1ਆਹਾਜ਼ ਵੀਹ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਸੋਲਾਂ ਸਾਲ ਰਾਜ ਕੀਤਾ। ਉਸ ਨੇ ਉਹ ਕੰਮ ਨਾ ਕੀਤੇ ਜੋ ਯਾਹਵੇਹ ਦੀ ਨਿਗਾਹ ਵਿੱਚ ਠੀਕ ਸਨ ਜਿਵੇਂ ਉਸ ਦੇ ਪਿਤਾ ਦਾਵੀਦ ਨੇ ਕੀਤੇ ਸਨ।
2ਉਹ ਇਸਰਾਏਲ ਦੇ ਰਾਜਿਆਂ ਦੇ ਰਾਹਾਂ ਉੱਤੇ ਚੱਲਿਆ ਅਤੇ ਬਆਲ ਦੇਵਤਿਆਂ ਦੀ ਪੂਜਾ ਕਰਨ ਲਈ ਮੂਰਤੀਆਂ ਵੀ ਬਣਾਈਆਂ।
3ਉਸ ਨੇ ਬੇਨ-ਹਿੰਨੋਮ ਦੀ ਵਾਦੀ ਵਿੱਚ ਬਲੀਆਂ ਚੜ੍ਹਾਈਆਂ ਅਤੇ ਆਪਣੇ ਬੱਚਿਆਂ ਨੂੰ ਅੱਗ ਵਿੱਚ ਬਲੀ ਚੜ੍ਹਾ ਦਿੱਤਾ ਅਤੇ ਉਹਨਾਂ ਕੌਮਾਂ ਦੇ ਘਿਣਾਉਣੇ ਕੰਮਾਂ ਵਿੱਚ ਸ਼ਾਮਲ ਹੋ ਗਿਆ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲੀਆਂ ਦੇ ਸਾਹਮਣੇ ਬਾਹਰ ਕੱਢ ਦਿੱਤਾ ਸੀ।
4ਉਹ ਉੱਚੀਆਂ ਥਾਵਾਂ ਉੱਤੇ ਅਤੇ ਪਹਾੜੀਆਂ ਦੀਆਂ ਚੋਟੀਆਂ ਉੱਤੇ ਅਤੇ ਹਰ ਫੈਲੇ ਹੋਏ ਰੁੱਖ ਦੇ ਹੇਠਾਂ ਬਲੀਆਂ ਚੜ੍ਹਾਈਆਂ ਅਤੇ ਧੂਪ ਧੁਖਾਉਂਦਾ ਹੁੰਦਾ ਸੀ।
5ਇਸ ਲਈ ਉਸ ਦੇ ਪਰਮੇਸ਼ਵਰ ਨੇ ਉਸ ਨੂੰ ਅਰਾਮ ਦੇ ਰਾਜੇ ਦੇ ਹੱਥਾਂ ਵਿੱਚ ਸੌਂਪ ਦਿੱਤਾ। ਅਰਾਮੀਆਂ ਨੇ ਉਸ ਨੂੰ ਹਰਾਇਆ ਅਤੇ ਉਸ ਦੇ ਬਹੁਤ ਸਾਰੇ ਲੋਕਾਂ ਨੂੰ ਕੈਦੀ ਬਣਾ ਲਿਆ ਅਤੇ ਦੰਮਿਸ਼ਕ ਵਿੱਚ ਲੈ ਆਏ। ਉਸ ਨੂੰ ਇਸਰਾਏਲ ਦੇ ਰਾਜੇ ਦੇ ਹੱਥਾਂ ਵਿੱਚ ਵੀ ਸੌਂਪ ਦਿੱਤਾ ਗਿਆ ਸੀ, ਜਿਸ ਨੇ ਉਸ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ।