7ਜ਼ਿਕਰੀ, ਜੋ ਇਫ਼ਰਾਈਮ ਦਾ ਇੱਕ ਸੂਰਮਾ ਸੀ, ਮਅਸੇਯਾਹ ਰਾਜਕੁਮਾਰ ਨੂੰ ਅਤੇ ਮਹਿਲ ਦੇ ਹਾਕਮ ਅਜ਼ਰੀਕਾਮ ਨੂੰ ਅਤੇ ਪਾਤਸ਼ਾਹ ਦੇ ਵਜ਼ੀਰ ਅਲਕਾਨਾਹ ਨੂੰ ਮਾਰ ਸੁੱਟਿਆ।
8ਇਸਰਾਏਲ ਦੇ ਮਨੁੱਖਾਂ ਨੇ ਆਪਣੇ ਭਰਾਵਾਂ ਇਸਰਾਏਲੀਆਂ ਤੋਂ ਜਿਹੜੇ ਯਹੂਦਾਹ ਦੇ ਸਨ ਦੋ ਲੱਖ ਲੋਕਾਂ ਨੂੰ ਬੰਦੀ ਬਣਾ ਲਿਆ ਜਿਸ ਵਿੱਚ ਪਤਨੀਆਂ, ਪੁੱਤਰ ਅਤੇ ਧੀਆਂ ਸਨ। ਉਹਨਾਂ ਨੇ ਬਹੁਤ ਸਾਰੀ ਲੁੱਟ ਵੀ ਕੀਤੀ, ਜਿਸ ਨੂੰ ਉਹ ਸਾਮਰਿਯਾ ਵਾਪਸ ਲੈ ਗਏ।
9ਪਰ ਓਦੇਦ ਨਾਂ ਦਾ ਯਾਹਵੇਹ ਦਾ ਇੱਕ ਨਬੀ ਉੱਥੇ ਸੀ, ਅਤੇ ਜਦੋਂ ਉਹ ਸਾਮਰਿਯਾ ਵਾਪਸ ਆਇਆ ਤਾਂ ਉਹ ਫ਼ੌਜ ਨੂੰ ਮਿਲਣ ਲਈ ਬਾਹਰ ਗਿਆ। ਉਸ ਨੇ ਉਹਨਾਂ ਨੂੰ ਕਿਹਾ, “ਕਿਉਂਕਿ ਤੁਹਾਡੇ ਪੁਰਖਿਆਂ ਦਾ ਯਾਹਵੇਹ, ਯਹੂਦਾਹ ਉੱਤੇ ਗੁੱਸੇ ਸੀ, ਇਸ ਲਈ ਉਸ ਨੇ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ। ਪਰ ਉਹਨਾਂ ਦੀ ਦੁਹਾਈ ਅਕਾਸ਼ ਤੱਕ ਪਹੁੰਚੀ ਹੈ ਸੋ ਪਰਮੇਸ਼ਵਰ ਹੁਣ ਤੁਹਾਡੇ ਨਾਲ ਨਾਰਾਜ਼ ਹੈ।
10ਹੁਣ ਯਹੂਦਾਹ ਅਤੇ ਯੇਰੂਸ਼ਲੇਮ ਦੀ ਵੰਸ਼ ਨੂੰ ਕੀ ਤੁਸੀਂ ਆਪਣੇ ਗੋਲੇ ਅਤੇ ਗੋਲੀਆਂ ਬਣਾ ਕੇ ਉਹਨਾਂ ਨੂੰ ਦਬਾਈ ਰੱਖੋਗੇ? ਪਰ ਕੀ ਤੁਹਾਡੇ ਹੀ ਪਾਪ ਜਿਹੜੇ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਵਿਰੁੱਧ ਕੀਤੇ ਹਨ ਤੁਹਾਡੇ ਸਿਰ ਨਹੀਂ?
11ਹੁਣ ਮੇਰੀ ਗੱਲ ਸੁਣੋ! ਆਪਣੇ ਸੰਗੀ ਇਸਰਾਏਲੀਆਂ ਨੂੰ ਵਾਪਸ ਭੇਜੋ ਜਿਨ੍ਹਾਂ ਨੂੰ ਤੁਸੀਂ ਕੈਦੀ ਬਣਾ ਲਿਆ ਹੈ, ਕਿਉਂਕਿ ਯਾਹਵੇਹ ਦਾ ਭਿਆਨਕ ਕ੍ਰੋਧ ਤੁਹਾਡੇ ਉੱਤੇ ਹੈ।”