤੇ ਵੱਡੇ-ਵੱਡੇ ਪੱਥਰ ਵਗਾਹੁਣ ਲਈ ਬੁਰਜਾਂ ਤੇ ਕੰਧਾਂ ਉੱਪਰ ਲਗਾਈਆਂ ਜਾਣ। ਸੋ ਉਹ ਦਾ ਨਾਮ ਦੂਰ ਤੱਕ ਵੱਜਣ ਲੱਗਾ ਕਿਉਂ ਜੋ ਉਹ ਦੀ ਸਹਾਇਤਾ ਅਜਿਹੇ ਨਿਰਾਲੇ ਢੰਗ ਨਾਲ ਹੋਈ ਜੋ ਉਹ ਤਕੜਾ ਹੋ ਗਿਆ।

16ਪਰ ਉਜ਼ੀਯਾਹ ਦੇ ਸ਼ਕਤੀਸ਼ਾਲੀ ਬਣਨ ਤੋਂ ਬਾਅਦ, ਉਸ ਦਾ ਘਮੰਡ ਉਸ ਦੇ ਨਾਸ਼ ਦਾ ਕਾਰਨ ਬਣਿਆ। ਉਹ ਆਪਣੇ ਯਾਹਵੇਹ ਨਾਲ ਬੇਵਫ਼ਾ ਸੀ ਅਤੇ ਧੂਪ ਦੀ ਜਗਵੇਦੀ ਉੱਤੇ ਧੂਪ ਧੁਖਾਉਣ ਲਈ ਯਾਹਵੇਹ ਦੇ ਭਵਨ ਵਿੱਚ ਦਾਖਲ ਹੋਇਆ।

17ਅਜ਼ਰਯਾਹ ਜਾਜਕ, ਯਾਹਵੇਹ ਦੇ ਅੱਸੀ ਹੋਰ ਦਲੇਰ ਪੁਜਾਰੀਆਂ ਨਾਲ ਉਸ ਦੇ ਪਿੱਛੇ-ਪਿੱਛੇ ਆਇਆ।

18ਅਤੇ ਉਹਨਾਂ ਨੇ ਉਜ਼ੀਯਾਹ ਰਾਜੇ ਦਾ ਟਾਕਰਾ ਕੀਤਾ ਅਤੇ ਉਹ ਨੂੰ ਆਖਣ ਲੱਗੇ, “ਹੇ ਉਜ਼ੀਯਾਹ! ਯਾਹਵੇਹ ਦੇ ਲਈ ਧੂਪ ਧੁਖਾਉਣਾ ਤੇਰਾ ਕੰਮ ਨਹੀਂ ਸਗੋਂ ਜਾਜਕਾਂ ਅਰਥਾਤ ਹਾਰੋਨ ਦੇ ਪੁੱਤਰਾਂ ਦਾ ਕੰਮ ਹੈ ਜਿਹੜੇ ਧੂਪ ਧੁਖਾਉਣ ਲਈ ਪਵਿੱਤਰ ਕੀਤੇ ਗਏ ਹਨ। ਪਵਿੱਤਰ ਭਵਨ ਤੋਂ ਬਾਹਰ ਜਾਹ, ਕਿਉਂ ਜੋ ਤੂੰ ਬੇਈਮਾਨੀ ਕੀਤੀ ਹੈ ਅਤੇ ਯਾਹਵੇਹ ਪਰਮੇਸ਼ਵਰ ਵੱਲੋਂ ਇਹ ਤੇਰੀ ਵਡਿਆਈ ਦਾ ਕਾਰਨ ਨਹੀਂ ਹੋਵੇਗਾ।”

19ਉਜ਼ੀਯਾਹ ਦੇ ਹੱਥ ਵਿੱਚ ਧੂਪਦਾਨ ਸੀ, ਅਤੇ ਧੂਪ ਧੁਖਾਉਣ ਲਈ ਤਿਆਰ ਸੀ ਪਰ ਇਹ ਸੁਣ ਕੇ ਉਹ ਗੁੱਸੇ ਹੋ ਗਿਆ। ਜਦੋਂ ਉਹ ਯਾਹਵੇਹ ਦੇ ਭਵਨ ਵਿੱਚ ਧੂਪ ਜਗਵੇਦੀ ਅੱਗੇ ਉਹਨਾਂ ਦੀ ਮੌਜੂਦਗੀ ਵਿੱਚ ਪੁਜਾਰੀਆਂ ਤੇ ਗੁੱਸਾ ਕਰ ਰਿਹਾ ਸੀ, ਤਾਂ ਉਸ ਦੇ ਮੱਥੇ ਤੇ ਕੋੜ੍ਹ ਨਿਕਲ ਗਿਆ।

20ਜਦੋਂ ਮੁੱਖ ਜਾਜਕ ਅਜ਼ਰਯਾਹ ਅਤੇ ਹੋਰ ਸਾਰੇ ਜਾਜਕ ਉਸ ਵੱਲ ਦੇਖਿਆ ਤੇ ਉਸ ਦੇ ਮੱਥੇ ਤੇ ਕੋੜ੍ਹ ਸੀ। ਉਹ ਉਸ ਨੂੰ ਬਿਨਾਂ ਕਿਸੇ ਦੇਰੀ ਦੇ ਬਾਹਰ ਲੈ ਗਏ, ਅਸਲ ਵਿੱਚ ਉਹ ਖੁਦ ਉੱਥੋਂ ਜਲਦੀ ਨਿਕਲਣ ਚਾਹੁੰਦਾ ਸੀ, ਕਿਉਂਕਿ ਉਹ ਜਾਣਦਾ ਸੀ ਕਿ ਉਸ ਉੱਤੇ ਯਾਹਵੇਹ ਵੱਲੋਂ ਹਮਲਾ ਕੀਤਾ ਗਿਆ ਸੀ।

21ਰਾਜਾ ਉਜ਼ੀਯਾਹ ਆਪਣੇ ਮਰਨ ਦੇ ਦਿਨ ਤੱਕ ਕੋੜ੍ਹ ਦੀ ਬਿਮਾਰੀ ਨਾਲ ਪੀੜਤ ਰਿਹਾ ਕੋੜ੍ਹੀ ਹੋਣ ਕਾਰਨ ਉਹ ਇੱਕ ਵੱਖਰੇ ਘਰ ਵਿੱਚ ਰਹਿੰਦਾ ਸੀ। ਉਸ ਨੂੰ ਯਾਹਵੇਹ ਦੇ ਘਰ ਵਿੱਚ ਜਾਣ ਦੀ ਮਨਾਹੀ ਸੀ। ਉਸ ਦਾ ਪੁੱਤਰ ਯੋਥਾਮ ਸ਼ਾਹੀ ਮਹਿਲ ਦਾ ਅਧਿਕਾਰੀ ਬਣ ਗਿਆ ਅਤੇ ਉਹ ਦੇਸ਼ ਦੇ ਲੋਕਾਂ ਉੱਤੇ ਰਾਜ ਕਰਦਾ ਸੀ।

22ਉਜ਼ੀਯਾਹ ਦੇ ਰਾਜ ਦੀਆਂ ਸ਼ੁਰੂ ਤੋਂ ਅੰਤ ਤੱਕ ਦੀਆਂ ਘਟਨਾਵਾਂ ਆਮੋਸ ਦੇ ਪੁੱਤਰ ਯਸ਼ਾਯਾਹ ਨਬੀ ਦੁਆਰਾ ਦਰਜ ਕੀਤੀਆਂ ਗਈਆਂ ਹਨ।

23ਉਜ਼ੀਯਾਹ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਹਨਾਂ ਦੇ ਕੋਲ ਦਫ਼ਨਾਇਆ ਗਿਆ ਜੋ ਰਾਜਿਆਂ ਦਾ ਸੀ, ਕਿਉਂਕਿ ਲੋਕ ਕਹਿੰਦੇ ਸਨ, “ਉਸ ਨੂੰ ਕੋੜ੍ਹ ਸੀ।” ਅਤੇ ਉਸ ਦਾ ਪੁੱਤਰ ਯੋਥਾਮ ਉਸ ਦੇ ਬਾਅਦ ਰਾਜਾ ਬਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.