14ਜਦੋਂ ਅਮਾਜ਼ਯਾਹ ਅਦੋਮੀਆਂ ਨੂੰ ਮਾਰ ਕੇ ਵਾਪਸ ਆਇਆ, ਤਾਂ ਉਸਨੇ ਸੇਈਰ ਦੇ ਲੋਕਾਂ ਦੇ ਦੇਵਤਿਆਂ ਨੂੰ ਵਾਪਸ ਲਿਆਂਦਾ। ਉਸ ਨੇ ਉਹਨਾਂ ਨੂੰ ਆਪਣੇ ਦੇਵਤਿਆਂ ਵਜੋਂ ਸਥਾਪਿਤ ਕੀਤਾ, ਉਹਨਾਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਨੂੰ ਬਲੀਆਂ ਚੜ੍ਹਾਈਆਂ।
15ਇਸ ਲਈ ਯਾਹਵੇਹ ਦਾ ਕ੍ਰੋਧ ਅਮਾਜ਼ਯਾਹ ਤੇ ਭੜਕਿਆ ਅਤੇ ਉਸ ਨੇ ਇੱਕ ਨਬੀ ਨੂੰ ਉਸ ਦੇ ਕੋਲ ਭੇਜਿਆ, ਜਿਸ ਨੇ ਉਸ ਨੂੰ ਆਖਿਆ, “ਤੁਸੀਂ ਉਹਨਾਂ ਲੋਕਾਂ ਦੇ ਉਹਨਾਂ ਦੇਵਤਿਆਂ ਦੇ ਕੋਲੋਂ ਸਲਾਹ ਕਿਉਂ ਲੈਂਦੇ ਹੋ ਜਿਨ੍ਹਾਂ ਨੇ ਆਪਣੇ ਹੀ ਲੋਕਾਂ ਨੂੰ ਤੁਹਾਡੇ ਹੱਥੋਂ ਨਾ ਛੁਡਾਇਆ?”
16ਉਹ ਉਸ ਦੇ ਨਾਲ ਗੱਲਾਂ ਕਰਦਾ ਸੀ ਕਿ ਪਾਤਸ਼ਾਹ ਨੇ ਉਸ ਨੂੰ ਕਿਹਾ, “ਕੀ ਅਸੀਂ ਤੈਨੂੰ ਪਾਤਸ਼ਾਹ ਦਾ ਮੰਤਰੀ ਬਣਾਇਆ ਹੈ ਚੁੱਪ ਰਹਿ! ਤੂੰ ਆਪਣੀ ਮੌਤ ਨੂੰ ਕਿਉਂ ਸੱਦਾ ਦੇ ਰਹੇ ਹੋ?” ਤਦ ਉਹ ਨਬੀ ਇਹ ਆਖ ਕੇ ਚੁੱਪ ਹੋ ਗਿਆ, “ਕਿ ਮੈਂ ਜਾਣਦਾ ਹਾਂ ਕਿ ਪਰਮੇਸ਼ਵਰ ਨੇ ਤੁਹਾਨੂੰ ਨਾਸ ਕਰਨਾ ਠਾਣਿਆ ਹੈ ਇਸ ਲਈ ਕਿ ਤੁਸੀਂ ਮੇਰੀ ਸਲਾਹ ਨਹੀਂ ਮੰਨੀ ਅਤੇ ਤੁਸੀਂ ਇਹ ਸਭ ਕੀਤਾ ਹੈ।”
17ਯਹੂਦਾਹ ਦੇ ਰਾਜੇ ਅਮਾਜ਼ਯਾਹ ਨੇ ਆਪਣੇ ਸਲਾਹਕਾਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਉਸਨੇ ਇਸਰਾਏਲ ਦੇ ਰਾਜੇ ਯੇਹੂ ਦੇ ਪੁੱਤਰ ਯਹੋਆਹਾਜ਼ ਦੇ ਪੁੱਤਰ ਯੋਆਸ਼ ਨੂੰ ਇਹ ਲਲਕਾਰ ਘੱਲਿਆ: “ਆਓ, ਅਸੀਂ ਇੱਕ-ਦੂਜੇ ਨਾਲ ਲੜਾਈ ਕਰੀਏ।”
18ਪਰ ਇਸਰਾਏਲ ਦੇ ਰਾਜੇ ਯੋਆਸ਼ ਨੇ ਯਹੂਦਾਹ ਦੇ ਰਾਜੇ ਅਮਾਜ਼ਯਾਹ ਨੂੰ ਜਵਾਬ ਦਿੱਤਾ: “ਲਬਾਨੋਨ ਦੀ ਇੱਕ ਕੰਡਿਆਲੀ ਝਾੜੀ ਨੇ ਲਬਾਨੋਨ ਦੇ ਇੱਕ ਦਿਆਰ ਨੂੰ ਸੁਨੇਹਾ ਭੇਜਿਆ, ‘ਆਪਣੀ ਧੀ ਦਾ ਮੇਰੇ ਪੁੱਤਰ ਨਾਲ ਵਿਆਹ ਕਰ ਦੇ।’ ਤਦ ਲਬਾਨੋਨ ਵਿੱਚ ਇੱਕ ਜੰਗਲੀ ਜਾਨਵਰ ਲੰਗਿਆ ਅਤੇ ਉਸ ਨੇ ਉਸ ਕੰਡਿਆਲੇ ਨੂੰ ਪੈਰਾਂ ਹੇਠ ਮਿੱਧ ਦਿੱਤਾ।