1ਫਿਰ ਯਹੋਸ਼ਾਫ਼ਾਟ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਉਹਨਾਂ ਦੇ ਨਾਲ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਯਹੋਰਾਮ ਉਸਦੇ ਬਾਅਦ ਰਾਜਾ ਬਣਿਆ।
2ਯਹੋਰਾਮ ਦੇ ਭਰਾ, ਯਹੋਸ਼ਾਫ਼ਾਟ ਦੇ ਪੁੱਤਰ, ਅਜ਼ਰਯਾਹ, ਯਹੀਏਲ, ਜ਼ਕਰਯਾਹ, ਅਜ਼ਰਯਾਹੂ, ਮੀਕਾਏਲ ਅਤੇ ਸ਼ਫ਼ਾਟਯਾਹ ਸਨ। ਇਹ ਸਾਰੇ ਇਸਰਾਏਲ ਦੇ ਪਾਤਸ਼ਾਹ ਯਹੋਸ਼ਾਫ਼ਾਟ ਦੇ ਪੁੱਤਰ ਸਨ।
3ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਸੋਨਾ ਚਾਂਦੀ ਅਤੇ ਬਹੁਮੁੱਲੀਆਂ ਚੀਜ਼ਾਂ ਦੇ ਵੱਡੇ ਇਨਾਮ ਅਤੇ ਯਹੂਦਾਹ ਵਿੱਚ ਗੜ੍ਹਾਂ ਵਾਲੇ ਸ਼ਹਿਰ ਸਣੇ ਦਿੱਤੇ ਪਰ ਰਾਜ ਯਹੋਰਾਮ ਨੂੰ ਦਿੱਤਾ ਕਿਉਂ ਜੋ ਉਹ ਜੇਠਾ ਪੁੱਤਰ ਸੀ।
4ਜਦੋਂ ਯਹੋਰਾਮ ਨੇ ਆਪਣੇ ਪਿਤਾ ਦੇ ਰਾਜ ਉੱਤੇ ਆਪਣੇ ਆਪ ਨੂੰ ਪੱਕਾ ਕਰ ਲਿਆ, ਤਾਂ ਉਸ ਨੇ ਇਸਰਾਏਲ ਦੇ ਕੁਝ ਅਧਿਕਾਰੀਆਂ ਸਮੇਤ ਆਪਣੇ ਸਾਰੇ ਭਰਾਵਾਂ ਨੂੰ ਤਲਵਾਰ ਨਾਲ ਮਾਰ ਦਿੱਤਾ।