13ਸਗੋਂ ਇਸਰਾਏਲ ਦੇ ਪਾਤਸ਼ਾਹਾਂ ਦੇ ਰਾਹ ਉੱਤੇ ਤੁਰਿਆ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਵਾਸੀਆਂ ਨੂੰ ਵਿਭਚਾਰੀ ਬਣਾਇਆ ਜਿਵੇਂ ਅਹਾਬ ਦੇ ਘਰਾਣੇ ਨੇ ਕੀਤਾ ਸੀ ਅਤੇ ਆਪਣੇ ਪਿਤਾ ਦੀ ਅੰਸ ਵਿੱਚੋਂ ਆਪਣੇ ਭਰਾਵਾਂ ਨੂੰ ਜਿਹੜੇ ਤੇਰੇ ਨਾਲੋਂ ਚੰਗੇ ਸਨ ਕਤਲ ਵੀ ਕੀਤਾ।
14ਇਸ ਲਈ ਹੁਣ ਯਾਹਵੇਹ ਤੇਰੇ ਲੋਕਾਂ, ਤੇਰੇ ਪੁੱਤਰਾਂ, ਤੇਰੀਆਂ ਪਤਨੀਆਂ ਅਤੇ ਤੇਰੀ ਹਰ ਚੀਜ਼ ਨੂੰ ਇੱਕ ਵੱਡੀ ਬਵਾ ਨਾਲ ਮਾਰਨ ਵਾਲਾ ਹੈ।
15ਅਤੇ ਤੂੰ ਆਂਦਰਾਂ ਦੀ ਬੀਮਾਰੀ ਨਾਲ ਸਖ਼ਤ ਬਿਮਾਰ ਹੋ ਜਾਵੇਂਗਾ ਇੱਥੋਂ ਤੱਕ ਕਿ ਤੇਰੀਆਂ ਆਂਦਰਾਂ ਉਸ ਬੀਮਾਰੀ ਦੇ ਕਾਰਨ ਹਰ ਰੋਜ਼ ਬਾਹਰ ਆਉਣਗੀਆਂ।’ ”
16ਯਾਹਵੇਹ ਨੇ ਯਹੋਰਾਮ ਦੇ ਵਿਰੁੱਧ ਫ਼ਲਿਸਤੀਆਂ ਅਤੇ ਕੂਸ਼ੀਆਂ ਦੇ ਨੇੜੇ ਰਹਿੰਦੇ ਅਰਬਾਂ ਦੀ ਦੁਸ਼ਮਣੀ ਨੂੰ ਭੜਕਾਇਆ।
17ਉਹਨਾਂ ਨੇ ਯਹੂਦਾਹ ਉੱਤੇ ਹਮਲਾ ਕੀਤਾ, ਉਸ ਵਿੱਚ ਆ ਵੜੇ ਅਤੇ ਉਸ ਦੇ ਪੁੱਤਰਾਂ ਅਤੇ ਪਤਨੀਆਂ ਸਮੇਤ ਰਾਜੇ ਦੇ ਮਹਿਲ ਵਿੱਚ ਪਾਇਆ ਸਾਰਾ ਸਮਾਨ ਲੈ ਗਏ। ਸਭ ਤੋਂ ਛੋਟੇ ਯਹੋਆਹਾਜ਼ ਤੋਂ ਬਿਨਾਂ ਉਸ ਦੇ ਲਈ ਕੋਈ ਪੁੱਤਰ ਨਹੀਂ ਬਚਿਆ।