2 ਇਤਿਹਾਸ 18

1ਹੁਣ ਯਹੋਸ਼ਾਫ਼ਾਟ ਕੋਲ ਬਹੁਤ ਦੌਲਤ ਅਤੇ ਇੱਜ਼ਤ ਸੀ ਅਤੇ ਉਸ ਨੇ ਆਪਣੇ ਪੁੱਤਰ ਦਾ ਅਹਾਬ ਦੀ ਧੀ ਨਾਲ ਵਿਆਹ ਕਰਵਾ ਕੇ ਇਸਰਾਏਲ ਦੇ ਅਹਾਬ ਨਾਲ ਸੰਬੰਧ ਜੋੜੇ।

2ਕੁਝ ਸਾਲਾਂ ਬਾਅਦ ਉਹ ਸਾਮਰਿਯਾ ਵਿੱਚ ਅਹਾਬ ਨੂੰ ਮਿਲਣ ਗਿਆ। ਅਹਾਬ ਨੇ ਆਪਣੇ ਅਤੇ ਆਪਣੇ ਨਾਲ ਦੇ ਲੋਕਾਂ ਲਈ ਬਹੁਤ ਸਾਰੀਆਂ ਭੇਡਾਂ ਅਤੇ ਪਸ਼ੂ ਵੱਢੇ ਅਤੇ ਉਸ ਨੂੰ ਰਾਮੋਥ ਗਿਲਆਦ ਉੱਤੇ ਹਮਲਾ ਕਰਨ ਲਈ ਕਿਹਾ।

3ਇਸਰਾਏਲ ਦੇ ਰਾਜੇ ਅਹਾਬ ਨੇ ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਨੂੰ ਪੁੱਛਿਆ, “ਕੀ ਤੂੰ ਮੇਰੇ ਨਾਲ ਰਾਮੋਥ ਗਿਲਆਦ ਦੇ ਵਿਰੁੱਧ ਲੜਨ ਲਈ ਜਾਵੇਂਗਾ?” ਯਹੋਸ਼ਾਫ਼ਾਟ ਨੇ ਉੱਤਰ ਦਿੱਤਾ, “ਮੈਂ ਤੇਰੇ ਵਰਗਾ ਹਾਂ ਅਤੇ ਮੇਰੇ ਲੋਕ ਤੇਰੇ ਲੋਕਾਂ ਵਰਗੇ ਹਨ। ਅਸੀਂ ਤੁਹਾਡੇ ਨਾਲ ਜੰਗ ਵਿੱਚ ਸ਼ਾਮਲ ਹੋਵਾਂਗੇ।”

4ਪਰ ਯਹੋਸ਼ਾਫ਼ਾਟ ਨੇ ਇਸਰਾਏਲ ਦੇ ਰਾਜੇ ਨੂੰ ਇਹ ਵੀ ਕਿਹਾ, “ਪਹਿਲਾਂ ਯਾਹਵੇਹ ਦੀ ਸਲਾਹ ਲਓ।”

5ਇਸ ਲਈ ਇਸਰਾਏਲ ਦੇ ਰਾਜਾ ਨੇ ਨਬੀਆਂ ਨੂੰ ਜੋ ਚਾਰ ਸੌ ਮਨੁੱਖ ਸਨ ਇਕੱਠਾ ਕੀਤਾ, ਅਤੇ ਉਹਨਾਂ ਨੂੰ ਪੁੱਛਿਆ, “ਕੀ ਅਸੀਂ ਰਾਮੋਥ ਗਿਲਆਦ ਦੇ ਵਿਰੁੱਧ ਲੜਨ ਲਈ ਜਾਈਏ ਜਾਂ ਨਹੀਂ?” ਉਹਨਾਂ ਨੇ ਉੱਤਰ ਦਿੱਤਾ, “ਤੁਸੀਂ ਜਾਓ, ਕਿਉਂਕਿ ਪਰਮੇਸ਼ਵਰ ਉਸ ਨੂੰ ਰਾਜੇ ਦੇ ਹੱਥ ਵਿੱਚ ਦੇ ਦੇਵੇਗਾ।”

6ਪਰ ਯਹੋਸ਼ਾਫ਼ਾਟ ਨੇ ਪੁੱਛਿਆ, “ਕੀ ਹੁਣ ਇੱਥੇ ਯਾਹਵੇਹ ਦਾ ਕੋਈ ਨਬੀ ਨਹੀਂ ਹੈ ਜਿਸ ਤੋਂ ਅਸੀਂ ਪੁੱਛੀਏ?”

7ਇਸਰਾਏਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਉੱਤਰ ਦਿੱਤਾ, “ਅਜੇ ਵੀ ਇੱਕ ਨਬੀ ਹੈ ਜਿਸ ਦੇ ਰਾਹੀਂ ਅਸੀਂ ਯਾਹਵੇਹ ਤੋਂ ਪੁੱਛ ਸਕਦੇ ਹਾਂ, ਪਰ ਮੈਂ ਉਸ ਨੂੰ ਨਫ਼ਰਤ ਕਰਦਾ ਹਾਂ ਕਿਉਂਕਿ ਉਹ ਕਦੇ ਵੀ ਮੇਰੇ ਬਾਰੇ ਕੋਈ ਚੰਗੀ ਭਵਿੱਖਬਾਣੀ ਨਹੀਂ ਕਰਦਾ, ਸਗੋਂ ਹਮੇਸ਼ਾ ਬੁਰੀ ਕਰਦਾ ਹੈ। ਉਹ ਇਮਲਾਹ ਦਾ ਪੁੱਤਰ ਮੀਕਾਯਾਹ ਹੈ।” ਯਹੋਸ਼ਾਫ਼ਾਟ ਨੇ ਉੱਤਰ ਦਿੱਤਾ, “ਰਾਜੇ ਨੂੰ ਅਜਿਹੀ ਗੱਲ ਨਹੀਂ ਆਖਣੀ ਚਾਹੀਦੀ।”

8ਇਸ ਲਈ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ ਇੱਕ ਅਧਿਕਾਰੀ ਨੂੰ ਬੁਲਾ ਕੇ ਕਿਹਾ, “ਇਮਲਾਹ ਦੇ ਪੁੱਤਰ ਮੀਕਾਯਾਹ ਨੂੰ ਇੱਕ ਵਾਰ ਲੈ ਆਉ।”

9ਇਸਰਾਏਲ ਦਾ ਰਾਜਾ ਅਤੇ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਆਪਣੇ ਸ਼ਾਹੀ ਬਸਤਰ ਪਹਿਨੇ ਸਾਮਰਿਯਾ ਦੇ ਦਰਵਾਜ਼ੇ ਦੇ ਕੋਲ ਪਿੜ ਵਿੱਚ ਆਪਣੇ ਸਿੰਘਾਸਣ ਉੱਤੇ ਬੈਠਾ ਸੀ ਅਤੇ ਸਾਰੇ ਨਬੀ ਉਹਨਾਂ ਦੇ ਅੱਗੇ ਭਵਿੱਖਬਾਣੀ ਕਰ ਰਹੇ ਸਨ।

10ਹੁਣ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਲੋਹੇ ਦੇ ਸਿੰਗ ਬਣਾਏ ਸਨ ਅਤੇ ਉਸ ਨੇ ਐਲਾਨ ਕੀਤਾ, “ਯਾਹਵੇਹ ਇਹ ਆਖਦਾ ਹੈ, ‘ਇਨ੍ਹਾਂ ਨਾਲ ਤੁਸੀਂ ਅਰਾਮੀਆਂ ਨੂੰ ਉਦੋਂ ਤੱਕ ਮਾਰੋਗੇ ਜਦੋਂ ਤੱਕ ਉਹ ਨਾਸ਼ ਨਾ ਹੋ ਜਾਣ।’ ”

11ਬਾਕੀ ਸਾਰੇ ਨਬੀ ਵੀ ਇਸੇ ਗੱਲ ਦੀ ਭਵਿੱਖਬਾਣੀ ਕਰ ਰਹੇ ਸਨ। “ਰਾਮੋਥ ਗਿਲਆਦ ਉੱਤੇ ਹਮਲਾ ਕਰੋ ਅਤੇ ਜਿੱਤ ਪ੍ਰਾਪਤ ਕਰੋ, ਕਿਉਂਕਿ ਯਾਹਵੇਹ ਇਸ ਨੂੰ ਰਾਜੇ ਦੇ ਹੱਥ ਵਿੱਚ ਦੇ ਦੇਵੇਗਾ।”

12ਜਿਹੜਾ ਸੰਦੇਸ਼ਵਾਹਕ ਮੀਕਾਯਾਹ ਨੂੰ ਬੁਲਾਉਣ ਗਿਆ ਸੀ, ਉਸਨੇ ਉਸ ਨੂੰ ਕਿਹਾ, “ਵੇਖੋ, ਕਿ ਨਬੀ ਇੱਕ ਮੂੰਹ ਹੋ ਕੇ ਪਾਤਸ਼ਾਹ ਲਈ ਭਲਿਆਈ ਦੀ ਗੱਲਾਂ ਦੱਸਦੇ ਹਨ। ਤੇਰੀ ਗੱਲ ਵੀ ਉਹਨਾਂ ਦੀਆਂ ਗੱਲਾਂ ਵਰਗੀ ਹੋਵੇ ਅਤੇ ਤੂੰ ਭਲਿਆਈ ਬੋਲੀ।”

13ਪਰ ਮੀਕਾਯਾਹ ਨੇ ਕਿਹਾ, “ਜਿਉਂਦੇ ਯਾਹਵੇਹ ਦੀ ਸਹੁੰ, ਮੈਂ ਉਸਨੂੰ ਸਿਰਫ ਉਹੀ ਦੱਸਾਂਗਾ ਜੋ ਮੇਰਾ ਪਰਮੇਸ਼ਵਰ ਆਖਦਾ ਹੈ।”

14ਜਦੋਂ ਉਹ ਪਹੁੰਚਿਆ, ਤਾਂ ਰਾਜੇ ਨੇ ਉਸ ਨੂੰ ਪੁੱਛਿਆ, “ਮੀਕਾਹ, ਕੀ ਅਸੀਂ ਰਾਮੋਥ ਗਿਲਆਦ ਦੇ ਵਿਰੁੱਧ ਲੜਨ ਲਈ ਜਾਈਏ ਜਾਂ ਨਹੀਂ?” ਉਸਨੇ ਉੱਤਰ ਦਿੱਤਾ, “ਜਾਓ ਹਮਲਾ ਕਰੋ ਅਤੇ ਜਿੱਤ ਪ੍ਰਾਪਤ ਕਰੋ, ਕਿਉਂਕਿ ਉਹ ਤੁਹਾਡੇ ਹੱਥ ਵਿੱਚ ਦਿੱਤੇ ਜਾਣਗੇ।”

15ਰਾਜੇ ਨੇ ਉਸ ਨੂੰ ਆਖਿਆ, “ਮੈਂ ਤੈਨੂੰ ਕਿੰਨੀ ਵਾਰ ਸਹੁੰ ਚੁਕਾਵਾਂ ਕਿ ਤੂੰ ਮੈਨੂੰ ਯਾਹਵੇਹ ਦੇ ਨਾਮ ਉੱਤੇ ਸਚਿਆਈ ਤੋਂ ਇਲਾਵਾ ਹੋਰ ਕੁਝ ਨਾ ਦੱਸ?”

16ਤਦ ਮੀਕਾਯਾਹ ਨੇ ਉੱਤਰ ਦਿੱਤਾ, “ਮੈਂ ਸਾਰੇ ਇਸਰਾਏਲ ਨੂੰ ਪਹਾੜਾਂ ਉੱਤੇ ਭੇਡਾਂ ਵਾਂਗੂੰ ਬਿਨਾਂ ਚਰਵਾਹੇ ਦੇ ਖਿੱਲਰੇ ਹੋਏ ਵੇਖਿਆ ਅਤੇ ਯਾਹਵੇਹ ਨੇ ਆਖਿਆ, ‘ਇਨ੍ਹਾਂ ਲੋਕਾਂ ਦਾ ਕੋਈ ਮਾਲਕ ਨਹੀਂ ਹੈ। ਹਰ ਇੱਕ ਨੂੰ ਸ਼ਾਂਤੀ ਨਾਲ ਆਪਣੇ ਘਰ ਜਾਣ ਦਿਓ।’ ”

17ਇਸਰਾਏਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਕੀ ਮੈਂ ਤੈਨੂੰ ਨਹੀਂ ਦੱਸਿਆ ਸੀ ਕਿ ਉਹ ਮੇਰੇ ਬਾਰੇ ਕਦੇ ਵੀ ਭਲੇ ਦੀ ਭਵਿੱਖਬਾਣੀ ਨਹੀਂ ਕਰਦਾ, ਪਰ ਸਿਰਫ ਬੁਰਿਆਈ ਹੀ ਕਰਦਾ ਹੈ?”

18ਮੀਕਾਯਾਹ ਨੇ ਅੱਗੇ ਕਿਹਾ, “ਇਸ ਲਈ ਯਾਹਵੇਹ ਦਾ ਬਚਨ ਸੁਣੋ! ਮੈਂ ਯਾਹਵੇਹ ਨੂੰ ਆਪਣੇ ਸਿੰਘਾਸਣ ਤੇ ਬੈਠਾ ਵੇਖਿਆ ਅਤੇ ਸਵਰਗ ਦੀ ਸਾਰੀ ਸੈਨਾਂ ਉਸ ਦੇ ਸੱਜੇ ਅਤੇ ਖੱਬੇ ਪਾਸੇ ਖੜ੍ਹੀ ਸੀ।

19ਅਤੇ ਯਾਹਵੇਹ ਨੇ ਕਿਹਾ, ‘ਕੌਣ ਇਸਰਾਏਲ ਦੇ ਰਾਜੇ ਅਹਾਬ ਨੂੰ ਰਾਮੋਥ ਗਿਲਆਦ ਉੱਤੇ ਹਮਲਾ ਕਰਨ ਅਤੇ ਉੱਥੇ ਉਸਦੀ ਮੌਤ ਲਈ ਭਰਮਾਏਗਾ?’ “ਉੱਥੇ ਕਿਸੇ ਨੇ ਇੱਕ ਜਵਾਬ ਦਿੱਤਾ ਅਤੇ ਕਿਸੇ ਨੇ ਕੁਝ ਹੋਰ ਦਿੱਤਾ।

20ਅੰਤ ਵਿੱਚ, ਇੱਕ ਆਤਮਾ ਨਿੱਕਲ ਕੇ ਯਾਹਵੇਹ ਦੇ ਅੱਗੇ ਖੜ੍ਹਾ ਹੋਇਆ ਅਤੇ ਬੋਲਿਆ, ‘ਮੈਂ ਉਸ ਨੂੰ ਭਰਮਾਵਾਂਗਾ।’ “ਤਾਂ ਯਾਹਵੇਹ ਨੇ ਪੁੱਛਿਆ, ਕਿਸ ਤਰ੍ਹਾਂ।

21“ਉਸ ਨੇ ਕਿਹਾ, ‘ਮੈਂ ਜਾਵਾਂਗਾ ਅਤੇ ਉਸਦੇ ਸਾਰੇ ਨਬੀਆਂ ਦੇ ਮੂੰਹ ਵਿੱਚ ਇੱਕ ਝੂਠ ਬੋਲਣ ਵਾਲਾ ਆਤਮਾ ਪਾਵਾਂਗਾ।’ “ ‘ਯਾਹਵੇਹ ਨੇ ਆਖਿਆ, ਤੂੰ ਸਫ਼ਲ ਹੋਵੇਗਾ,’ ਅੱਗੇ ਜਾਓ ਅਤੇ ਇਹ ਕਰੋ।

22“ਇਸ ਲਈ ਹੁਣ ਯਾਹਵੇਹ ਨੇ ਤੁਹਾਡੇ ਇਨ੍ਹਾਂ ਨਬੀਆਂ ਦੇ ਮੂੰਹ ਵਿੱਚ ਇੱਕ ਝੂਠ ਬੋਲਣ ਵਾਲਾ ਆਤਮਾ ਪਾ ਦਿੱਤਾ ਹੈ। ਯਾਹਵੇਹ ਨੇ ਤੁਹਾਡੇ ਲਈ ਤਬਾਹੀ ਦਾ ਫੈਸਲਾ ਕੀਤਾ ਹੈ।”

23ਤਦ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਚੜ੍ਹ ਕੇ ਮੀਕਾਯਾਹ ਦੇ ਮੂੰਹ ਉੱਤੇ ਚਪੇੜ ਮਾਰੀ। ਉਸ ਨੇ ਪੁੱਛਿਆ, “ਯਾਹਵੇਹ ਦਾ ਆਤਮਾ ਕਿਸ ਪਾਸੇ ਗਿਆ ਜਦੋਂ ਉਹ ਤੁਹਾਡੇ ਨਾਲ ਗੱਲ ਕਰਨ ਲਈ ਮੇਰੇ ਕੋਲੋਂ ਗਿਆ ਸੀ?”

24ਮੀਕਾਯਾਹ ਨੇ ਜਵਾਬ ਦਿੱਤਾ, “ਜਿਸ ਦਿਨ ਤੂੰ ਅੰਦਰਲੇ ਕਮਰੇ ਵਿੱਚ ਛੁਪਣ ਲਈ ਜਾਵੇਗਾ ਤੈਨੂੰ ਪਤਾ ਲੱਗ ਜਾਵੇਗਾ।”

25ਇਸਰਾਏਲ ਦੇ ਰਾਜੇ ਨੇ ਹੁਕਮ ਦਿੱਤਾ, “ਮੀਕਾਯਾਹ ਨੂੰ ਲੈ ਕੇ ਸ਼ਹਿਰ ਦੇ ਹਾਕਮ ਆਮੋਨ ਕੋਲ ਅਤੇ ਰਾਜੇ ਦੇ ਪੁੱਤਰ ਯੋਆਸ਼ ਕੋਲ ਵਾਪਸ ਭੇਜੋ,

26ਅਤੇ ਆਖ, ‘ਰਾਜਾ ਇਹ ਆਖਦਾ ਹੈ: ਇਸ ਬੰਦੇ ਨੂੰ ਅੰਦਰ ਕੈਦ ਵਿੱਚ ਰੱਖੋ ਅਤੇ ਉਸਨੂੰ ਰੋਟੀ ਅਤੇ ਪਾਣੀ ਤੋਂ ਇਲਾਵਾ ਹੋਰ ਕੁਝ ਨਾ ਦਿਓ ਜਦੋਂ ਤੱਕ ਮੈਂ ਸਹੀ-ਸਲਾਮਤ ਵਾਪਸ ਨਾ ਆ ਜਾਵਾਂ।’ ”

27ਪਰ ਮੀਕਾਯਾਹ ਨੇ ਆਖਿਆ, “ਜੇਕਰ ਤੁਸੀਂ ਕਦੀ ਸੁੱਖ-ਸਾਂਦ ਨਾਲ ਮੁੜ ਆਓ ਤਾਂ ਯਾਹਵੇਹ ਮੇਰੇ ਰਾਹੀਂ ਨਹੀਂ ਬੋਲਿਆ।” ਨਾਲੇ ਉਸ ਨੇ ਆਖਿਆ, “ਹੇ ਲੋਕੋ, ਤੁਸੀਂ ਸਭ ਦੇ ਸਭ ਸੁਣ ਲਓ!”

28ਇਸ ਲਈ ਇਸਰਾਏਲ ਦਾ ਰਾਜਾ ਅਤੇ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਰਾਮੋਥ ਗਿਲਆਦ ਨੂੰ ਚੜ੍ਹ ਗਿਆ।

29ਇਸਰਾਏਲ ਦੇ ਰਾਜਾ ਨੇ ਯਹੋਸ਼ਾਫ਼ਾਟ ਨੂੰ ਆਖਿਆ, “ਮੈਂ ਆਪਣਾ ਭੇਸ ਬਦਲ ਕੇ ਲੜਾਈ ਵਿੱਚ ਜਾਵਾਂਗਾ ਪਰ ਤੂੰ ਆਪਣੇ ਸ਼ਾਹੀ ਬਸਤਰ ਪਹਿਨੀ ਰੱਖੀ।” ਇਸ ਲਈ ਇਸਰਾਏਲ ਦਾ ਰਾਜਾ ਭੇਸ ਧਾਰ ਕੇ ਲੜਾਈ ਵਿੱਚ ਗਿਆ।

30ਹੁਣ ਅਰਾਮ ਦੇ ਰਾਜੇ ਨੇ ਆਪਣੇ ਰੱਥਾਂ ਦੇ ਸਰਦਾਰਾਂ ਨੂੰ ਹੁਕਮ ਦਿੱਤਾ ਸੀ, “ਇਸਰਾਏਲ ਦੇ ਰਾਜੇ ਤੋਂ ਬਿਨਾਂ ਕਿਸੇ ਛੋਟੇ ਜਾਂ ਵੱਡੇ ਨਾਲ ਨਾ ਲੜੋ।”

31ਜਦੋਂ ਰੱਥਾਂ ਦੇ ਸਰਦਾਰਾਂ ਨੇ ਯਹੋਸ਼ਾਫ਼ਾਟ ਨੂੰ ਵੇਖਿਆ, ਤਾਂ ਉਹਨਾਂ ਨੇ ਸੋਚਿਆ, “ਇਹ ਇਸਰਾਏਲ ਦਾ ਰਾਜਾ ਹੈ।” ਇਸ ਲਈ ਉਹ ਉਸ ਉੱਤੇ ਹਮਲਾ ਕਰਨ ਲਈ ਮੁੜੇ, ਪਰ ਯਹੋਸ਼ਾਫ਼ਾਟ ਨੇ ਉੱਚੀ ਅਵਾਜ਼ ਨਾਲ ਪੁਕਾਰਿਆ ਅਤੇ ਯਾਹਵੇਹ ਨੇ ਉਸ ਦੀ ਮਦਦ ਕੀਤੀ। ਪਰਮੇਸ਼ਵਰ ਨੇ ਉਹਨਾਂ ਨੂੰ ਉਸ ਤੋਂ ਦੂਰ ਕਰ ਦਿੱਤਾ,

32ਕਿਉਂਕਿ ਜਦੋਂ ਰੱਥਾਂ ਦੇ ਸਰਦਾਰਾਂ ਨੇ ਵੇਖਿਆ ਕਿ ਉਹ ਇਸਰਾਏਲ ਦਾ ਰਾਜਾ ਨਹੀਂ ਹੈ ਤਾਂ ਉਹਨਾਂ ਨੇ ਉਸਦਾ ਪਿੱਛਾ ਕਰਨਾ ਛੱਡ ਦਿੱਤਾ।

33ਅਤੇ ਕਿਸੇ ਮਨੁੱਖ ਨੇ ਅਟਕਲ ਪੱਚੂ ਆਪਣਾ ਧਣੁੱਖ ਖਿੱਚ ਕੇ ਇਸਰਾਏਲ ਦੇ ਰਾਜਾ ਨੂੰ ਸੰਜੋ ਦੇ ਜੋੜ ਵਿੱਚ ਤੀਰ ਮਾਰਿਆ ਤਾਂ ਉਸ ਆਪਣੇ ਸਾਰਥੀ ਨੂੰ ਆਖਿਆ, “ਮੋੜ ਲੈ ਅਤੇ ਮੈਨੂੰ ਦਲ ਵਿੱਚੋਂ ਕੱਢ ਲੈ ਚੱਲ ਕਿਉਂ ਜੋ ਮੈਂ ਫੱਟੜ ਹੋ ਗਿਆ ਹਾਂ।”

34ਸਾਰਾ ਦਿਨ ਲੜਾਈ ਹੁੰਦੀ ਰਹੀ ਅਤੇ ਇਸਰਾਏਲ ਦਾ ਰਾਜਾ ਸ਼ਾਮ ਤੱਕ ਆਪਣੇ ਰੱਥ ਉੱਤੇ ਅਰਾਮੀਆਂ ਦੇ ਸਾਹਮਣੇ ਖੜ੍ਹਾ ਰਿਹਾ। ਫਿਰ ਸੂਰਜ ਡੁੱਬਣ ਵੇਲੇ ਉਸ ਦੀ ਮੌਤ ਹੋ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.