8ਯਾਹਵੇਹ ਤੇਰਾ ਪਰਮੇਸ਼ਵਰ ਮੁਬਾਰਕ ਹੋਵੇ ਜੋ ਤੇਰੇ ਤੋਂ ਪ੍ਰਸੰਨ ਹੈ ਕਿ ਤੈਨੂੰ ਆਪਣੀ ਰਾਜ ਗੱਦੀ ਉੱਤੇ ਬਿਠਾਇਆ ਹੈ ਤਾਂ ਜੋ ਤੂੰ ਯਾਹਵੇਹ ਆਪਣੇ ਪਰਮੇਸ਼ਵਰ ਵੱਲੋਂ ਪਾਤਸ਼ਾਹ ਹੋਵੇ ਕਿਉਂ ਜੋ ਤੇਰੇ ਪਰਮੇਸ਼ਵਰ ਨੂੰ ਇਸਰਾਏਲ ਨਾਲ ਪਿਆਰ ਸੀ ਕਿ ਉਹਨਾਂ ਨੂੰ ਸਦਾ ਲਈ ਕਾਇਮ ਰੱਖੇ ਇਸੇ ਲਈ ਉਸ ਨੇ ਤੈਨੂੰ ਉਹਨਾਂ ਦਾ ਰਾਜਾ ਬਣਾਇਆ ਤਾਂ ਜੋ ਤੂੰ ਨਿਆਂ ਅਤੇ ਧਾਰਮਿਕਤਾ ਨੂੰ ਕਾਇਮ ਰੱਖੇ।”
9ਫਿਰ ਉਸ ਨੇ ਰਾਜੇ ਨੂੰ ਚਾਰ ਸੌ ਕਿੱਲੋ ਦੇ ਲਗਭਗ ਸੋਨਾ, ਵੱਡੀ ਮਾਤਰਾ ਵਿੱਚ ਮਸਾਲੇ ਅਤੇ ਕੀਮਤੀ ਪੱਥਰ ਦਿੱਤੇ ਅਤੇ ਉਹ ਮਸਾਲੇ ਜੋ ਸ਼ਬਾ ਦੀ ਰਾਣੀ ਨੇ ਰਾਜਾ ਸ਼ਲੋਮੋਨ ਨੂੰ ਦਿੱਤਾ ਅਜਿਹਾ ਫਿਰ ਕਦੇ ਨਾ ਮਿਲਿਆ।
10(ਹੀਰਾਮ ਦੇ ਸੇਵਕ ਅਤੇ ਸ਼ਲੋਮੋਨ ਦੇ ਸੇਵਕ ਓਫੀਰ ਤੋਂ ਸੋਨਾ ਲਿਆਉਂਦੇ ਸਨ, ਉਹ ਚੰਦਨ ਦੀ ਲੱਕੜੀ ਅਤੇ ਬਹੁਮੁੱਲੇ ਪੱਥਰ ਵੀ ਲਿਆਉਂਦੇ ਸਨ।
11ਰਾਜਾ ਨੇ ਚੰਦਨ ਦੀ ਲੱਕੜ ਦੀਆਂ ਯਾਹਵੇਹ ਦੇ ਭਵਨ ਲਈ ਅਤੇ ਸ਼ਾਹੀ ਮਹਿਲ ਲਈ ਪੌੜ੍ਹੀਆਂ ਬਣਾਈਆਂ ਅਤੇ ਰਾਗੀਆਂ ਲਈ ਬਰਬਤਾਂ ਅਤੇ ਰਬਾਬ ਬਣਾਏ ਅਤੇ ਇਹੋ ਜਿਹੀਆਂ ਚੀਜ਼ਾਂ ਪਹਿਲਾਂ ਕਦੀ ਵੀ ਯਹੂਦਾਹ ਦੇ ਦੇਸ਼ ਵਿੱਚ ਨਹੀਂ ਵੇਖੀਆਂ ਗਈਆਂ ਸਨ।)
12ਰਾਜਾ ਸ਼ਲੋਮੋਨ ਨੇ ਸ਼ਬਾ ਦੀ ਰਾਣੀ ਨੂੰ ਜੋ ਕੁਝ ਉਸ ਨੇ ਚਾਹਿਆ ਅਤੇ ਮੰਗਿਆ ਉਸ ਤੋਂ ਵਧੀਕ ਜੋ ਉਹ ਰਾਜਾ ਲਈ ਲਿਆਈ ਸੀ ਦਿੱਤਾ ਅਤੇ ਫਿਰ ਉਹ ਚਲੀ ਗਈ ਅਤੇ ਆਪਣੇ ਸੇਵਾਦਾਰ ਨਾਲ ਆਪਣੇ ਦੇਸ਼ ਵਾਪਸ ਮੁੜ ਗਈ।