2 ਇਤਿਹਾਸ 28

1ਆਹਾਜ਼ ਵੀਹ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਸੋਲਾਂ ਸਾਲ ਰਾਜ ਕੀਤਾ। ਉਸ ਨੇ ਉਹ ਕੰਮ ਨਾ ਕੀਤੇ ਜੋ ਯਾਹਵੇਹ ਦੀ ਨਿਗਾਹ ਵਿੱਚ ਠੀਕ ਸਨ ਜਿਵੇਂ ਉਸ ਦੇ ਪਿਤਾ ਦਾਵੀਦ ਨੇ ਕੀਤੇ ਸਨ।

2ਉਹ ਇਸਰਾਏਲ ਦੇ ਰਾਜਿਆਂ ਦੇ ਰਾਹਾਂ ਉੱਤੇ ਚੱਲਿਆ ਅਤੇ ਬਆਲ ਦੇਵਤਿਆਂ ਦੀ ਪੂਜਾ ਕਰਨ ਲਈ ਮੂਰਤੀਆਂ ਵੀ ਬਣਾਈਆਂ।

3ਉਸ ਨੇ ਬੇਨ-ਹਿੰਨੋਮ ਦੀ ਵਾਦੀ ਵਿੱਚ ਬਲੀਆਂ ਚੜ੍ਹਾਈਆਂ ਅਤੇ ਆਪਣੇ ਬੱਚਿਆਂ ਨੂੰ ਅੱਗ ਵਿੱਚ ਬਲੀ ਚੜ੍ਹਾ ਦਿੱਤਾ ਅਤੇ ਉਹਨਾਂ ਕੌਮਾਂ ਦੇ ਘਿਣਾਉਣੇ ਕੰਮਾਂ ਵਿੱਚ ਸ਼ਾਮਲ ਹੋ ਗਿਆ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲੀਆਂ ਦੇ ਸਾਹਮਣੇ ਬਾਹਰ ਕੱਢ ਦਿੱਤਾ ਸੀ।

4ਉਹ ਉੱਚੀਆਂ ਥਾਵਾਂ ਉੱਤੇ ਅਤੇ ਪਹਾੜੀਆਂ ਦੀਆਂ ਚੋਟੀਆਂ ਉੱਤੇ ਅਤੇ ਹਰ ਫੈਲੇ ਹੋਏ ਰੁੱਖ ਦੇ ਹੇਠਾਂ ਬਲੀਆਂ ਚੜ੍ਹਾਈਆਂ ਅਤੇ ਧੂਪ ਧੁਖਾਉਂਦਾ ਹੁੰਦਾ ਸੀ।

5ਇਸ ਲਈ ਉਸ ਦੇ ਪਰਮੇਸ਼ਵਰ ਨੇ ਉਸ ਨੂੰ ਅਰਾਮ ਦੇ ਰਾਜੇ ਦੇ ਹੱਥਾਂ ਵਿੱਚ ਸੌਂਪ ਦਿੱਤਾ। ਅਰਾਮੀਆਂ ਨੇ ਉਸ ਨੂੰ ਹਰਾਇਆ ਅਤੇ ਉਸ ਦੇ ਬਹੁਤ ਸਾਰੇ ਲੋਕਾਂ ਨੂੰ ਕੈਦੀ ਬਣਾ ਲਿਆ ਅਤੇ ਦੰਮਿਸ਼ਕ ਵਿੱਚ ਲੈ ਆਏ। ਉਸ ਨੂੰ ਇਸਰਾਏਲ ਦੇ ਰਾਜੇ ਦੇ ਹੱਥਾਂ ਵਿੱਚ ਵੀ ਸੌਂਪ ਦਿੱਤਾ ਗਿਆ ਸੀ, ਜਿਸ ਨੇ ਉਸ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ।

6ਇੱਕ ਦਿਨ ਵਿੱਚ ਰਮਲਯਾਹ ਦੇ ਪੁੱਤਰ ਪੇਕਾਹ ਨੇ ਯਹੂਦਾਹ ਵਿੱਚੋਂ ਇੱਕ ਲੱਖ ਵੀਹ ਹਜ਼ਾਰ ਸਿਪਾਹੀਆਂ ਨੂੰ ਮਾਰ ਦਿੱਤਾ, ਕਿਉਂਕਿ ਯਹੂਦਾਹ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਨੂੰ ਤਿਆਗ ਦਿੱਤਾ ਸੀ।

7ਜ਼ਿਕਰੀ, ਜੋ ਇਫ਼ਰਾਈਮ ਦਾ ਇੱਕ ਸੂਰਮਾ ਸੀ, ਮਅਸੇਯਾਹ ਰਾਜਕੁਮਾਰ ਨੂੰ ਅਤੇ ਮਹਿਲ ਦੇ ਹਾਕਮ ਅਜ਼ਰੀਕਾਮ ਨੂੰ ਅਤੇ ਪਾਤਸ਼ਾਹ ਦੇ ਵਜ਼ੀਰ ਅਲਕਾਨਾਹ ਨੂੰ ਮਾਰ ਸੁੱਟਿਆ।

8ਇਸਰਾਏਲ ਦੇ ਮਨੁੱਖਾਂ ਨੇ ਆਪਣੇ ਭਰਾਵਾਂ ਇਸਰਾਏਲੀਆਂ ਤੋਂ ਜਿਹੜੇ ਯਹੂਦਾਹ ਦੇ ਸਨ ਦੋ ਲੱਖ ਲੋਕਾਂ ਨੂੰ ਬੰਦੀ ਬਣਾ ਲਿਆ ਜਿਸ ਵਿੱਚ ਪਤਨੀਆਂ, ਪੁੱਤਰ ਅਤੇ ਧੀਆਂ ਸਨ। ਉਹਨਾਂ ਨੇ ਬਹੁਤ ਸਾਰੀ ਲੁੱਟ ਵੀ ਕੀਤੀ, ਜਿਸ ਨੂੰ ਉਹ ਸਾਮਰਿਯਾ ਵਾਪਸ ਲੈ ਗਏ।

9ਪਰ ਓਦੇਦ ਨਾਂ ਦਾ ਯਾਹਵੇਹ ਦਾ ਇੱਕ ਨਬੀ ਉੱਥੇ ਸੀ, ਅਤੇ ਜਦੋਂ ਉਹ ਸਾਮਰਿਯਾ ਵਾਪਸ ਆਇਆ ਤਾਂ ਉਹ ਫ਼ੌਜ ਨੂੰ ਮਿਲਣ ਲਈ ਬਾਹਰ ਗਿਆ। ਉਸ ਨੇ ਉਹਨਾਂ ਨੂੰ ਕਿਹਾ, “ਕਿਉਂਕਿ ਤੁਹਾਡੇ ਪੁਰਖਿਆਂ ਦਾ ਯਾਹਵੇਹ, ਯਹੂਦਾਹ ਉੱਤੇ ਗੁੱਸੇ ਸੀ, ਇਸ ਲਈ ਉਸ ਨੇ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ। ਪਰ ਉਹਨਾਂ ਦੀ ਦੁਹਾਈ ਅਕਾਸ਼ ਤੱਕ ਪਹੁੰਚੀ ਹੈ ਸੋ ਪਰਮੇਸ਼ਵਰ ਹੁਣ ਤੁਹਾਡੇ ਨਾਲ ਨਾਰਾਜ਼ ਹੈ।

10ਹੁਣ ਯਹੂਦਾਹ ਅਤੇ ਯੇਰੂਸ਼ਲੇਮ ਦੀ ਵੰਸ਼ ਨੂੰ ਕੀ ਤੁਸੀਂ ਆਪਣੇ ਗੋਲੇ ਅਤੇ ਗੋਲੀਆਂ ਬਣਾ ਕੇ ਉਹਨਾਂ ਨੂੰ ਦਬਾਈ ਰੱਖੋਗੇ? ਪਰ ਕੀ ਤੁਹਾਡੇ ਹੀ ਪਾਪ ਜਿਹੜੇ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਵਿਰੁੱਧ ਕੀਤੇ ਹਨ ਤੁਹਾਡੇ ਸਿਰ ਨਹੀਂ?

11ਹੁਣ ਮੇਰੀ ਗੱਲ ਸੁਣੋ! ਆਪਣੇ ਸੰਗੀ ਇਸਰਾਏਲੀਆਂ ਨੂੰ ਵਾਪਸ ਭੇਜੋ ਜਿਨ੍ਹਾਂ ਨੂੰ ਤੁਸੀਂ ਕੈਦੀ ਬਣਾ ਲਿਆ ਹੈ, ਕਿਉਂਕਿ ਯਾਹਵੇਹ ਦਾ ਭਿਆਨਕ ਕ੍ਰੋਧ ਤੁਹਾਡੇ ਉੱਤੇ ਹੈ।”

12ਫਿਰ ਇਫ਼ਰਾਈਮ ਦੇ ਕੁਝ ਆਗੂਆਂ ਨੇ ਯਹੋਹਾਨਾਨ ਦਾ ਪੁੱਤਰ ਅਜ਼ਰਯਾਹ, ਮਸ਼ੀਲੇਮੋਥ ਦਾ ਪੁੱਤਰ ਬਰਕਯਾਹ, ਸ਼ੱਲੂਮ ਦਾ ਪੁੱਤਰ ਹਿਜ਼ਕੀਯਾਹ ਅਤੇ ਹਦਲਈ ਦਾ ਪੁੱਤਰ ਅਮਾਸਾ ਉਹਨਾਂ ਲੋਕਾਂ ਦਾ ਸਾਹਮਣਾ ਕੀਤਾ ਜਿਹੜੇ ਯੁੱਧ ਤੋਂ ਆ ਰਹੇ ਸਨ।

13ਉਹਨਾਂ ਨੇ ਕਿਹਾ, “ਤੁਹਾਨੂੰ ਉਹਨਾਂ ਕੈਦੀਆਂ ਨੂੰ ਇੱਥੇ ਨਹੀਂ ਲਿਆਉਣਾ ਚਾਹੀਦਾ, ਨਹੀਂ ਤਾਂ ਅਸੀਂ ਯਾਹਵੇਹ ਦੇ ਸਾਹਮਣੇ ਦੋਸ਼ੀ ਹੋਵਾਂਗੇ। ਕੀ ਤੁਸੀਂ ਸਾਡੇ ਪਾਪ ਅਤੇ ਦੋਸ਼ ਵਿੱਚ ਵਾਧਾ ਕਰਨ ਦਾ ਇਰਾਦਾ ਰੱਖਦੇ ਹੋ? ਕਿਉਂਕਿ ਸਾਡਾ ਦੋਸ਼ ਪਹਿਲਾਂ ਹੀ ਬਹੁਤ ਵੱਡਾ ਹੈ, ਅਤੇ ਉਸਦਾ ਭਿਆਨਕ ਕ੍ਰੋਧ ਇਸਰਾਏਲ ਉੱਤੇ ਹੈ।”

14ਇਸ ਲਈ ਉਹਨਾਂ ਸ਼ਸਤਰ ਧਾਰੀ ਲੋਕਾਂ ਨੇ ਬੰਧੂਆਂ ਅਤੇ ਲੁੱਟ ਦੇ ਮਾਲ ਨੂੰ ਸਰਦਾਰਾਂ ਅਤੇ ਸਾਰੀ ਸਭਾ ਦੇ ਸਾਹਮਣੇ ਛੱਡ ਦਿੱਤਾ।

15ਅਤੇ ਉਹ ਮਨੁੱਖ ਜਿਨ੍ਹਾਂ ਦੇ ਨਾਮ ਲਏ ਗਏ ਹਨ ਉੱਠੇ ਅਤੇ ਬੰਧੂਆਂ ਨੂੰ ਸੰਭਾਲਿਆ ਅਤੇ ਲੁੱਟ ਦੇ ਮਾਲ ਵਿੱਚੋਂ ਉਹਨਾਂ ਸਾਰਿਆਂ ਨੂੰ ਜੋ ਉਹਨਾਂ ਵਿੱਚ ਨੰਗੇ ਸਨ ਕੱਪੜੇ ਪਵਾਏ ਅਤੇ ਉਹਨਾਂ ਦੇ ਪੈਰੀਂ ਜੁੱਤੀਆਂ ਪਵਾਈਆਂ ਅਤੇ ਉਹਨਾਂ ਨੂੰ ਖਾਣ ਪੀਣ ਲਈ ਦਿੱਤਾ ਅਤੇ ਉਹਨਾਂ ਉੱਤੇ ਤੇਲ ਮਲਿਆ ਅਤੇ ਉਹਨਾਂ ਵਿੱਚੋਂ ਜਿਹੜੇ ਲਿੱਸੇ ਸਨ ਉਹਨਾਂ ਨੂੰ ਗਧਿਆ ਦੇ ਉੱਤੇ ਚੜ੍ਹਾ ਕੇ ਖਜੂਰਾਂ ਦੇ ਬਿਰਛਾਂ ਦੇ ਸ਼ਹਿਰ ਯਰੀਹੋ ਵਿੱਚ ਉਹਨਾਂ ਦੇ ਭਰਾਵਾਂ ਦੇ ਕੋਲ ਪਹੁੰਚਾ ਦਿੱਤਾ ਤਾਂ ਓਹ ਸਾਮਰਿਯਾ ਨੂੰ ਮੁੜ ਪਏ।

16ਉਸ ਸਮੇਂ ਰਾਜਾ ਆਹਾਜ਼ ਨੇ ਅੱਸ਼ੂਰ ਦੇ ਰਾਜੇ ਨੂੰ ਮਦਦ ਲਈ ਭੇਜਿਆ।

17ਅਦੋਮੀਆਂ ਨੇ ਫੇਰ ਆ ਕੇ ਯਹੂਦਾਹ ਉੱਤੇ ਹਮਲਾ ਕੀਤਾ ਅਤੇ ਕੈਦੀਆਂ ਨੂੰ ਚੁੱਕ ਕੇ ਲੈ ਗਏ,

18ਜਦੋਂ ਕਿ ਫ਼ਲਿਸਤੀਆਂ ਨੇ ਯਹੂਦਾਹ ਦੇ ਨੇਗੇਵ ਅਤੇ ਪਹਾੜੀਆਂ ਦੇ ਕਸਬਿਆਂ ਉੱਤੇ ਹਮਲਾ ਕੀਤਾ ਸੀ। ਉਹਨਾਂ ਨੇ ਆਪਣੇ ਆਲੇ-ਦੁਆਲੇ ਦੇ ਪਿੰਡਾਂ ਸਮੇਤ ਬੈਥ-ਸ਼ੇਮੇਸ਼, ਅੱਯਾਲੋਨ ਅਤੇ ਗਦੇਰੋਥ ਦੇ ਨਾਲ-ਨਾਲ ਸੋਕੋ, ਤਿਮਨਾਹ ਅਤੇ ਗਿਮਜ਼ੋ ਉੱਤੇ ਕਬਜ਼ਾ ਕਰ ਲਿਆ।

19ਕਿਉਂ ਜੋ ਯਾਹਵੇਹ ਨੇ ਇਸਰਾਏਲ ਦੇ ਪਾਤਸ਼ਾਹ ਆਹਾਜ਼ ਦੇ ਕਾਰਨ ਯਹੂਦਾਹ ਨੂੰ ਅਧੀਨ ਕੀਤਾ ਇਸ ਲਈ ਕਿ ਉਹ ਨੇ ਯਹੂਦਾਹ ਵਿੱਚ ਅਵਾਰਾ ਚਾਲ ਚੱਲ ਕੇ ਯਾਹਵੇਹ ਦੀ ਵੱਡੀ ਬੇਈਮਾਨੀ ਕੀਤੀ ਸੀ।

20ਅੱਸ਼ੂਰ ਦਾ ਰਾਜਾ ਤਿਗਲਥ-ਪਿਲੇਸਰ ਉਸ ਕੋਲ ਆਇਆ, ਪਰ ਉਸ ਨੇ ਮਦਦ ਦੀ ਬਜਾਏ ਉਸ ਨੂੰ ਮੁਸੀਬਤ ਦਿੱਤੀ।

21ਭਾਵੇਂ ਹੀ ਆਹਾਜ਼ ਨੇ ਯਾਹਵੇਹ ਦੇ ਭਵਨ ਅਤੇ ਰਾਜਾ ਅਤੇ ਸ਼ਾਹੀ ਮਹਿਲ ਵਿੱਚੋਂ ਮਾਲ ਲੈ ਕੇ ਅੱਸ਼ੂਰ ਦੇ ਰਾਜਾ ਨੂੰ ਦਿੱਤਾ ਪਰ ਤਾਂ ਵੀ ਉਸ ਦੀ ਕੁਝ ਸਹਾਇਤਾ ਨਾ ਕੀਤੀ।

22ਆਪਣੇ ਮੁਸੀਬਤ ਦੇ ਸਮੇਂ ਵਿੱਚ ਰਾਜਾ ਆਹਾਜ਼ ਯਾਹਵੇਹ ਲਈ ਹੋਰ ਵੀ ਬੇਵਫ਼ਾ ਹੋ ਗਿਆ।

23ਉਸ ਨੇ ਦੰਮਿਸ਼ਕ ਦੇ ਦੇਵਤਿਆਂ ਲਈ ਜਿਨ੍ਹਾਂ ਨੇ ਉਹ ਨੂੰ ਮਾਰਿਆ ਸੀ ਬਲੀਆਂ ਚੜ੍ਹਾਈਆਂ ਅਤੇ ਆਖਿਆ ਕਿ ਅਰਾਮ ਦੇ ਪਾਤਸ਼ਾਹਾਂ ਦੇ ਦੇਵਤਿਆਂ ਨੇ ਉਹਨਾਂ ਦੀ ਸਹਾਇਤਾ ਕੀਤੀ ਸੀ ਸੋ ਮੈਂ ਵੀ ਉਹਨਾਂ ਲਈ ਬਲੀਦਾਨ ਕਰਾਂਗਾ ਤਾਂ ਜੋ ਉਹ ਮੇਰੀ ਸਹਾਇਤਾ ਕਰਨ ਪਰ ਉਹ ਉਸ ਦੀ ਅਤੇ ਸਾਰੇ ਇਸਰਾਏਲ ਦੀ ਤਬਾਹੀ ਦਾ ਕਾਰਨ ਬਣੇ।

24ਆਹਾਜ਼ ਨੇ ਪਰਮੇਸ਼ਵਰ ਦੇ ਭਵਨ ਵਿੱਚੋਂ ਸਮਾਨ ਇਕੱਠਾ ਕੀਤਾ ਅਤੇ ਉਹਨਾਂ ਦੇ ਟੁਕੜੇ ਕਰ ਦਿੱਤੇ। ਉਸ ਨੇ ਯਾਹਵੇਹ ਦੇ ਭਵਨ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਯੇਰੂਸ਼ਲੇਮ ਦੇ ਹਰ ਗਲੀ ਦੇ ਕੋਨੇ ਤੇ ਜਗਵੇਦੀਆਂ ਸਥਾਪਿਤ ਕੀਤੀਆਂ।

25ਯਹੂਦਾਹ ਦੇ ਹਰ ਕਸਬੇ ਵਿੱਚ ਉਸਨੇ ਦੂਜੇ ਦੇਵਤਿਆਂ ਨੂੰ ਬਲ਼ੀਆਂ ਚੜ੍ਹਾਉਣ ਲਈ ਉੱਚੇ ਸਥਾਨ ਬਣਾਏ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਦਾ ਗੁੱਸਾ ਭੜਕਾਇਆ।

26ਉਸ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਉਸ ਦੇ ਸਾਰੇ ਰਾਹ ਸ਼ੁਰੂ ਤੋਂ ਅੰਤ ਤੱਕ, ਯਹੂਦਾਹ ਅਤੇ ਇਸਰਾਏਲ ਦੇ ਰਾਜਿਆਂ ਦੀ ਪੋਥੀ ਵਿੱਚ ਲਿਖੇ ਹੋਏ ਹਨ।

27ਆਹਾਜ਼ ਮਰ ਕੇ ਆਪਣੇ ਪੁਰਖਿਆਂ ਦੇ ਨਾਲ ਜਾ ਮਿਲਿਆ ਅਤੇ ਉਹਨਾਂ ਨੇ ਉਸ ਨੂੰ ਯੇਰੂਸ਼ਲੇਮ ਸ਼ਹਿਰ ਵਿੱਚ ਦੱਬ ਦਿੱਤਾ ਕਿਉਂ ਜੋ ਉਹ ਉਸ ਨੂੰ ਇਸਰਾਏਲ ਦੇ ਰਾਜਿਆਂ ਦੀਆਂ ਕਬਰਾਂ ਵਿੱਚ ਨਾ ਲਿਆਏ। ਉਸ ਦਾ ਪੁੱਤਰ ਹਿਜ਼ਕੀਯਾਹ ਉਸ ਤੋਂ ਬਾਅਦ ਰਾਜਾ ਬਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.