4ਪਰ ਯਹੋਸ਼ਾਫ਼ਾਟ ਨੇ ਇਸਰਾਏਲ ਦੇ ਰਾਜੇ ਨੂੰ ਇਹ ਵੀ ਕਿਹਾ, “ਪਹਿਲਾਂ ਯਾਹਵੇਹ ਦੀ ਸਲਾਹ ਲਓ।”
5ਇਸ ਲਈ ਇਸਰਾਏਲ ਦੇ ਰਾਜਾ ਨੇ ਨਬੀਆਂ ਨੂੰ ਜੋ ਚਾਰ ਸੌ ਮਨੁੱਖ ਸਨ ਇਕੱਠਾ ਕੀਤਾ, ਅਤੇ ਉਹਨਾਂ ਨੂੰ ਪੁੱਛਿਆ, “ਕੀ ਅਸੀਂ ਰਾਮੋਥ ਗਿਲਆਦ ਦੇ ਵਿਰੁੱਧ ਲੜਨ ਲਈ ਜਾਈਏ ਜਾਂ ਨਹੀਂ?” ਉਹਨਾਂ ਨੇ ਉੱਤਰ ਦਿੱਤਾ, “ਤੁਸੀਂ ਜਾਓ, ਕਿਉਂਕਿ ਪਰਮੇਸ਼ਵਰ ਉਸ ਨੂੰ ਰਾਜੇ ਦੇ ਹੱਥ ਵਿੱਚ ਦੇ ਦੇਵੇਗਾ।”
6ਪਰ ਯਹੋਸ਼ਾਫ਼ਾਟ ਨੇ ਪੁੱਛਿਆ, “ਕੀ ਹੁਣ ਇੱਥੇ ਯਾਹਵੇਹ ਦਾ ਕੋਈ ਨਬੀ ਨਹੀਂ ਹੈ ਜਿਸ ਤੋਂ ਅਸੀਂ ਪੁੱਛੀਏ?”
7ਇਸਰਾਏਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਉੱਤਰ ਦਿੱਤਾ, “ਅਜੇ ਵੀ ਇੱਕ ਨਬੀ ਹੈ ਜਿਸ ਦੇ ਰਾਹੀਂ ਅਸੀਂ ਯਾਹਵੇਹ ਤੋਂ ਪੁੱਛ ਸਕਦੇ ਹਾਂ, ਪਰ ਮੈਂ ਉਸ ਨੂੰ ਨਫ਼ਰਤ ਕਰਦਾ ਹਾਂ ਕਿਉਂਕਿ ਉਹ ਕਦੇ ਵੀ ਮੇਰੇ ਬਾਰੇ ਕੋਈ ਚੰਗੀ ਭਵਿੱਖਬਾਣੀ ਨਹੀਂ ਕਰਦਾ, ਸਗੋਂ ਹਮੇਸ਼ਾ ਬੁਰੀ ਕਰਦਾ ਹੈ। ਉਹ ਇਮਲਾਹ ਦਾ ਪੁੱਤਰ ਮੀਕਾਯਾਹ ਹੈ।” ਯਹੋਸ਼ਾਫ਼ਾਟ ਨੇ ਉੱਤਰ ਦਿੱਤਾ, “ਰਾਜੇ ਨੂੰ ਅਜਿਹੀ ਗੱਲ ਨਹੀਂ ਆਖਣੀ ਚਾਹੀਦੀ।”
8ਇਸ ਲਈ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ ਇੱਕ ਅਧਿਕਾਰੀ ਨੂੰ ਬੁਲਾ ਕੇ ਕਿਹਾ, “ਇਮਲਾਹ ਦੇ ਪੁੱਤਰ ਮੀਕਾਯਾਹ ਨੂੰ ਇੱਕ ਵਾਰ ਲੈ ਆਉ।”