15ਅਤੇ ਉਸ ਨੇ ਯੇਰੂਸ਼ਲੇਮ ਵਿੱਚ ਕਸਬੀ ਲੋਕਾਂ ਦੀਆਂ ਬਣਾਈਆਂ ਹੋਈਆਂ ਕਲਾਂ ਲਗਵਾਈਆਂ ਤਾਂ ਜੋ ਉਹ ਤੀਰ ਚਲਾਉਣ ਅਤੇ ਵੱਡੇ-ਵੱਡੇ ਪੱਥਰ ਵਗਾਹੁਣ ਲਈ ਬੁਰਜਾਂ ਤੇ ਕੰਧਾਂ ਉੱਪਰ ਲਗਾਈਆਂ ਜਾਣ। ਸੋ ਉਹ ਦਾ ਨਾਮ ਦੂਰ ਤੱਕ ਵੱਜਣ ਲੱਗਾ ਕਿਉਂ ਜੋ ਉਹ ਦੀ ਸਹਾਇਤਾ ਅਜਿਹੇ ਨਿਰਾਲੇ ਢੰਗ ਨਾਲ ਹੋਈ ਜੋ ਉਹ ਤਕੜਾ ਹੋ ਗਿਆ।
16ਪਰ ਉਜ਼ੀਯਾਹ ਦੇ ਸ਼ਕਤੀਸ਼ਾਲੀ ਬਣਨ ਤੋਂ ਬਾਅਦ, ਉਸ ਦਾ ਘਮੰਡ ਉਸ ਦੇ ਨਾਸ਼ ਦਾ ਕਾਰਨ ਬਣਿਆ। ਉਹ ਆਪਣੇ ਯਾਹਵੇਹ ਨਾਲ ਬੇਵਫ਼ਾ ਸੀ ਅਤੇ ਧੂਪ ਦੀ ਜਗਵੇਦੀ ਉੱਤੇ ਧੂਪ ਧੁਖਾਉਣ ਲਈ ਯਾਹਵੇਹ ਦੇ ਭਵਨ ਵਿੱਚ ਦਾਖਲ ਹੋਇਆ।
17ਅਜ਼ਰਯਾਹ ਜਾਜਕ, ਯਾਹਵੇਹ ਦੇ ਅੱਸੀ ਹੋਰ ਦਲੇਰ ਪੁਜਾਰੀਆਂ ਨਾਲ ਉਸ ਦੇ ਪਿੱਛੇ-ਪਿੱਛੇ ਆਇਆ।
18ਅਤੇ ਉਹਨਾਂ ਨੇ ਉਜ਼ੀਯਾਹ ਰਾਜੇ ਦਾ ਟਾਕਰਾ ਕੀਤਾ ਅਤੇ ਉਹ ਨੂੰ ਆਖਣ ਲੱਗੇ, “ਹੇ ਉਜ਼ੀਯਾਹ! ਯਾਹਵੇਹ ਦੇ ਲਈ ਧੂਪ ਧੁਖਾਉਣਾ ਤੇਰਾ ਕੰਮ ਨਹੀਂ ਸਗੋਂ ਜਾਜਕਾਂ ਅਰਥਾਤ ਹਾਰੋਨ ਦੇ ਪੁੱਤਰਾਂ ਦਾ ਕੰਮ ਹੈ ਜਿਹੜੇ ਧੂਪ ਧੁਖਾਉਣ ਲਈ ਪਵਿੱਤਰ ਕੀਤੇ ਗਏ ਹਨ। ਪਵਿੱਤਰ ਭਵਨ ਤੋਂ ਬਾਹਰ ਜਾਹ, ਕਿਉਂ ਜੋ ਤੂੰ ਬੇਈਮਾਨੀ ਕੀਤੀ ਹੈ ਅਤੇ ਯਾਹਵੇਹ ਪਰਮੇਸ਼ਵਰ ਵੱਲੋਂ ਇਹ ਤੇਰੀ ਵਡਿਆਈ ਦਾ ਕਾਰਨ ਨਹੀਂ ਹੋਵੇਗਾ।”
19ਉਜ਼ੀਯਾਹ ਦੇ ਹੱਥ ਵਿੱਚ ਧੂਪਦਾਨ ਸੀ, ਅਤੇ ਧੂਪ ਧੁਖਾਉਣ ਲਈ ਤਿਆਰ ਸੀ ਪਰ ਇਹ ਸੁਣ ਕੇ ਉਹ ਗੁੱਸੇ ਹੋ ਗਿਆ। ਜਦੋਂ ਉਹ ਯਾਹਵੇਹ ਦੇ ਭਵਨ ਵਿੱਚ ਧੂਪ ਜਗਵੇਦੀ ਅੱਗੇ ਉਹਨਾਂ ਦੀ ਮੌਜੂਦਗੀ ਵਿੱਚ ਪੁਜਾਰੀਆਂ ਤੇ ਗੁੱਸਾ ਕਰ ਰਿਹਾ ਸੀ, ਤਾਂ ਉਸ ਦੇ ਮੱਥੇ ਤੇ ਕੋੜ੍ਹ ਨਿਕਲ ਗਿਆ।