2 ਇਤਿਹਾਸ 9

1ਜਦੋਂ ਸ਼ਬਾ ਦੀ ਰਾਣੀ ਨੇ ਸ਼ਲੋਮੋਨ ਦੀ ਪ੍ਰਸਿੱਧੀ ਬਾਰੇ ਸੁਣਿਆ, ਤਾਂ ਉਹ ਉਸ ਨੂੰ ਬੁਝਾਰਤਾਂ ਵਿੱਚ ਪਰਖਣ ਲਈ ਯੇਰੂਸ਼ਲੇਮ ਵਿੱਚ ਆਈ। ਉਹ ਇੱਕ ਬਹੁਤ ਵੱਡੇ ਕਾਫ਼ਲੇ ਦੇ ਨਾਲ ਮਸਾਲਿਆਂ ਨਾਲ ਲੱਦੇ ਹੋਏ ਊਠਾਂ ਦੇ ਨਾਲ, ਵੱਡੀ ਮਾਤਰਾ ਵਿੱਚ ਸੋਨਾ ਅਤੇ ਕੀਮਤੀ ਪੱਥਰ ਲੈ ਕੇ ਸ਼ਲੋਮੋਨ ਕੋਲ ਆਈ ਅਤੇ ਉਸ ਨਾਲ ਸਭ ਗੱਲਾਂ ਕੀਤੀਆਂ ਜੋ ਉਸ ਦੇ ਮਨ ਵਿੱਚ ਸਨ।

2ਸ਼ਲੋਮੋਨ ਨੇ ਉਸ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਅਤੇ ਉਸ ਕੋਲ ਕੋਈ ਅਜਿਹੀ ਗੱਲ ਨਹੀਂ ਸੀ ਜਿਸ ਦਾ ਉਸ ਨੇ ਉੱਤਰ ਦਿੱਤਾ ਨਾ ਹੋਵੇ।

3ਜਦੋਂ ਸ਼ਬਾ ਦੀ ਰਾਣੀ ਨੇ ਸ਼ਲੋਮੋਨ ਦੀ ਬੁੱਧ ਅਤੇ ਉਸ ਮਹਿਲ ਨੂੰ ਜਿਹੜਾ ਉਸ ਨੇ ਬਣਾਇਆ ਸੀ ਵੇਖਿਆ,

4ਉਸ ਦੇ ਮੇਜ਼ ਉੱਤੇ ਭੋਜਨ, ਉਸਦੇ ਅਧਿਕਾਰੀਆਂ ਦੇ ਬੈਠਣ ਦਾ ਤਰੀਕਾ, ਉਸ ਦੇ ਸੇਵਕਾਂ ਦੀ ਆਗਿਆਕਾਰੀ ਅਤੇ ਉਹਨਾਂ ਦਾ ਪਹਿਰਾਵਾ, ਉਸ ਦੇ ਪਿਲਾਉਣ ਵਾਲੇ ਅਤੇ ਉਸ ਦੀਆਂ ਹੋਮ ਬਲੀਆਂ ਜਿਹੜੀਆਂ ਉਹ ਯਾਹਵੇਹ ਦੇ ਭਵਨ ਵਿੱਚ ਚੜ੍ਹਾਉਂਦਾ ਸੀ ਵੇਖਿਆ, ਤਾਂ ਉਸ ਦੇ ਹੋਸ਼ ਉੱਡ ਗਏ।

5ਉਸਨੇ ਰਾਜੇ ਨੂੰ ਆਖਿਆ, “ਉਹ ਸੱਚੀ ਖ਼ਬਰ ਸੀ ਜੋ ਮੈਂ ਤੇਰੇ ਕੰਮਾਂ ਅਤੇ ਤੇਰੀ ਬੁੱਧ ਦੇ ਬਾਰੇ ਆਪਣੇ ਦੇਸ਼ ਵਿੱਚ ਸੁਣੀ ਸੀ।

6ਪਰ ਜਦੋਂ ਤੱਕ ਮੈਂ ਆ ਕੇ ਆਪਣੀਆਂ ਅੱਖਾਂ ਨਾਲ ਸਭ ਕੁਝ ਨਾ ਵੇਖਿਆ, ਮੈਂ ਉਹਨਾਂ ਦੀਆਂ ਗੱਲਾਂ ਉੱਤੇ ਵਿਸ਼ਵਾਸ ਨਾ ਕੀਤਾ। ਸੱਚ-ਮੁੱਚ, ਤੁਹਾਡੀ ਬੁੱਧ ਦੀ ਅੱਧੀ ਮਹਾਨਤਾ ਵੀ ਮੈਨੂੰ ਨਹੀਂ ਦੱਸੀ ਗਈ ਸੀ ਅਤੇ ਤੁਸੀਂ ਉਸ ਧੁੰਮ ਤੋਂ ਵੱਧ ਹੈ ਜੋ ਮੈਂ ਸੁਣੀ ਸੀ।

7ਮੁਬਾਰਕ ਹਨ ਤੇਰੇ ਮਨੁੱਖ ਅਤੇ ਮੁਬਾਰਕ ਤੇਰੇ ਇਹ ਸੇਵਕ ਜੋ ਸਦਾ ਤੇਰੇ ਸਨਮੁਖ ਖੜ੍ਹੇ ਰਹਿੰਦੇ ਹਨ ਅਤੇ ਤੇਰੀ ਬੁੱਧੀ ਨੂੰ ਸੁਣਦੇ ਹਨ!

8ਯਾਹਵੇਹ ਤੇਰਾ ਪਰਮੇਸ਼ਵਰ ਮੁਬਾਰਕ ਹੋਵੇ ਜੋ ਤੇਰੇ ਤੋਂ ਪ੍ਰਸੰਨ ਹੈ ਕਿ ਤੈਨੂੰ ਆਪਣੀ ਰਾਜ ਗੱਦੀ ਉੱਤੇ ਬਿਠਾਇਆ ਹੈ ਤਾਂ ਜੋ ਤੂੰ ਯਾਹਵੇਹ ਆਪਣੇ ਪਰਮੇਸ਼ਵਰ ਵੱਲੋਂ ਪਾਤਸ਼ਾਹ ਹੋਵੇ ਕਿਉਂ ਜੋ ਤੇਰੇ ਪਰਮੇਸ਼ਵਰ ਨੂੰ ਇਸਰਾਏਲ ਨਾਲ ਪਿਆਰ ਸੀ ਕਿ ਉਹਨਾਂ ਨੂੰ ਸਦਾ ਲਈ ਕਾਇਮ ਰੱਖੇ ਇਸੇ ਲਈ ਉਸ ਨੇ ਤੈਨੂੰ ਉਹਨਾਂ ਦਾ ਰਾਜਾ ਬਣਾਇਆ ਤਾਂ ਜੋ ਤੂੰ ਨਿਆਂ ਅਤੇ ਧਾਰਮਿਕਤਾ ਨੂੰ ਕਾਇਮ ਰੱਖੇ।”

9ਫਿਰ ਉਸ ਨੇ ਰਾਜੇ ਨੂੰ ਚਾਰ ਸੌ ਕਿੱਲੋ ਦੇ ਲਗਭਗ ਸੋਨਾ, ਵੱਡੀ ਮਾਤਰਾ ਵਿੱਚ ਮਸਾਲੇ ਅਤੇ ਕੀਮਤੀ ਪੱਥਰ ਦਿੱਤੇ ਅਤੇ ਉਹ ਮਸਾਲੇ ਜੋ ਸ਼ਬਾ ਦੀ ਰਾਣੀ ਨੇ ਰਾਜਾ ਸ਼ਲੋਮੋਨ ਨੂੰ ਦਿੱਤਾ ਅਜਿਹਾ ਫਿਰ ਕਦੇ ਨਾ ਮਿਲਿਆ।

10(ਹੀਰਾਮ ਦੇ ਸੇਵਕ ਅਤੇ ਸ਼ਲੋਮੋਨ ਦੇ ਸੇਵਕ ਓਫੀਰ ਤੋਂ ਸੋਨਾ ਲਿਆਉਂਦੇ ਸਨ, ਉਹ ਚੰਦਨ ਦੀ ਲੱਕੜੀ ਅਤੇ ਬਹੁਮੁੱਲੇ ਪੱਥਰ ਵੀ ਲਿਆਉਂਦੇ ਸਨ।

11ਰਾਜਾ ਨੇ ਚੰਦਨ ਦੀ ਲੱਕੜ ਦੀਆਂ ਯਾਹਵੇਹ ਦੇ ਭਵਨ ਲਈ ਅਤੇ ਸ਼ਾਹੀ ਮਹਿਲ ਲਈ ਪੌੜ੍ਹੀਆਂ ਬਣਾਈਆਂ ਅਤੇ ਰਾਗੀਆਂ ਲਈ ਬਰਬਤਾਂ ਅਤੇ ਰਬਾਬ ਬਣਾਏ ਅਤੇ ਇਹੋ ਜਿਹੀਆਂ ਚੀਜ਼ਾਂ ਪਹਿਲਾਂ ਕਦੀ ਵੀ ਯਹੂਦਾਹ ਦੇ ਦੇਸ਼ ਵਿੱਚ ਨਹੀਂ ਵੇਖੀਆਂ ਗਈਆਂ ਸਨ।)

12ਰਾਜਾ ਸ਼ਲੋਮੋਨ ਨੇ ਸ਼ਬਾ ਦੀ ਰਾਣੀ ਨੂੰ ਜੋ ਕੁਝ ਉਸ ਨੇ ਚਾਹਿਆ ਅਤੇ ਮੰਗਿਆ ਉਸ ਤੋਂ ਵਧੀਕ ਜੋ ਉਹ ਰਾਜਾ ਲਈ ਲਿਆਈ ਸੀ ਦਿੱਤਾ ਅਤੇ ਫਿਰ ਉਹ ਚਲੀ ਗਈ ਅਤੇ ਆਪਣੇ ਸੇਵਾਦਾਰ ਨਾਲ ਆਪਣੇ ਦੇਸ਼ ਵਾਪਸ ਮੁੜ ਗਈ।

13ਸ਼ਲੋਮੋਨ ਨੂੰ ਹਰ ਸਾਲ ਸੋਨਾ ਬਾਈ ਹਜ਼ਾਰ ਕਿੱਲੋ ਮਿਲਦਾ ਸੀ,

14ਉਸ ਤੋਂ ਬਿਨ੍ਹਾਂ ਹੋਰ ਵੀ ਜੋ ਵਪਾਰੀ ਤੇ ਸੌਦਾਗਰ ਲਿਆਉਂਦੇ ਸਨ ਨਾਲੇ ਅਰਬ ਦੇ ਸਾਰੇ ਰਾਜਿਆਂ ਕੋਲ ਅਤੇ ਦੇਸ਼ ਦੇ ਹਾਕਮਾਂ ਅਤੇ ਸ਼ਲੋਮੋਨ ਦੇ ਕੋਲ ਸੋਨਾ ਅਤੇ ਚਾਂਦੀ ਲਿਆਉਂਦੇ ਸਨ।

15ਅਤੇ ਸ਼ਲੋਮੋਨ ਰਾਜਾ ਨੇ ਸੋਨਾ ਘੜ੍ਹ ਕੇ ਦੋ ਸੌ ਵੱਡੀਆਂ ਢਾਲ਼ਾਂ ਬਣਾਈਆਂ ਅਤੇ ਇੱਕ-ਇੱਕ ਢਾਲ਼ ਨੂੰ ਸੱਤ ਕਿੱਲੋ ਸੋਨਾ ਲੱਗਾ ਹੋਇਆ ਸੀ।

16ਅਤੇ ਸੋਨੇ ਦੀਆਂ ਘੜ੍ਹਵੀਆਂ ਤਿੰਨ ਸੌ ਛੋਟੀਆਂ ਢਾਲ਼ਾਂ ਬਣਾਈਆਂ, ਹਰ ਇੱਕ ਢਾਲ਼ ਨੂੰ ਤਿੰਨ ਸੌ ਸ਼ੈਕੇਲ ਸੋਨਾ ਸੀ। ਰਾਜੇ ਨੇ ਉਹਨਾਂ ਨੂੰ ਲਬਾਨੋਨ ਦੇ ਜੰਗਲ ਦੇ ਮਹਿਲ ਵਿੱਚ ਰੱਖਿਆ।

17ਤਦ ਰਾਜੇ ਨੇ ਹਾਥੀ ਦੰਦ ਦਾ ਇੱਕ ਵੱਡਾ ਸਿੰਘਾਸਣ ਬਣਾਇਆ ਅਤੇ ਸ਼ੁੱਧ ਸੋਨੇ ਨਾਲ ਮੜ੍ਹਿਆ ਹੋਇਆ ਸੀ।

18ਸਿੰਘਾਸਣ ਦੀਆਂ ਛੇ ਪੌੜੀਆਂ ਸਨ ਅਤੇ ਇਸ ਦੇ ਨਾਲ ਸੋਨੇ ਦੀ ਚੌਂਕੀ ਲੱਗੀ ਹੋਈ ਸੀ। ਸੀਟ ਦੇ ਦੋਵੇਂ ਪਾਸੇ ਢਾਸਣੇ ਬੰਨ੍ਹੇ ਹੋਏ ਸਨ ਬੈਠਣ ਦੇ ਥਾਂ ਦੇ ਆਲੇ-ਦੁਆਲੇ ਦੋਹੀ ਪਾਸੇ ਢਾਸਣੇ ਸਨ ਅਤੇ ਢਾਸਣਿਆ ਦੇ ਕੋਲ ਬੱਬਰ ਸ਼ੇਰ ਖੜ੍ਹੇ ਸਨ।

19ਛੇ ਪੌੜੀਆਂ ਉੱਤੇ ਬਾਰਾਂ ਸ਼ੇਰ ਖੜ੍ਹੇ ਸਨ, ਹਰੇਕ ਕਦਮ ਦੇ ਦੋਹਾਂ ਸਿਰਿਆਂ ਉੱਤੇ ਇੱਕ। ਕਿਸੇ ਵੀ ਹੋਰ ਰਾਜ ਵਿੱਚ ਅਜਿਹਾ ਸਿੰਘਾਸਣ ਨਹੀਂ ਬਣਾਇਆ ਗਿਆ ਸੀ।

20ਸ਼ਲੋਮੋਨ ਰਾਜਾ ਦੇ ਸਾਰੇ ਪੀਣ ਵਾਲੇ ਬਰਤਨ ਸੋਨੇ ਦੇ ਸਨ ਅਤੇ ਲਬਾਨੋਨ ਦੇ ਜੰਗਲ ਦੇ ਮਹਿਲ ਵਿੱਚ ਸਾਰੀਆਂ ਘਰੇਲੂ ਵਸਤਾਂ ਸ਼ੁੱਧ ਸੋਨੇ ਦੀਆਂ ਸਨ। ਕੁਝ ਵੀ ਚਾਂਦੀ ਦਾ ਨਹੀਂ ਸੀ ਕਿਉਂਕਿ ਸ਼ਲੋਮੋਨ ਦੇ ਦਿਨਾਂ ਵਿੱਚ ਚਾਂਦੀ ਦੀ ਕੀਮਤ ਘੱਟ ਸਮਝੀ ਜਾਂਦੀ ਸੀ।

21ਕਿਉਂ ਜੋ ਰਾਜੇ ਦੇ ਕੋਲ ਜਹਾਜ਼ ਸਨ ਜੋ ਹੀਰਾਮ ਦੇ ਨੌਕਰਾਂ ਦੇ ਨਾਲ ਤਰਸ਼ੀਸ਼ ਨੂੰ ਜਾਂਦੇ ਸਨ। ਇਹ ਸਮੁੰਦਰੀ ਜਹਾਜ਼ ਹਰ ਤਿੰਨ ਸਾਲਾਂ ਵਿੱਚ ਇੱਕ ਵਾਰ ਸੋਨਾ, ਚਾਂਦੀ ਅਤੇ ਹਾਥੀ ਦੇ ਦੰਦ, ਅਤੇ ਬਾਂਦਰ ਤੇ ਮੋਰ ਲੱਦ ਕੇ ਲਿਆਉਂਦਾ ਹੁੰਦਾ ਸੀ।

22ਰਾਜਾ ਸ਼ਲੋਮੋਨ ਧਰਤੀ ਦੇ ਬਾਕੀ ਰਾਜਿਆਂ ਨਾਲੋਂ ਧੰਨ ਅਤੇ ਬੁੱਧ ਵਿੱਚ ਵੱਡਾ ਸੀ।

23ਅਤੇ ਧਰਤੀ ਉੱਤੇ ਦੇ ਸਾਰੇ ਪਾਤਸ਼ਾਹ ਸ਼ਲੋਮੋਨ ਦੇ ਦਰਸ਼ਨ ਦੇ ਚਾਹਵੰਦ ਸਨ ਤਾਂ ਜੋ ਉਸ ਦੀ ਬੁੱਧ ਨੂੰ ਸੁਣਨ ਜਿਹੜੀ ਪਰਮੇਸ਼ਵਰ ਨੇ ਉਹ ਦੇ ਮਨ ਵਿੱਚ ਪਾਈ ਸੀ।

24ਉਹਨਾਂ ਵਿੱਚੋਂ ਹਰ ਸਾਲ ਹਰ ਕੋਈ ਆਪਣਾ ਨਜ਼ਰਾਨਾ ਅਰਥਾਤ ਚਾਂਦੀ ਦੇ ਭਾਂਡੇ, ਸੋਨੇ ਦੇ ਭਾਂਡੇ ਬਸਤਰ, ਸ਼ਸਤਰ, ਮਸਾਲੇ, ਘੋੜੇ ਅਤੇ ਖੱਚਰਾਂ ਲੈ ਕੇ ਆਉਂਦਾ ਸੀ।

25ਸ਼ਲੋਮੋਨ ਦੇ ਕੋਲ ਘੋੜਿਆਂ ਅਤੇ ਰੱਥਾਂ ਦੇ ਚਾਰ ਹਜ਼ਾਰ ਠਿਕਾਣੇ ਸਨ ਅਤੇ ਬਾਰਾਂ ਹਜ਼ਾਰ ਘੋੜੇ ਜੋ ਉਸ ਨੇ ਰਥਾਂ ਦੇ ਸ਼ਹਿਰਾਂ ਵਿੱਚ ਅਤੇ ਯੇਰੂਸ਼ਲੇਮ ਵਿੱਚ ਆਪਣੇ ਨਾਲ ਰੱਖੇ ਹੋਏ ਸਨ।

26ਉਸ ਨੇ ਫ਼ਰਾਤ ਦਰਿਆ ਤੋਂ ਲੈ ਕੇ ਮਿਸਰ ਦੀ ਹੱਦ ਤੱਕ ਫ਼ਲਿਸਤੀਆਂ ਦੀ ਧਰਤੀ ਤੱਕ ਸਾਰੇ ਰਾਜਿਆਂ ਉੱਤੇ ਰਾਜ ਕੀਤਾ।

27ਰਾਜੇ ਨੇ ਯੇਰੂਸ਼ਲੇਮ ਵਿੱਚ ਚਾਂਦੀ ਪੱਥਰਾਂ ਵਾਂਗੂੰ ਅਤੇ ਦਿਆਰ ਨੂੰ ਗੁੱਲਰ ਵਾਂਗੂੰ ਦਿੱਤਾ ਅਤੇ ਹੰਜੀਰ ਦੇ ਰੁੱਖਾਂ ਵਾਂਗੂੰ ਬਹੁਤਾ ਕੀਤਾ।

28ਸ਼ਲੋਮੋਨ ਦੇ ਘੋੜੇ ਮਿਸਰ ਅਤੇ ਹੋਰ ਸਾਰੇ ਦੇਸ਼ਾਂ ਤੋਂ ਲਿਆਏ ਜਾਂਦੇ ਸਨ।

29ਅਤੇ ਸ਼ਲੋਮੋਨ ਦੇ ਰਾਜ ਦੀਆਂ ਹੋਰ ਘਟਨਾਵਾਂ ਸ਼ੁਰੂਆਤ ਤੋਂ ਅੰਤ ਤੀਕ ਜੋ ਕੁਝ ਉਸਨੇ ਕੀਤਾ ਉਹ ਨਾਥਾਨ ਨਬੀ ਦੀਆਂ ਗੱਲਾਂ ਵਿੱਚ ਅਤੇ ਸ਼ੀਲੋਹਨੀ ਅਹੀਯਾਹ ਦੇ ਭਵਿੱਖਵਾਣੀ ਵਿੱਚ ਅਤੇ ਇੱਦੋ ਗੈਬ ਬੀਨ ਦੀਆਂ ਦਰਿਸ਼ਟਾਂ ਵਿੱਚ ਜੋ ਉਸ ਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਵਿਖੇ ਵੇਖੀਆਂ ਸਨ ਲਿਖੀਆਂ ਹੋਈਆਂ ਹਨ।

30ਸ਼ਲੋਮੋਨ ਨੇ ਯੇਰੂਸ਼ਲੇਮ ਵਿੱਚ ਸਾਰੇ ਇਸਰਾਏਲ ਉੱਤੇ ਚਾਲੀ ਸਾਲ ਰਾਜ ਕੀਤਾ।

31ਤਦ ਸ਼ਲੋਮੋਨ ਆਪਣੇ ਪੁਰਖਿਆਂ ਨਾਲ ਸੌ ਗਿਆ ਅਤੇ ਆਪਣੇ ਪਿਤਾ ਦਾਵੀਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਰਹਬੁਆਮ ਉਸ ਤੋਂ ਬਾਅਦ ਰਾਜਾ ਬਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.